ਯੂਕੇ ਵਿੱਚ ਫਿਲਮਾਈ ਗਈ ‘ਦਸਤਾਰ’ ਨੇ ਸਥਾਨਕ ਅਰਥਵਿਵਸਥਾ ਨੂੰ ਦਿੱਤਾ ਵੱਡਾ ਬੂਸਟ

ਯੂਕੇ ਵਿੱਚ ਫਿਲਮਾਈ ਗਈ ‘ਦਸਤਾਰ’ ਨੇ ਸਥਾਨਕ ਅਰਥਵਿਵਸਥਾ ਨੂੰ ਦਿੱਤਾ ਵੱਡਾ ਬੂਸਟ

ਲੰਡਨ- ਯੂਨਾਈਟਡ ਕਿੰਗਡਮ ਦੇ ਸ਼ਹਿਰ ਕਿੰਗਸਟਨ ਅਪਾਨ ਹੱਲ ਵਿੱਚ ਵੱਡੇ ਪੱਧਰ ’ਤੇ ਫਿਲਮਾਈ ਗਈ ਹਿੰਦੀ ਕਰਾਈਮ ਡਰਾਮਾ ਫਿਲਮ ਦਸਤਾਰ ਨੇ ਸਥਾਨਕ ਅਰਥਵਿਵਸਥਾ ਵਿੱਚ £1.2 ਮਿਲੀਅਨ ਤੋਂ ਵੱਧ ਦੀ ਰਕਮ ਜੋੜੀ ਹੈ। ਪ੍ਰੋਡਕਸ਼ਨ ਕੰਪਨੀ Northern Films ਨੇ ਇਹ ਜਾਣਕਾਰੀ ਦਿੱਤੀ ਹੈ।

ਇਹ ਫਿਲਮ 1980 ਦੇ ਦਹਾਕੇ ਦੇ ਬ੍ਰਿਟੇਨ ਵਿੱਚ ਸਿੱਖ ਪਰਵਾਸੀਆਂ ਦੇ ਤਜਰਬਿਆਂ ਤੋਂ ਪ੍ਰੇਰਿਤ ਕਹਾਣੀ ਦਿਖਾਉਂਦੀ ਹੈ, ਜਿੱਥੇ ਉਨ੍ਹਾਂ ਨੂੰ ਭੇਦਭਾਵ ਦਾ ਸਾਹਮਣਾ ਕਰਨਾ ਪਿਆ। ਫਿਲਮ ਵਿੱਚ ਮੁੱਖ ਭੂਮਿਕਾ ਵਿੱਚ ਤਰਸੇਮ ਸਿੰਘ ਜੱਸੜ ਹਨ ਅਤੇ ਇਸਦੀ ਰਿਲੀਜ਼ ਜੁਲਾਈ ਵਿੱਚ ਹੋਣ ਦੀ ਸੰਭਾਵਨਾ ਹੈ। ਹੱਲ ਵਿੱਚ ਖਾਸ ਸਕ੍ਰੀਨਿੰਗ ਕਰਵਾਉਣ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ।ਫਿਲਮ ਦੀ ਸ਼ੂਟਿੰਗ ਲਗਭਗ ਨੌ ਹਫ਼ਤੇ ਚੱਲੀ, ਜਿਸ ਦੌਰਾਨ ਭਾਰਤ ਤੋਂ ਆਏ ਕਰੀਬ 130 ਮੈਂਬਰਾਂ ਵਾਲੀ ਟੀਮ ਲਈ ਹੋਟਲ ਅਤੇ ਖਾਣ-ਪੀਣ ’ਤੇ ਵੱਡਾ ਖਰਚ ਕੀਤਾ ਗਿਆ। ਇਸ ਤੋਂ ਇਲਾਵਾ ਸਥਾਨਕ ਅਦਾਕਾਰਾਂ, ਸਾਜੋ-ਸਮਾਨ, ਪੁਰਾਣੀਆਂ ਕਾਰਾਂ ਅਤੇ ਵੱਖ-ਵੱਖ ਸਥਾਨਾਂ ਦੀ ਫੀਸ ’ਤੇ ਵੀ ਖਰਚ ਕੀਤਾ ਗਿਆ, ਜਿਸ ਵਿੱਚ ਕਾਰਲਟਨ ਟਾਵਰਜ਼ ਅਤੇ ਹੰਬਰ ਬ੍ਰਿਜ ਵੀ ਸ਼ਾਮਲ ਹਨ।

ਪ੍ਰੋਡਕਸ਼ਨ ਦੇ ਪ੍ਰਤੀਨਿਧੀ ਐਂਡਰੂ ਫੈਂਟਨ ਨੇ ਦੱਸਿਆ ਕਿ ਪਹਿਲਾਂ ਫਿਲਮ ਨੂੰ ਲੰਡਨ ਵਿੱਚ ਬਣਾਉਣ ਦੀ ਯੋਜਨਾ ਸੀ, ਪਰ ਆਖਿਰਕਾਰ ਕਰੀਬ 95 ਫੀਸਦੀ ਸ਼ੂਟਿੰਗ ਹੱਲ ਅਤੇ ਇਸਦੇ ਆਲੇ-ਦੁਆਲੇ ਇਲਾਕਿਆਂ ਵਿੱਚ ਕੀਤੀ ਗਈ।ਉਨ੍ਹਾਂ ਨੇ ਉਮੀਦ ਜਤਾਈ ਕਿ ਇਸ ਪ੍ਰੋਜੈਕਟ ਤੋਂ ਬਾਅਦ ਹੋਰ ਅੰਤਰਰਾਸ਼ਟਰੀ ਫਿਲਮ ਨਿਰਮਾਤਾ ਵੀ ਇਸ ਖੇਤਰ ਵੱਲ ਧਿਆਨ ਦੇਣਗੇ। ਹੱਲ, ਜਿਸ ਨੂੰ ਅਧਿਕਾਰਕ ਤੌਰ ’ਤੇ ਕਿੰਗਸਟਨ ਅਪਾਨ ਹੱਲ ਕਿਹਾ ਜਾਂਦਾ ਹੈ, ਪਹਿਲਾਂ ਵੀ ਕਈ ਪ੍ਰੋਡਕਸ਼ਨਾਂ ਲਈ ਵਰਤਿਆ ਜਾ ਚੁੱਕਾ ਹੈ।

ਫੈਂਟਨ ਨੇ ਕਿਹਾ ਕਿ ਲੰਬੇ ਸਮੇਂ ਲਈ ਉਦੇਸ਼ ਇਹ ਹੈ ਕਿ ਇਲਾਕੇ ਵਿੱਚ ਫਿਲਮ ਉਦਯੋਗ ਲਈ ਬੁਨਿਆਦੀ ਢਾਂਚਾ ਤਿਆਰ ਕੀਤਾ ਜਾਵੇ, ਖਾਸ ਕਰਕੇ ਸਾਊਂਡ ਸਟੇਜ ਦੀ ਸਥਾਪਨਾ, ਤਾਂ ਜੋ ਸਥਾਨਕ ਲੋਕਾਂ ਨੂੰ ਵੀ ਫਿਲਮ ਅਤੇ ਟੈਲੀਵਿਜ਼ਨ ਵਿੱਚ ਕਰੀਅਰ ਦੇ ਮੌਕੇ ਮਿਲ ਸਕਣ।ਇਹ ਪ੍ਰੋਜੈਕਟ ਹੱਲ ਦੇ ਫਿਲਮ ਉਦਯੋਗ ਲਈ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ, ਜਿਸ ਨਾਲ ਸਥਾਨਕ ਪੱਧਰ ’ਤੇ ਰੋਜ਼ਗਾਰ ਅਤੇ ਨਿਵੇਸ਼ ਦੋਵਾਂ ਨੂੰ ਵਾਧਾ ਮਿਲਿਆ ਹੈ।