ਅਲਬਰਟਾ ਨਿਊ ਡੈਮੋਕ੍ਰੇਟਸ ਦੀ ਐਮਰਜੈਂਸੀ ਸਿਹਤ ਬਹਿਸ ਦੀ ਮੰਗ, ਯੂਸੀਪੀ ਵੱਲੋਂ ਇਨਕਾਰ
ਅਲਬਰਟਾ-ਅਲਬਰਟਾ ਨਿਊ ਡੈਮੋਕ੍ਰੇਟਸ ਨੇ ਸੂਬੇ ਵਿੱਚ ਚੱਲ ਰਹੇ ਸਿਹਤ ਸੰਭਾਲ ਸੰਕਟ ਸਬੰਧੀ ਵਿਧਾਨ ਸਭਾ ਵਿੱਚ ਐਮਰਜੈਂਸੀ ਬਹਿਸ ਕਰਵਾਉਣ ਦੀ ਮੰਗ ਕੀਤੀ ਸੀ, ਪਰ ਯੂਸੀਪੀ ਸਰਕਾਰ ਨੇ ਇਸ ਮੰਗ ਨੂੰ ਰੱਦ ਕਰ ਦਿੱਤਾ ਹੈ।
ਸ਼ੈਡੋ ਮੰਤਰੀ ਸਾਰਾਹ ਹਾਫਮੈਨ, ਸ਼ਰੀਫ ਹਾਜੀ, ਲੋਰੀ ਸਿਗੁਰਡਸਨ ਅਤੇ ਡਾ. ਲੁਆਨ ਮੈਟਜ਼ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਬਹੁਤ ਨਿਰਾਸ਼ਾਜਨਕ ਹੈ। ਉਨ੍ਹਾਂ ਦੇ ਅਨੁਸਾਰ ਮੰਤਰੀ ਮੈਟ ਜੋਨਸ ਨੇ ਦਲੀਲ ਦਿੱਤੀ ਕਿ ਸਿਹਤ ਸੰਭਾਲ ਦੀ ਸਥਿਤੀ ਐਮਰਜੈਂਸੀ ਬਹਿਸ ਲਈ ਕਾਫ਼ੀ ਗੰਭੀਰ ਨਹੀਂ ਹੈ, ਹਾਲਾਂਕਿ ਉਸੇ ਦਿਨ ਸਦਨ ਨੂੰ ਜਲਦੀ ਮੁਲਤਵੀ ਕਰ ਦਿੱਤਾ ਗਿਆ।
ਉਨ੍ਹਾਂ ਨੇ ਆਰੋਪ ਲਗਾਇਆ ਕਿ ਡੈਨੀਅਲ ਸਮਿਥ ਦੀ ਅਗਵਾਈ ਵਾਲੀ ਸਰਕਾਰ ਸਿਹਤ ਸੰਭਾਲ ਸੰਕਟ ’ਤੇ ਖੁੱਲ੍ਹੀ ਚਰਚਾ ਕਰਨ ਦੀ ਬਜਾਏ ਇਸ ਮਸਲੇ ਤੋਂ ਕਤਰਾ ਰਹੀ ਹੈ।
ਬਿਆਨ ਵਿੱਚ ਕਿਹਾ ਗਿਆ ਕਿ ਇਹ ਰਵੱਈਆ ਅਸਵੀਕਾਰਯੋਗ ਹੈ ਅਤੇ ਸਰਕਾਰ ਦੀਆਂ ਤਰਜੀਹਾਂ ਅਲਬਰਟਾ ਵਾਸੀਆਂ ਦੀਆਂ ਲੋੜਾਂ ਨਾਲ ਮੇਲ ਨਹੀਂ ਖਾਂਦੀਆਂ। ਲੋਕਾਂ ਨੂੰ ਸੁਰੱਖਿਅਤ ਅਤੇ ਸਮੇਂ ਸਿਰ ਸਿਹਤ ਸੇਵਾਵਾਂ ਦੀ ਪਹੁੰਚ ਚਾਹੀਦੀ ਹੈ।
ਨਿਊ ਡੈਮੋਕ੍ਰੇਟਸ ਨੇ ਕਿਹਾ ਕਿ ਉਹ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਐਮਰਜੈਂਸੀ ਬਹਿਸ ਦੀ ਮੰਗ ਕਰ ਰਹੇ ਹਨ, ਤਾਂ ਜੋ ਲੋਕਾਂ ਨੂੰ ਯਕੀਨ ਹੋ ਸਕੇ ਕਿ ਉਨ੍ਹਾਂ ਦੇ ਚੁਣੇ ਨੁਮਾਇੰਦੇ ਇਸ ਸੰਕਟ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਅਲਬਰਟਾ ਵਾਸੀਆਂ ਦੀਆਂ ਅਸਲ ਜ਼ਰੂਰਤਾਂ ’ਤੇ ਕੇਂਦ੍ਰਿਤ ਰਹਿੰਦੇ ਹੋਏ ਮਜ਼ਬੂਤ ਅਤੇ ਭਰੋਸੇਯੋਗ ਸਿਹਤ ਪ੍ਰਣਾਲੀ ਲਈ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ।
















