ਅਲਬਰਟਾ ਵਿੱਚ ਸਰਜਰੀ ਸੇਵਾਵਾਂ ਹੋਣਗੀਆਂ ਹੋਰ ਮਜ਼ਬੂਤ, ਸਰਕਾਰ ਵੱਲੋਂ 809 ਮਿਲੀਅਨ ਡਾਲਰ ਦਾ ਵੱਡਾ ਨਿਵੇਸ਼

ਅਲਬਰਟਾ ਵਿੱਚ ਸਰਜਰੀ ਸੇਵਾਵਾਂ ਹੋਣਗੀਆਂ ਹੋਰ ਮਜ਼ਬੂਤ, ਸਰਕਾਰ ਵੱਲੋਂ 809 ਮਿਲੀਅਨ ਡਾਲਰ ਦਾ ਵੱਡਾ ਨਿਵੇਸ਼

ਐਡਮੰਟਨ-ਅਲਬਰਟਾ ਸਰਕਾਰ ਨੇ ਸੂਬੇ ਵਿੱਚ ਸਰਜਰੀ ਸੇਵਾਵਾਂ ਨੂੰ ਮਜ਼ਬੂਤ ਬਣਾਉਣ ਅਤੇ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਮੁਹੱਈਆ ਕਰਵਾਉਣ ਲਈ 809 ਮਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਇਸ ਤਹਿਤ ਓਪਰੇਟਿੰਗ ਰੂਮਾਂ ਦੀ ਸਮਰੱਥਾ ਵਧਾਈ ਜਾਵੇਗੀ, ਚਾਰਟਰਡ ਸਰਜੀਕਲ ਫੈਸਿਲਿਟੀਆਂ ਦੀ ਵਰਤੋਂ ਵਿੱਚ ਵਾਧਾ ਕੀਤਾ ਜਾਵੇਗਾ ਅਤੇ ਹਸਪਤਾਲਾਂ ਦੇ ਢਾਂਚੇ ਨੂੰ ਆਧੁਨਿਕ ਬਣਾਇਆ ਜਾਵੇਗਾ।ਸਰਕਾਰ ਵੱਲੋਂ “ਪੇਸ਼ੈਂਟ-ਫੋਕਸਡ ਫੰਡਿੰਗ” ਦੀ ਪਹਿਲੀ ਪੜਾਅਵਾਰ ਲਾਗੂਅਤ ਵੀ ਸ਼ੁਰੂ ਕੀਤੀ ਗਈ ਹੈ, ਜਿਸ ਦੇ ਤਹਿਤ ਹਸਪਤਾਲਾਂ ਨੂੰ ਫੰਡਿੰਗ ਮਰੀਜ਼ਾਂ ਦੀ ਗਿਣਤੀ ਅਤੇ ਇਲਾਜ ਦੀ ਜਟਿਲਤਾ ਦੇ ਆਧਾਰ ‘ਤੇ ਦਿੱਤੀ ਜਾਵੇਗੀ। ਇਸ ਨਾਲ ਸਰਜਰੀਆਂ ਲਈ ਉਡੀਕ ਸਮਾਂ ਘਟਣ ਅਤੇ ਮਰੀਜ਼ਾਂ ਨੂੰ ਵਧੀਆ ਸਿਹਤ ਸੇਵਾਵਾਂ ਮਿਲਣ ਦੀ ਉਮੀਦ ਹੈ।

ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਹਰ ਸਰਜਰੀ ਦੇ ਪਿੱਛੇ ਇੱਕ ਵਿਅਕਤੀ ਦੀ ਜ਼ਿੰਦਗੀ ਜੁੜੀ ਹੁੰਦੀ ਹੈ ਜੋ ਆਪਣੇ ਆਮ ਜੀਵਨ ਵੱਲ ਵਾਪਸ ਮੁੜਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਨਿਵੇਸ਼ ਸਿਹਤ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਏਗਾ।ਹਸਪਤਾਲ ਅਤੇ ਸਰਜੀਕਲ ਹੈਲਥ ਸਰਵਿਸਿਜ਼ ਮੰਤਰੀ ਐਡਰੀਆਨਾ ਲਾਗ੍ਰੇਂਜ ਨੇ ਦੱਸਿਆ ਕਿ ਇਹ ਮਾਡਲ ਯੂ.ਕੇ., ਜਰਮਨੀ, ਆਸਟ੍ਰੇਲੀਆ ਅਤੇ ਨਾਰਵੇ ਵਰਗੇ ਦੇਸ਼ਾਂ ਵਿੱਚ ਪਹਿਲਾਂ ਹੀ ਸਫਲਤਾਪੂਰਵਕ ਲਾਗੂ ਕੀਤਾ ਜਾ ਚੁੱਕਾ ਹੈ। ਅਲਬਰਟਾ ਵਿੱਚ ਇਸਨੂੰ ਪੜਾਅਵਾਰ ਤਰੀਕੇ ਨਾਲ ਲਾਗੂ ਕੀਤਾ ਜਾ ਰਿਹਾ ਹੈ ਤਾਂ ਜੋ ਪ੍ਰਣਾਲੀ ਸੁਚਾਰੂ ਢੰਗ ਨਾਲ ਅਨੁਕੂਲ ਹੋ ਸਕੇ।

ਇਸ ਸਮੇਂ ਸੂਬੇ ਦੇ 12 ਹਸਪਤਾਲਾਂ ਵਿੱਚ ਇਹ ਮਾਡਲ ਲਾਗੂ ਕੀਤਾ ਗਿਆ ਹੈ, ਜਿਸ ਵਿੱਚ ਹਿੱਪ ਅਤੇ ਗੁੱਟੇ ਦੀ ਬਦਲੀ, ਮੋਤੀਆਬਿੰਦ ਅਤੇ ਕੁਝ ਮੋਢੇ ਨਾਲ ਸੰਬੰਧਿਤ ਸਰਜਰੀਆਂ ਸ਼ਾਮਲ ਹਨ।ਬਜਟ 2026 ਤਹਿਤ ਅਲਬਰਟਾ ਸਰਕਾਰ ਵੱਲੋਂ ਤਿੰਨ ਸਾਲਾਂ ਵਿੱਚ 525 ਮਿਲੀਅਨ ਡਾਲਰ “ਐਕਿਊਟ ਕੇਅਰ ਐਕਸ਼ਨ ਪਲਾਨ” ਲਈ ਖਰਚੇ ਜਾਣਗੇ। ਇਸ ਨਾਲ ਕਰੀਬ 50 ਹਜ਼ਾਰ ਵਾਧੂ ਸਰਜਰੀਆਂ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਯੋਜਨਾ ਤਹਿਤ ਘੱਟ ਜਟਿਲ ਸਰਜਰੀਆਂ ਚਾਰਟਰਡ ਸਰਜੀਕਲ ਫੈਸਿਲਿਟੀਆਂ ਵਿੱਚ ਕਰਵਾਈਆਂ ਜਾਣਗੀਆਂ, ਜਿਸ ਨਾਲ ਹਸਪਤਾਲਾਂ ਵਿੱਚ ਗੰਭੀਰ ਮਰੀਜ਼ਾਂ ਲਈ ਵਧੇਰੇ ਸਮਰੱਥਾ ਉਪਲਬਧ ਹੋਵੇਗੀ।ਇਸ ਤੋਂ ਇਲਾਵਾ “ਅਲਬਰਟਾ ਸਰਜੀਕਲ ਇਨੀਸ਼ੀਏਟਿਵ ਕੈਪੀਟਲ ਪ੍ਰੋਗਰਾਮ” ਤਹਿਤ 284 ਮਿਲੀਅਨ ਡਾਲਰ ਓਪਰੇਟਿੰਗ ਰੂਮਾਂ ਦੀ ਮੁਰੰਮਤ, ਨਵਾਂ ਸਾਜ਼ੋ-ਸਾਮਾਨ ਖਰੀਦਣ ਅਤੇ ਸਰਜੀਕਲ ਢਾਂਚੇ ਨੂੰ ਅਪਗ੍ਰੇਡ ਕਰਨ ‘ਤੇ ਖਰਚੇ ਜਾਣਗੇ।ਅਕਿਊਟ ਕੇਅਰ ਅਲਬਰਟਾ ਦੇ ਅੰਤਰਿਮ ਮੁਖੀ ਡੇਵਿਡ ਡਾਇਮੰਡ ਨੇ ਕਿਹਾ ਕਿ ਇਹ ਨਿਵੇਸ਼ ਸੂਬੇ ਵਿੱਚ ਸਰਜਰੀ ਸੇਵਾਵਾਂ ਦੀ ਪਹੁੰਚ, ਪਾਰਦਰਸ਼ਤਾ ਅਤੇ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ।

ਸਰਕਾਰੀ ਅੰਕੜਿਆਂ ਅਨੁਸਾਰ 2025 ਦੌਰਾਨ ਅਲਬਰਟਾ ਵਿੱਚ ਕੁੱਲ 3,32,847 ਸਰਜਰੀਆਂ ਕੀਤੀਆਂ ਗਈਆਂ, ਜੋ ਪਿਛਲੇ ਸਾਲਾਂ ਨਾਲੋਂ ਸਭ ਤੋਂ ਵੱਧ ਹਨ। ਇਨ੍ਹਾਂ ਵਿੱਚੋਂ 79.6 ਫੀਸਦੀ ਸਰਜਰੀਆਂ ਸਰਕਾਰੀ ਐਕਿਊਟ ਕੇਅਰ ਹਸਪਤਾਲਾਂ ਵਿੱਚ ਜਦਕਿ 20.4 ਫੀਸਦੀ ਚਾਰਟਰਡ ਸਰਜੀਕਲ ਫੈਸਿਲਿਟੀਆਂ ਵਿੱਚ ਕੀਤੀਆਂ ਗਈਆਂ।