ਅਲਬਰਟਾ ਵਿੱਚ ਤੇਲ ਉਤਪਾਦਨ ਵਧਾਉਣ ਅਤੇ ਕਾਰਬਨ ਨਿਕਾਸ ਘਟਾਉਣ ਲਈ ਇਤਿਹਾਸਕ ਸਮਝੌਤਾ
ਐਡਮੰਟਨ-ਅਲਬਰਟਾ ਸਰਕਾਰ, ਕੈਨੇਡਾ ਸਰਕਾਰ ਅਤੇ ਕੈਨੇਡਾ ਦੀਆਂ ਪੰਜ ਸਭ ਤੋਂ ਵੱਡੀਆਂ ਆਇਲ ਸੈਂਡਸ ਕੰਪਨੀਆਂ (ਆਇਲ ਸੈਂਡਸ ਅਲਾਇੰਸ) ਨੇ ਇੱਕ ਮਹੱਤਵਪੂਰਨ ਸਮਝੌਤਾ ਯਾਦਦਾਸ਼ਤ (ਐਮਓਯੂ) 'ਤੇ ਦਸਤਖ਼ਤ ਕੀਤੇ ਹਨ। ਇਸ ਸਮਝੌਤੇ ਦਾ ਉਦੇਸ਼ ਅਲਬਰਟਾ ਵਿੱਚ ਤੇਲ ਉਤਪਾਦਨ ਵਿੱਚ ਵੱਡਾ ਵਾਧਾ ਕਰਨਾ, ਪ੍ਰਸਤਾਵਿਤ ਵੈਸਟ ਕੋਸਟ ਆਇਲ ਪਾਈਪਲਾਈਨ ਲਈ ਲੋੜੀਂਦੀ ਸਪਲਾਈ ਯਕੀਨੀ ਬਣਾਉਣਾ ਅਤੇ ਦੁਨੀਆ ਦੇ ਸਭ ਤੋਂ ਵੱਡੇ ਕਾਰਬਨ ਕੈਪਚਰ ਐਂਡ ਸਟੋਰੇਜ (ਸੀਸੀਐਸ) ਪ੍ਰੋਜੈਕਟ "ਪਾਥਵੇਜ਼" ਨੂੰ ਅੱਗੇ ਵਧਾਉਣਾ ਹੈ।
ਇਹ ਸਮਝੌਤਾ ਨਵੰਬਰ 2025 ਵਿੱਚ ਕੈਨੇਡਾ ਅਤੇ ਅਲਬਰਟਾ ਵਿਚਾਲੇ ਹੋਏ ਸਮਝੌਤੇ ਦਾ ਅਗਲਾ ਪੜਾਅ ਹੈ, ਜਿਸ ਤਹਿਤ ਊਰਜਾ ਖੇਤਰ ਵਿੱਚ ਨਿਵੇਸ਼ ਵਧਾਉਣ, ਨਵੀਆਂ ਪਾਈਪਲਾਈਨਾਂ ਦੇ ਵਿਕਾਸ ਅਤੇ ਦੇਸ਼ ਦੇ ਵੱਡੇ ਬੁਨਿਆਦੀ ਢਾਂਚਾਗਤ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ 'ਤੇ ਸਹਿਮਤੀ ਬਣੀ ਸੀ। ਅਲਬਰਟਾ ਸਰਕਾਰ ਨੇ ਵੱਡੇ ਪ੍ਰੋਜੈਕਟਾਂ ਦੀ ਮਨਜ਼ੂਰੀ ਲਈ 120 ਦਿਨਾਂ ਦੀ ਨਵੀਂ ਸਮਾਂ-ਸੀਮਾ ਵੀ ਤੈਅ ਕੀਤੀ ਹੈ ਤਾਂ ਜੋ ਨਿਵੇਸ਼ਕਾਂ ਨੂੰ ਘੱਟ ਸਮੇਂ ਵਿੱਚ ਮਨਜ਼ੂਰੀ ਮਿਲ ਸਕੇ ਅਤੇ ਉਦਯੋਗ ਤੇਜ਼ੀ ਨਾਲ ਉਤਪਾਦਨ ਵਧਾ ਸਕੇ।
ਸਮਝੌਤੇ ਤਹਿਤ ਪਾਥਵੇਜ਼ ਪ੍ਰੋਜੈਕਟ ਨੂੰ ਨੀਤੀਗਤ ਅਤੇ ਵਿੱਤੀ ਸਹਿਯੋਗ ਦਿੱਤਾ ਜਾਵੇਗਾ। ਇਸ ਪ੍ਰੋਜੈਕਟ ਰਾਹੀਂ ਆਇਲ ਸੈਂਡਸ ਇਕਾਈਆਂ ਤੋਂ ਹਰ ਸਾਲ ਕਰੀਬ 60 ਲੱਖ ਟਨ ਕਾਰਬਨ ਡਾਈਆਕਸਾਈਡ ਨੂੰ ਕੈਪਚਰ ਕਰਕੇ ਕੋਲਡ ਲੇਕ ਖੇਤਰ ਵਿੱਚ ਭੂਮੀ ਹੇਠ ਸਥਾਈ ਤੌਰ 'ਤੇ ਸਟੋਰ ਕੀਤਾ ਜਾਵੇਗਾ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਵਿੱਚ ਲਗਭਗ 16 ਮਿਲੀਅਨ ਟਨ ਦੀ ਕਮੀ ਲਿਆਉਣ ਵਿੱਚ ਮਦਦ ਮਿਲੇਗੀ।
ਅਲਬਰਟਾ ਦੀ ਮੁੱਖ ਮੰਤਰੀ ਡੈਨੀਅਲ ਸਮਿੱਥ ਨੇ ਕਿਹਾ ਕਿ ਕੈਨੇਡਾ ਦੇ ਸਭ ਤੋਂ ਵੱਡੇ ਰਾਸ਼ਟਰੀ ਪ੍ਰੋਜੈਕਟ ਹਮੇਸ਼ਾ ਸਰਕਾਰਾਂ ਅਤੇ ਉਦਯੋਗ ਦੇ ਸਾਂਝੇ ਸਹਿਯੋਗ ਨਾਲ ਸਫਲ ਹੋਏ ਹਨ। ਉਨ੍ਹਾਂ ਕਿਹਾ ਕਿ ਵੈਸਟ ਕੋਸਟ ਆਇਲ ਪਾਈਪਲਾਈਨ ਅਤੇ ਪਾਥਵੇਜ਼ ਪ੍ਰੋਜੈਕਟ ਕੈਨੇਡਾ ਨੂੰ ਊਰਜਾ ਖੇਤਰ ਵਿੱਚ ਹੋਰ ਮਜ਼ਬੂਤ ਬਣਾਉਣ ਦੇ ਨਾਲ ਅਲਬਰਟਾ ਨੂੰ ਨਿਵੇਸ਼ ਅਤੇ ਨਵੀਨਤਾ ਦਾ ਕੇਂਦਰ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਕੈਨੇਡਾ ਦੇ ਊਰਜਾ ਅਤੇ ਕੁਦਰਤੀ ਸਰੋਤ ਮੰਤਰੀ ਟਿਮ ਹਾਡਜਸਨ ਨੇ ਕਿਹਾ ਕਿ ਦੇਸ਼ ਕੋਲ ਭਰਪੂਰ ਕੁਦਰਤੀ ਸਰੋਤ, ਮਜ਼ਬੂਤ ਅੰਤਰਰਾਸ਼ਟਰੀ ਵਪਾਰਕ ਸਬੰਧ ਅਤੇ ਵਿਸ਼ਵ ਪੱਧਰੀ ਹੁਨਰਮੰਦ ਕਰਮਚਾਰੀ ਮੌਜੂਦ ਹਨ। ਉਨ੍ਹਾਂ ਕਿਹਾ ਕਿ ਪਾਥਵੇਜ਼ ਪ੍ਰੋਜੈਕਟ ਊਰਜਾ ਉਤਪਾਦਨ ਵਧਾਉਣ ਦੇ ਨਾਲ-ਨਾਲ ਨਿਕਾਸ ਘਟਾਉਣ, ਰੁਜ਼ਗਾਰ ਪੈਦਾ ਕਰਨ ਅਤੇ ਕੈਨੇਡਾ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਵਿੱਚ ਵੀ ਅਹਿਮ ਯੋਗਦਾਨ ਦੇਵੇਗਾ।
ਅਲਬਰਟਾ ਦੇ ਊਰਜਾ ਅਤੇ ਖਣਿਜ ਮੰਤਰੀ ਬਰਾਇਨ ਜੀਨ ਨੇ ਕਿਹਾ ਕਿ ਤੇਲ ਉਤਪਾਦਨ ਵਧਾਉਣਾ ਅਤੇ ਨਿਕਾਸ ਘਟਾਉਣਾ ਇਕੱਠੇ ਸੰਭਵ ਹੈ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਵੈਸਟ ਕੋਸਟ ਆਇਲ ਪਾਈਪਲਾਈਨ ਦੇ ਨਾਲ ਮਿਲ ਕੇ ਅਲਬਰਟਾ ਲਈ ਪਿਛਲੇ ਕਈ ਦਹਾਕਿਆਂ ਦਾ ਸਭ ਤੋਂ ਮਹੱਤਵਪੂਰਨ ਸਮਝੌਤਾ ਸਾਬਤ ਹੋ ਸਕਦਾ ਹੈ, ਜਿਸ ਨਾਲ ਵੱਡੇ ਪੱਧਰ 'ਤੇ ਨਿਵੇਸ਼ ਆਵੇਗਾ ਅਤੇ ਹਜ਼ਾਰਾਂ ਨੌਕਰੀਆਂ ਪੈਦਾ ਹੋਣਗੀਆਂ।
ਆਇਲ ਸੈਂਡਸ ਅਲਾਇੰਸ ਦੇ ਪ੍ਰਧਾਨ ਕੇਂਡਲ ਡਿਲਿੰਗ ਨੇ ਕਿਹਾ ਕਿ ਇਸ ਸਮਝੌਤੇ ਨਾਲ ਤੇਲ ਉਤਪਾਦਨ ਵਧਾਉਣ ਅਤੇ ਪਾਥਵੇਜ਼ ਪ੍ਰੋਜੈਕਟ ਨੂੰ ਅੱਗੇ ਲਿਜਾਣ ਲਈ ਇੱਕ ਮਜ਼ਬੂਤ ਢਾਂਚਾ ਤਿਆਰ ਹੋਇਆ ਹੈ। ਉਨ੍ਹਾਂ ਕਿਹਾ ਕਿ ਉਦਯੋਗ ਸੂਬਾਈ ਅਤੇ ਸੰਘੀ ਸਰਕਾਰਾਂ ਨਾਲ ਮਿਲ ਕੇ ਕੈਨੇਡਾ ਨੂੰ ਊਰਜਾ ਨਿਵੇਸ਼ ਲਈ ਹੋਰ ਮੁਕਾਬਲੇਯੋਗ ਬਣਾਉਣ ਲਈ ਕੰਮ ਕਰੇਗਾ।
ਅਲਬਰਟਾ ਸਰਕਾਰ ਦਾ ਟੀਚਾ ਅਗਲੇ 10 ਤੋਂ 15 ਸਾਲਾਂ ਵਿੱਚ ਸੂਬੇ ਦਾ ਤੇਲ ਉਤਪਾਦਨ ਵਧਾ ਕੇ 80 ਲੱਖ ਬੈਰਲ ਪ੍ਰਤੀ ਦਿਨ ਤੱਕ ਪਹੁੰਚਾਉਣਾ ਹੈ। ਪ੍ਰਸਤਾਵਿਤ ਵੈਸਟ ਕੋਸਟ ਆਇਲ ਪਾਈਪਲਾਈਨ ਰੋਜ਼ਾਨਾ 10 ਲੱਖ ਤੋਂ ਵੱਧ ਬੈਰਲ ਤੇਲ ਦੀ ਢੋਆਈ ਕਰਨ ਦੇ ਯੋਗ ਹੋਵੇਗੀ। ਦਸੰਬਰ 2025 ਵਿੱਚ ਅਲਬਰਟਾ ਦਾ ਕੱਚੇ ਤੇਲ ਦਾ ਉਤਪਾਦਨ ਰਿਕਾਰਡ 48 ਲੱਖ ਬੈਰਲ ਪ੍ਰਤੀ ਦਿਨ ਤੱਕ ਪਹੁੰਚ ਗਿਆ ਸੀ। ਸਰਕਾਰ ਮੁਤਾਬਕ ਪਾਥਵੇਜ਼ ਪ੍ਰੋਜੈਕਟ ਨਾਲ ਦੇਸ਼ ਭਰ ਵਿੱਚ 40 ਹਜ਼ਾਰ ਤੱਕ ਨੌਕਰੀਆਂ ਪੈਦਾ ਹੋਣ ਦੀ ਸੰਭਾਵਨਾ ਹੈ, ਜਦਕਿ ਅਲਬਰਟਾ ਸਰਕਾਰ ਹੁਣ ਤੱਕ ਕਾਰਬਨ ਕੈਪਚਰ ਅਤੇ ਸਟੋਰੇਜ ਨਾਲ ਜੁੜੇ ਪ੍ਰੋਜੈਕਟਾਂ ਲਈ ਕਰੀਬ 2 ਅਰਬ ਡਾਲਰ ਦਾ ਨਿਵੇਸ਼ ਕਰ ਚੁੱਕੀ ਹੈ।
















