ਲੀਡਰਸ਼ਿਪ ਸਮੀਖਿਆ ਤੋਂ ਪਹਿਲਾਂ ਪਿਅਰੇ ਪੋਇਲੀਵਰ ਨੇ ਸਮਰਥਨ ਪੱਕਾ ਕਰਨ ਲਈ ਮੁਹਿੰਮ ਤੇਜ਼ ਕੀਤੀ
ਓਟਾਵਾ/ਕੈਲਗਰੀ-ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪਿਅਰੇ ਪੋਇਲੀਵਰ ਆਪਣੀ ਆਉਣ ਵਾਲੀ ਲੀਡਰਸ਼ਿਪ ਸਮੀਖਿਆ ਤੋਂ ਪਹਿਲਾਂ ਪਾਰਟੀ ਅੰਦਰ ਸਮਰਥਨ ਮਜ਼ਬੂਤ ਕਰਨ ਲਈ ਸਰਗਰਮ ਹੋ ਗਏ ਹਨ। 30 ਜਨਵਰੀ ਨੂੰ ਕੈਲਗਰੀ ਵਿੱਚ ਹੋਣ ਵਾਲੀ ਇਸ ਮਹੱਤਵਪੂਰਨ ਵੋਟ ਤੋਂ ਪਹਿਲਾਂ ਪੋਇਲੀਵਰ ਅਤੇ ਉਨ੍ਹਾਂ ਦੀ ਟੀਮ ਦੇਸ਼ ਭਰ ਦੇ ਪਾਰਟੀ ਡੈਲੀਗੇਟਾਂ ਨਾਲ ਸੰਪਰਕ ਕਰ ਰਹੀ ਹੈ।
ਭਾਵੇਂ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਪੋਇਲੀਵਰ ਆਸਾਨੀ ਨਾਲ ਲੀਡਰਸ਼ਿਪ ਸਮੀਖਿਆ ਪਾਰ ਕਰ ਲੈਣਗੇ, ਪਰ ਉਹ ਨਤੀਜੇ ਨੂੰ ਕਿਸਮਤ ‘ਤੇ ਛੱਡਣ ਦੇ ਮੂਡ ਵਿੱਚ ਨਹੀਂ ਹਨ। ਇਸੇ ਤਹਿਤ ਉਹ ਨਿੱਜੀ ਮੁਲਾਕਾਤਾਂ, ਸਮਾਗਮਾਂ ਅਤੇ ਫ਼ੋਨ ਕਾਲਾਂ ਰਾਹੀਂ ਡੈਲੀਗੇਟਾਂ ਦੀਆਂ ਚਿੰਤਾਵਾਂ ਸੁਣ ਰਹੇ ਹਨ ਅਤੇ ਆਪਣੇ ਨੇਤ੍ਰਿਤਵ ਨੂੰ ਜਾਰੀ ਰੱਖਣ ਦੀ ਵਕਾਲਤ ਕਰ ਰਹੇ ਹਨ।
ਸ਼ਨੀਵਾਰ ਨੂੰ ਓਟਾਵਾ ਖੇਤਰ ਦੇ ਡੈਲੀਗੇਟਾਂ ਲਈ ਇੱਕ ਸਮਾਗਮ ਆਯੋਜਿਤ ਕੀਤਾ ਗਿਆ, ਜਿਸਨੂੰ “ਕੰਜ਼ਰਵੇਟਿਵ ਪ੍ਰਸ਼ੰਸਾ ਸਮਾਗਮ” ਵਜੋਂ ਪੇਸ਼ ਕੀਤਾ ਗਿਆ। ਸੱਦਾ ਪੱਤਰ ਮੁਤਾਬਕ, ਇਸ ਸਮਾਗਮ ਦਾ ਮਕਸਦ ਪਾਰਟੀ ਦੇ ਜ਼ਮੀਨੀ ਪੱਧਰ ਦੇ ਵਰਕਰਾਂ ਦੀ ਮਿਹਨਤ ਅਤੇ ਸਮਰਪਣ ਨੂੰ ਸਨਮਾਨ ਦੇਣਾ ਸੀ।
ਪਾਰਟੀ ਸੂਤਰਾਂ ਅਨੁਸਾਰ, ਪੋਇਲੀਵਰ ਦੇ ਅੰਦਰੂਨੀ ਸਰਕਲ ਦੇ ਮੈਂਬਰ ਵੀ ਇਸ ਮੁਹਿੰਮ ਵਿੱਚ ਸਰਗਰਮ ਹਨ ਅਤੇ ਡੈਲੀਗੇਟਾਂ ਨਾਲ ਲਗਾਤਾਰ ਸੰਪਰਕ ਵਿੱਚ ਹਨ। ਇਸ ਯਤਨ ਵਿੱਚ ਰਣਨੀਤੀਕਾਰ ਹਾਮਿਸ਼ ਮਾਰਸ਼ਲ ਅਤੇ ਸੰਸਦ ਮੈਂਬਰ ਅਰਪਨ ਖੰਨਾ ਸ਼ਾਮਲ ਹਨ, ਜੋ 2022 ਵਿੱਚ ਪੋਇਲੀਵਰ ਦੀ ਲੀਡਰਸ਼ਿਪ ਜਿੱਤ ਦੇ ਅਹੰਮ ਭੂਮਿਕਾਦਾਰ ਰਹੇ ਸਨ।
ਕੰਜ਼ਰਵੇਟਿਵ ਪਾਰਟੀ ਦੇ ਸੰਵਿਧਾਨ ਅਨੁਸਾਰ, ਜੇ ਕੋਈ ਨੇਤਾ ਚੋਣ ਹਾਰਦਾ ਹੈ ਤਾਂ ਉਸਦੀ ਲੀਡਰਸ਼ਿਪ ਸਮੀਖਿਆ ਲਾਜ਼ਮੀ ਹੁੰਦੀ ਹੈ। ਹਾਲਾਂਕਿ ਪਿਛਲੀ ਚੋਣ ਵਿੱਚ ਪੋਇਲੀਵਰ ਸਰਕਾਰ ਬਣਾਉਣ ‘ਚ ਅਸਫ਼ਲ ਰਹੇ, ਪਰ ਪਾਰਟੀ ਨੇ ਵਧੇਰੇ ਸੀਟਾਂ ਜਿੱਤੀਆਂ ਅਤੇ ਲੋਕਪ੍ਰਿਯ ਵੋਟ ਵਿੱਚ ਆਪਣਾ ਹਿੱਸਾ ਕਾਫ਼ੀ ਵਧਾਇਆ—ਇਹੀ ਗੱਲ ਉਨ੍ਹਾਂ ਦੀ ਟੀਮ ਪਾਰਟੀ ਮੈਂਬਰਾਂ ਅੱਗੇ ਰੱਖ ਰਹੀ ਹੈ।
ਪਾਰਟੀ ਸੰਵਿਧਾਨ ਮੁਤਾਬਕ, ਪੋਇਲੀਵਰ ਨੂੰ ਨੇਤਾ ਬਣੇ ਰਹਿਣ ਲਈ 50 ਫੀਸਦੀ ਤੋਂ ਵੱਧ ਸਮਰਥਨ ਦੀ ਲੋੜ ਹੋਵੇਗੀ। ਰਾਜਨੀਤਿਕ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਹਾਲਾਂਕਿ ਸਧਾਰਨ ਬਹੁਮਤ ਕਾਨੂੰਨੀ ਤੌਰ ‘ਤੇ ਕਾਫ਼ੀ ਹੈ, ਪਰ ਘੱਟ ਅੰਕੜਿਆਂ ਨਾਲ ਮਿਲਿਆ ਸਮਰਥਨ ਨੇਤ੍ਰਿਤਵ ਲਈ ਚੁਣੌਤੀ ਬਣ ਸਕਦਾ ਹੈ।
ਇਤਿਹਾਸਕ ਤੌਰ ‘ਤੇ, ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ 2005 ਦੀ ਲੀਡਰਸ਼ਿਪ ਸਮੀਖਿਆ ‘ਚ 84 ਫੀਸਦੀ ਸਮਰਥਨ ਹਾਸਲ ਕਰਕੇ ਪਾਰਟੀ ਅੰਦਰ ਮਜ਼ਬੂਤ ਸਥਿਤੀ ਬਣਾਈ ਸੀ। ਇਸਦੇ ਉਲਟ, ਕੁਝ ਮਾਮਲਿਆਂ ‘ਚ ਘੱਟ ਮਾਰਜਨ ਨਾਲ ਜਿੱਤ ਨੇ ਅਗਲੇ ਦਿਨਾਂ ‘ਚ ਅਸਤੀਫ਼ਿਆਂ ਦਾ ਰਾਹ ਵੀ ਖੋਲ੍ਹਿਆ ਹੈ।
ਕੈਲਗਰੀ ਵਿੱਚ ਹੋਣ ਵਾਲਾ ਇਹ ਸੰਮੇਲਨ ਕੰਜ਼ਰਵੇਟਿਵ ਪਾਰਟੀ ਲਈ ਅਹਿਮ ਮੰਨਿਆ ਜਾ ਰਿਹਾ ਹੈ, ਕਿਉਂਕਿ ਇਹ ਨਾ ਸਿਰਫ਼ ਪੋਇਲੀਵਰ ਦੇ ਭਵਿੱਖ ਦਾ ਫੈਸਲਾ ਕਰੇਗਾ, ਸਗੋਂ ਪਾਰਟੀ ਦੀ ਆਉਣ ਵਾਲੀ ਰਣਨੀਤੀ ਦੀ ਦਿਸ਼ਾ ਵੀ ਤੈਅ ਕਰੇਗਾ।
















