ਅਲਬਰਟਾ ਵਿੱਚ ਨਿਯਮਤ ਆਨਲਾਈਨ ਜੂਆ ਬਾਜ਼ਾਰ ਦੀ ਸ਼ੁਰੂਆਤ, 22 ਲਾਇਸੈਂਸਸ਼ੁਦਾ ਵੈੱਬਸਾਈਟਾਂ ਹੋਈਆਂ ਲਾਈਵ
ਐਡਮੰਟਨ-ਅਲਬਰਟਾ ਵਿੱਚ ਨਿਯਮਤ (ਰੈਗੂਲੇਟਡ) ਆਨਲਾਈਨ ਜੂਆ (ਆਈਗੇਮਿੰਗ) ਬਾਜ਼ਾਰ ਦੀ ਅਧਿਕਾਰਕ ਸ਼ੁਰੂਆਤ ਹੋ ਗਈ ਹੈ। ਇਸ ਦੇ ਨਾਲ ਹੀ ਸੂਬੇ ਵਿੱਚ 22 ਰਜਿਸਟਰਡ ਆਨਲਾਈਨ ਗੇਮਿੰਗ ਵੈੱਬਸਾਈਟਾਂ ਲਾਈਵ ਹੋ ਗਈਆਂ ਹਨ, ਜੋ ਲੋਕਾਂ ਨੂੰ ਗੈਰ-ਕਾਨੂੰਨੀ ਅਤੇ ਗੈਰ-ਨਿਯਮਤ ਪਲੇਟਫਾਰਮਾਂ ਦੀ ਥਾਂ ਸੁਰੱਖਿਅਤ ਅਤੇ ਕਾਨੂੰਨੀ ਵਿਕਲਪ ਮੁਹੱਈਆ ਕਰਵਾਉਣਗੀਆਂ।
ਅਲਬਰਟਾ ਸਰਕਾਰ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਸੂਬੇ ਵਿੱਚ ਹੋਣ ਵਾਲੇ ਕਰੀਬ 70 ਫੀਸਦੀ ਆਨਲਾਈਨ ਜੂਏ ਦੀਆਂ ਸਰਗਰਮੀਆਂ ਗੈਰ-ਨਿਯਮਤ ਆਪਰੇਟਰਾਂ ਰਾਹੀਂ ਚੱਲ ਰਹੀਆਂ ਸਨ, ਜਿੱਥੇ ਖਿਡਾਰੀਆਂ ਦੀ ਸੁਰੱਖਿਆ ਅਤੇ ਸਮਾਜਿਕ ਜ਼ਿੰਮੇਵਾਰੀ ਨਾਲ ਸਬੰਧਤ ਨਿਯਮ ਬਹੁਤ ਘੱਟ ਜਾਂ ਨਾ-ਮਾਤਰ ਸਨ।
ਸਰਵਿਸ ਅਲਬਰਟਾ ਅਤੇ ਰੈੱਡ ਟੇਪ ਰਿਡਕਸ਼ਨ ਮੰਤਰੀ ਡੇਲ ਨੈਲੀ ਨੇ ਕਿਹਾ ਕਿ ਨਿਯਮਤ ਆਈਗੇਮਿੰਗ ਬਾਜ਼ਾਰ ਦੀ ਸ਼ੁਰੂਆਤ ਨਾਲ ਸਰਕਾਰ ਦਾ ਮੁੱਖ ਉਦੇਸ਼ ਅਲਬਰਟਾ ਵਾਸੀਆਂ, ਖ਼ਾਸ ਕਰਕੇ ਨੌਜਵਾਨਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਅਤੇ ਆਨਲਾਈਨ ਗੇਮਿੰਗ ਕਰਨ ਵਾਲਿਆਂ ਲਈ ਜ਼ਿੰਮੇਵਾਰ ਅਤੇ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਹੈ।
ਨਵੇਂ ਨਿਯਮਾਂ ਤਹਿਤ ਸਾਰੇ ਲਾਇਸੈਂਸਸ਼ੁਦਾ ਆਪਰੇਟਰਾਂ ਲਈ ਖਿਡਾਰੀਆਂ ਦੀ ਸੁਰੱਖਿਆ ਅਤੇ ਜ਼ਿੰਮੇਵਾਰ ਗੇਮਿੰਗ ਨੂੰ ਪਹਿਲ ਦੇਣਾ ਲਾਜ਼ਮੀ ਹੋਵੇਗਾ। ਖਿਡਾਰੀਆਂ ਨੂੰ ਆਪਣੀ ਖਰਚ ਸੀਮਾ ਅਤੇ ਖੇਡਣ ਦੇ ਸਮੇਂ ਦੀ ਸੀਮਾ ਤੈਅ ਕਰਨ, ਗੇਮਿੰਗ ਗਤੀਵਿਧੀਆਂ ਦੀ ਜਾਣਕਾਰੀ ਪ੍ਰਾਪਤ ਕਰਨ ਅਤੇ ਸੂਬਾ ਪੱਧਰੀ ਸਵੈ-ਬਹਿਸਕਾਰ (ਸੈਲਫ਼-ਐਕਸਕਲੂਜ਼ਨ) ਪ੍ਰੋਗਰਾਮ ਦੀ ਸਹੂਲਤ ਮਿਲੇਗੀ, ਜੋ ਸਾਰੇ ਨਿਯਮਤ ਆਨਲਾਈਨ ਪਲੇਟਫਾਰਮਾਂ, ਕੈਸੀਨੋ ਅਤੇ ਰੇਸਿੰਗ ਮਨੋਰੰਜਨ ਕੇਂਦਰਾਂ 'ਤੇ ਲਾਗੂ ਹੋਵੇਗੀ।
ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਕਿਸੇ ਖਿਡਾਰੀ ਵਿੱਚ ਜੂਏ ਦੀ ਲਤ ਜਾਂ ਉੱਚ ਜੋਖਮ ਵਾਲੇ ਵਿਵਹਾਰ ਦੇ ਸੰਕੇਤ ਨਜ਼ਰ ਆਉਂਦੇ ਹਨ ਤਾਂ ਆਪਰੇਟਰਾਂ ਲਈ ਦਖ਼ਲ ਦੇਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਨਾਬਾਲਗਾਂ ਜਾਂ ਹੋਰ ਸੰਵੇਦਨਸ਼ੀਲ ਵਰਗਾਂ ਨੂੰ ਨਿਸ਼ਾਨਾ ਬਣਾ ਕੇ ਇਸ਼ਤਿਹਾਰਬਾਜ਼ੀ ਜਾਂ ਮਾਰਕੀਟਿੰਗ ਕਰਨ 'ਤੇ ਪਾਬੰਦੀ ਰਹੇਗੀ।
ਅਲਬਰਟਾ ਆਈਗੇਮਿੰਗ ਕਾਰਪੋਰੇਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਡੈਨ ਕੀਨ ਨੇ ਕਿਹਾ ਕਿ ਅਲਬਰਟਾ ਨੇ ਖਿਡਾਰੀਆਂ ਦੀ ਸੁਰੱਖਿਆ ਅਤੇ ਜ਼ਿੰਮੇਵਾਰ ਗੇਮਿੰਗ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਮਜ਼ਬੂਤ ਅਤੇ ਪਾਰਦਰਸ਼ੀ ਢਾਂਚਾ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਣਾਲੀ ਉਦਯੋਗ ਲਈ ਮੁਕਾਬਲੇ ਵਾਲਾ ਅਤੇ ਜ਼ਿੰਮੇਵਾਰ ਮਾਹੌਲ ਯਕੀਨੀ ਬਣਾਏਗੀ।
ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਜਿਹੜੇ ਆਪਰੇਟਰ ਖਿਡਾਰੀਆਂ ਦੀ ਸੁਰੱਖਿਆ ਅਤੇ ਸਮਾਜਿਕ ਜ਼ਿੰਮੇਵਾਰੀ ਨਾਲ ਜੁੜੇ ਨਿਯਮਾਂ ਦੀ ਉਲੰਘਣਾ ਕਰਨਗੇ ਜਾਂ ਲੋਕਾਂ ਦਾ ਗਲਤ ਫਾਇਦਾ ਚੁੱਕਣਗੇ, ਉਨ੍ਹਾਂ ਦਾ ਲਾਇਸੈਂਸ ਰੱਦ ਕੀਤਾ ਜਾ ਸਕਦਾ ਹੈ।
13 ਜੁਲਾਈ ਤੋਂ ਰਜਿਸਟਰਡ ਆਪਰੇਟਰ ਅਲਬਰਟਾ ਵਿੱਚ ਆਪਣੇ ਕਾਨੂੰਨੀ ਆਨਲਾਈਨ ਗੇਮਿੰਗ ਪਲੇਟਫਾਰਮ ਚਲਾ ਸਕਣਗੇ। ਅਲਬਰਟਾ ਆਈਗੇਮਿੰਗ ਕਾਰਪੋਰੇਸ਼ਨ ਇਸ ਬਾਜ਼ਾਰ ਦਾ ਸੰਚਾਲਨ ਕਰੇਗੀ, ਜਦਕਿ ਅਲਬਰਟਾ ਗੇਮਿੰਗ, ਲਿਕਰ ਐਂਡ ਕੈਨਾਬਿਸ (AGLC) ਨਿਯਮਾਂ ਦੀ ਪਾਲਣਾ ਅਤੇ ਨਿਗਰਾਨੀ ਦੀ ਜ਼ਿੰਮੇਵਾਰੀ ਨਿਭਾਏਗੀ। ਸਰਕਾਰ ਨੇ ਇਹ ਵੀ ਐਲਾਨ ਕੀਤਾ ਹੈ ਕਿ ਕੁੱਲ ਗੇਮਿੰਗ ਆਮਦਨ ਦਾ ਦੋ ਫੀਸਦੀ ਹਿੱਸਾ ਫਸਟ ਨੇਸ਼ਨਜ਼ ਪਹਿਲਕਦਮੀਆਂ ਲਈ ਅਤੇ ਇੱਕ ਫੀਸਦੀ ਸਿੱਖਿਆ, ਖੋਜ ਅਤੇ ਇਲਾਜ ਵਰਗੇ ਸਮਾਜਿਕ ਜ਼ਿੰਮੇਵਾਰੀ ਪ੍ਰੋਗਰਾਮਾਂ ਲਈ ਰਾਖਵਾਂ ਰੱਖਿਆ ਜਾਵੇਗਾ।
















