ਅਲਬਰਟਾ ਦੇ ਆਇਲ ਸੈਂਡਸ ਤੋਂ ਪ੍ਰਤੀ ਬੈਰਲ ਕਾਰਬਨ ਨਿਕਾਸ ਵਿੱਚ 28 ਫੀਸਦੀ ਕਮੀ
ਐਡਮੰਟਨ-ਅਲਬਰਟਾ ਵਿੱਚ ਵਾਤਾਵਰਨ ਮੰਤਰੀਆਂ ਦੀ ਰਾਸ਼ਟਰੀ ਬੈਠਕ ਤੋਂ ਪਹਿਲਾਂ ਜਾਰੀ ਹੋਈ ਨਵੀਂ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸੂਬੇ ਦੇ ਆਇਲ ਸੈਂਡਸ ਤੋਂ ਪ੍ਰਤੀ ਬੈਰਲ ਤੇਲ ਉਤਪਾਦਨ ਦੌਰਾਨ ਹੋਣ ਵਾਲੇ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਵਿੱਚ ਲਗਭਗ 28 ਫੀਸਦੀ ਦੀ ਕਮੀ ਆਈ ਹੈ। ਇਸ ਦੇ ਨਾਲ ਹੀ ਤੇਲ ਉਤਪਾਦਨ ਵਿੱਚ ਵੀ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ।
ਆਇਲ ਸੈਂਡਸ ਗ੍ਰੀਨਹਾਊਸ ਗੈਸ ਐਮੀਸ਼ਨ ਇੰਟੈਂਸਿਟੀ ਰਿਪੋਰਟ ਅਨੁਸਾਰ 2024 ਦੇ ਅੰਕੜਿਆਂ ਮੁਤਾਬਕ ਅਲਬਰਟਾ ਦੇ ਆਇਲ ਸੈਂਡਸ ਤੋਂ ਰੋਜ਼ਾਨਾ 33 ਲੱਖ ਤੋਂ ਵੱਧ ਬੈਰਲ ਤੇਲ ਦਾ ਉਤਪਾਦਨ ਹੋ ਰਿਹਾ ਹੈ, ਜੋ 2012 ਦੇ ਮੁਕਾਬਲੇ ਹਰ ਰੋਜ਼ ਲਗਭਗ 17 ਲੱਖ ਬੈਰਲ ਵੱਧ ਹੈ।
ਅਲਬਰਟਾ ਦੇ ਵਾਤਾਵਰਨ ਅਤੇ ਸੁਰੱਖਿਅਤ ਖੇਤਰ ਮੰਤਰੀ ਗ੍ਰਾਂਟ ਹੰਟਰ 14 ਅਤੇ 15 ਜੁਲਾਈ ਨੂੰ ਕੈਲਗਰੀ ਵਿੱਚ ਹੋਣ ਵਾਲੀ ਕੈਨੇਡੀਅਨ ਕੌਂਸਲ ਆਫ਼ ਮਿਨਿਸਟਰਜ਼ ਆਫ਼ ਦ ਐਨਵਾਇਰਨਮੈਂਟ (CCME) ਦੀ ਬੈਠਕ ਦੌਰਾਨ ਇਹ ਰਿਪੋਰਟ ਪੇਸ਼ ਕਰਨਗੇ। ਸਰਕਾਰ ਦਾ ਕਹਿਣਾ ਹੈ ਕਿ ਇਹ ਅੰਕੜੇ ਦਰਸਾਉਂਦੇ ਹਨ ਕਿ ਅਲਬਰਟਾ ਇੱਕ ਪਾਸੇ ਕਾਰਬਨ ਨਿਕਾਸ ਘਟਾ ਰਿਹਾ ਹੈ ਅਤੇ ਦੂਜੇ ਪਾਸੇ ਵਿਸ਼ਵ ਲਈ ਭਰੋਸੇਯੋਗ ਊਰਜਾ ਸਪਲਾਇਰ ਵਜੋਂ ਆਪਣੀ ਸਥਿਤੀ ਮਜ਼ਬੂਤ ਕਰ ਰਿਹਾ ਹੈ।
ਗ੍ਰਾਂਟ ਹੰਟਰ ਨੇ ਕਿਹਾ ਕਿ ਮੁੱਖ ਮੰਤਰੀ ਡੈਨੀਅਲ ਸਮਿੱਥ ਦੀ ਅਗਵਾਈ ਹੇਠ ਅਲਬਰਟਾ ਵਿੱਚ ਤੇਲ ਉਤਪਾਦਨ ਲਗਾਤਾਰ ਵਧਿਆ ਹੈ, ਜਦਕਿ ਪ੍ਰਤੀ ਬੈਰਲ ਕਾਰਬਨ ਨਿਕਾਸ ਵਿੱਚ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਸੂਬਾ ਤੇਲ ਉਤਪਾਦਨ ਨੂੰ ਦੁੱਗਣਾ ਕਰਨ ਦੇ ਟੀਚੇ ਵੱਲ ਵਧ ਰਿਹਾ ਹੈ ਅਤੇ ਇਹ ਸਾਬਤ ਕਰ ਰਿਹਾ ਹੈ ਕਿ ਨਵੀਨਤਾ, ਨਿਵੇਸ਼ ਅਤੇ ਜ਼ਿੰਮੇਵਾਰ ਵਿਕਾਸ ਰਾਹੀਂ ਆਰਥਿਕ ਤਰੱਕੀ ਅਤੇ ਵਾਤਾਵਰਨ ਸੁਰੱਖਿਆ ਇਕੱਠੇ ਸੰਭਵ ਹਨ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਇਲ ਸੈਂਡਸ ਖੇਤਰ ਵਿੱਚ ਨਵੀਂ ਤਕਨਾਲੋਜੀ, ਬਿਹਤਰ ਸੰਚਾਲਨ ਅਤੇ ਲਗਾਤਾਰ ਨਿਵੇਸ਼ ਕਾਰਨ ਕਾਰਗੁਜ਼ਾਰੀ ਵਿੱਚ ਸੁਧਾਰ ਆਇਆ ਹੈ। ਇਸ ਨਾਲ ਵੱਧ ਤੇਲ ਉਤਪਾਦਨ ਦੇ ਬਾਵਜੂਦ ਪ੍ਰਤੀ ਬੈਰਲ ਕਾਰਬਨ ਨਿਕਾਸ ਘਟਾਉਣ ਵਿੱਚ ਸਫ਼ਲਤਾ ਮਿਲੀ ਹੈ।
ਅਲਬਰਟਾ ਸਰਕਾਰ ਦਾ ਕਹਿਣਾ ਹੈ ਕਿ ਇਸ ਸਾਲ CCME ਦੀ ਮੇਜ਼ਬਾਨੀ ਕਰਦੇ ਹੋਏ ਉਹ ਅਜਿਹੀਆਂ ਵਾਤਾਵਰਨ ਨੀਤੀਆਂ 'ਤੇ ਜ਼ੋਰ ਦੇਵੇਗੀ ਜੋ ਨਿਵੇਸ਼, ਰੁਜ਼ਗਾਰ ਅਤੇ ਵੱਡੇ ਬੁਨਿਆਦੀ ਢਾਂਚਾਗਤ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਵਿੱਚ ਮਦਦਗਾਰ ਹੋਣ।
ਰਿਪੋਰਟ ਅਨੁਸਾਰ 2012 ਤੋਂ ਲੈ ਕੇ ਹੁਣ ਤੱਕ ਆਇਲ ਸੈਂਡਸ ਦਾ ਸਾਲਾਨਾ ਉਤਪਾਦਨ ਲਗਭਗ 60 ਕਰੋੜ ਬੈਰਲ ਤੋਂ ਵੱਧ ਕੇ 1.2 ਅਰਬ ਬੈਰਲ ਤੋਂ ਉੱਪਰ ਪਹੁੰਚ ਗਿਆ ਹੈ, ਜਦਕਿ ਇਸੇ ਸਮੇਂ ਦੌਰਾਨ ਪ੍ਰਤੀ ਬੈਰਲ ਕਾਰਬਨ ਨਿਕਾਸ ਵਿੱਚ 28 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਇਹ ਪਿਛਲੀ ਰਿਪੋਰਟ ਦੇ ਮੁਕਾਬਲੇ ਦੋ ਫੀਸਦੀ ਦਾ ਹੋਰ ਸੁਧਾਰ ਹੈ। ਇਹ ਰਿਪੋਰਟ 2024 ਦੇ ਪੂਰੇ ਸਾਲ ਦੇ ਅਧਿਕਾਰਕ ਅੰਕੜਿਆਂ 'ਤੇ ਆਧਾਰਿਤ ਹੈ।
















