ਮਾਂਟਰੀਅਲ ਹਵਾਈ ਅੱਡੇ ਤੇ ਹਸਪਤਾਲ ਵਿੱਚ ਖਸਰੇ ਦੇ ਮਰੀਜ਼ ਦੀ ਮੌਜੂਦਗੀ, ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ
Quebec health officials have reported a new measles case involving a child who visited Montréal–Trudeau International Airport on Friday and the emergency department at Sainte-Justine University Hospital on Saturday while potentially infectious.
ਮਾਂਟਰੀਅਲ-ਕੈਨੇਡਾ ਦੇ ਕਿਊਬੈਕ ਸੂਬੇ ਵਿੱਚ ਖਸਰੇ ਦਾ ਨਵਾਂ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਸਿਹਤ ਵਿਭਾਗ ਅਨੁਸਾਰ, ਖਸਰੇ ਤੋਂ ਪੀੜਤ ਇੱਕ ਬੱਚਾ ਸ਼ੁੱਕਰਵਾਰ ਨੂੰ ਮਾਂਟਰੀਅਲ ਦੇ ਟਰੂਡੋ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚਿਆ ਸੀ ਅਤੇ ਸ਼ਨਿੱਚਰਵਾਰ ਨੂੰ ਸਾਂਤੇ-ਜੁਸਤਿਨ ਯੂਨੀਵਰਸਿਟੀ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਗਿਆ ਸੀ। ਇਨ੍ਹਾਂ ਦੋਵਾਂ ਥਾਵਾਂ ’ਤੇ ਬੱਚਾ ਲਾਗ ਫੈਲਾਉਣ ਦੇ ਸਮਰੱਥ ਸੀ।
ਸਿਹਤ ਅਧਿਕਾਰੀਆਂ ਨੇ ਹਵਾਈ ਅੱਡੇ ਦੇ ਕੌਮਾਂਤਰੀ ਆਗਮਨ ਖੇਤਰ, ਕਸਟਮ ਵਿਭਾਗ ਅਤੇ ਸਮਾਨ ਪ੍ਰਾਪਤ ਕਰਨ ਵਾਲੇ ਸਥਾਨਾਂ ’ਤੇ ਮੌਜੂਦ ਰਹੇ ਲੋਕਾਂ ਨੂੰ ਆਪਣੇ ਖਸਰੇ ਦੇ ਟੀਕਾਕਰਨ ਦੀ ਸਥਿਤੀ ਦੀ ਜਾਂਚ ਕਰਨ ਲਈ ਕਿਹਾ ਹੈ। ਲੋਕਾਂ ਨੂੰ ਅਕਤੂਬਰ ਦੇ ਅੰਤ ਤੱਕ ਖਸਰੇ ਦੇ ਲੱਛਣਾਂ ’ਤੇ ਨਜ਼ਰ ਰੱਖਣ ਦੀ ਵੀ ਸਲਾਹ ਦਿੱਤੀ ਗਈ ਹੈ।
ਖਸਰੇ ਦੇ ਮੁੱਖ ਲੱਛਣਾਂ ਵਿੱਚ ਬੁਖ਼ਾਰ, ਖੰਘ, ਨੱਕ ਵਗਣਾ ਅਤੇ ਅੱਖਾਂ ਦਾ ਲਾਲ ਹੋਣਾ ਸ਼ਾਮਲ ਹਨ। ਵਾਇਰਸ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਲੱਛਣ ਸਾਹਮਣੇ ਆਉਣ ਵਿੱਚ 5 ਤੋਂ 21 ਦਿਨ ਲੱਗ ਸਕਦੇ ਹਨ।
ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਵਿੱਚ ਖਸਰੇ ਦੇ ਲੱਛਣ ਦਿਖਾਈ ਦੇਣ ਤਾਂ ਹਸਪਤਾਲ ਜਾਣ ਤੋਂ ਪਹਿਲਾਂ ਸਿਹਤ ਸੇਵਾ ਨੰਬਰ 811 ’ਤੇ ਸੰਪਰਕ ਕਰਨ, ਤਾਂ ਜੋ ਦੂਜੇ ਲੋਕਾਂ ਤੱਕ ਲਾਗ ਫੈਲਣ ਦੇ ਖ਼ਤਰੇ ਨੂੰ ਘਟਾਇਆ ਜਾ ਸਕੇ।
















