ਡਾਕਟਰਾਂ ਅਤੇ ਨਰਸਾਂ ਦੀ ਘਾਟ ਦੂਰ ਕਰਨ ਲਈ ਤੁਰੰਤ ਕਦਮ ਚੁੱਕਣ ਦੀ ਮੰਗ
ਐਡਮੰਟਨ-ਅਲਬਰਟਾ ਦੀ ਨਵੀਂ ਲੋਕਤਾਂਤ੍ਰਿਕ ਪਾਰਟੀ ਦੀ ਸਿਹਤ ਸਹੂਲਤਾਂ ਸੰਬੰਧੀ ਪਰਛਾਂਵੀ ਮੰਤਰੀ ਸਾਰਾ ਹੋਫਮੈਨ ਨੇ ਯੂਨਾਈਟਡ ਕਨਜ਼ਰਵੇਟਿਵ ਪਾਰਟੀ ਸਰਕਾਰ ਨੂੰ ਵਿਧਾਨ ਸਭਾ ਵਿੱਚ ਪੇਸ਼ ਹੋਣ ਵਾਲੇ ਪ੍ਰਸਤਾਵ ੫੦੬ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ।
ਇਹ ਪ੍ਰਸਤਾਵ ਸੋਮਵਾਰ, ੯ ਮਾਰਚ ਨੂੰ ਵਿਧਾਨ ਸਭਾ ਵਿੱਚ ਵੋਟਿੰਗ ਲਈ ਪੇਸ਼ ਕੀਤਾ ਜਾਣਾ ਹੈ। ਪ੍ਰਸਤਾਵ ਵਿੱਚ ਪ੍ਰਾਇਮਰੀ ਸਿਹਤ ਸੇਵਾਵਾਂ ਦੇ ਡਾਕਟਰਾਂ ਅਤੇ ਹੋਰ ਸਿਹਤ ਕਰਮਚਾਰੀਆਂ ਦੀ ਘਾਟ ਨੂੰ ਦੂਰ ਕਰਨ ਲਈ ਭਰਤੀ ਅਤੇ ਰੋਕਥਾਮ ਸੰਬੰਧੀ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ ਗਈ ਹੈ।
ਸਾਰਾ ਹੋਫਮੈਨ ਨੇ ਕਿਹਾ ਕਿ ਇਹ ਪ੍ਰਸਤਾਵ ਦਸੰਬਰ ੨੦੨੫ ਵਿੱਚ ਹੀ ਚਰਚਾ ਅਤੇ ਵੋਟਿੰਗ ਲਈ ਤੈਅ ਸੀ, ਪਰ ਉਸ ਸਮੇਂ ਸਰਕਾਰ ਨੇ ਇਸ ‘ਤੇ ਵਿਚਾਰ ਕਰਨ ਦੀ ਬਜਾਏ ਵਿਧਾਨ ਸਭਾ ਦਾ ਸੈਸ਼ਨ ਹੀ ਖਤਮ ਕਰ ਦਿੱਤਾ ਸੀ।
ਉਨ੍ਹਾਂ ਕਿਹਾ, “ਇਸ ਮਹੱਤਵਪੂਰਨ ਮਸਲੇ ‘ਤੇ ਚਰਚਾ ਨੂੰ ਟਾਲਣ ਤੋਂ ਬਾਅਦ ਘੱਟੋ-ਘੱਟ ਹੁਣ ਤਾਂ ਸਰਕਾਰ ਨੂੰ ਪ੍ਰਸਤਾਵ ੫੦੬ ਦਾ ਸਮਰਥਨ ਕਰਨਾ ਚਾਹੀਦਾ ਹੈ ਅਤੇ ਉਹਨਾਂ ਅਲਬਰਟਾ ਵਾਸੀਆਂ ਲਈ ਕੋਈ ਢੰਗ ਦਾ ਹੱਲ ਪੇਸ਼ ਕਰਨਾ ਚਾਹੀਦਾ ਹੈ ਜਿਨ੍ਹਾਂ ਕੋਲ ਆਪਣਾ ਡਾਕਟਰ ਨਹੀਂ ਹੈ, ਜੋ ਟੈਸਟਾਂ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਹਨ ਅਤੇ ਜਿਨ੍ਹਾਂ ਨੂੰ ਐਮਰਜੈਂਸੀ ਵਿਭਾਗਾਂ ਵਿੱਚ ਵੱਧ ਰਹੇ ਦਬਾਅ ਦੀ ਚਿੰਤਾ ਹੈ।”
ਉਨ੍ਹਾਂ ਨੇ ਕਿਹਾ ਕਿ ਅਲਬਰਟਾ ਦੇ ਲੋਕ ਮਜ਼ਬੂਤ ਸਰਕਾਰੀ ਸਿਹਤ ਪ੍ਰਣਾਲੀ ਦੇ ਹੱਕਦਾਰ ਹਨ, ਪਰ ਮੌਜੂਦਾ ਪ੍ਰਬੰਧਨ ਕਾਰਨ ਸਿਹਤ ਪ੍ਰਣਾਲੀ ਸੰਕਟ ਵਿੱਚ ਹੈ।
ਹੋਫਮੈਨ ਨੇ ਕਿਹਾ ਕਿ ਲਗਭਗ ਦਸ ਲੱਖ ਅਲਬਰਟਾ ਵਾਸੀਆਂ ਕੋਲ ਪਰਿਵਾਰਕ ਡਾਕਟਰ ਨਹੀਂ ਹੈ ਅਤੇ ਇਸ ਘਾਟ ਕਾਰਨ ਸਿਹਤ ਪ੍ਰਣਾਲੀ ਦੇ ਹਰ ਹਿੱਸੇ ‘ਤੇ ਦਬਾਅ ਵੱਧ ਰਿਹਾ ਹੈ ਅਤੇ ਲੋਕਾਂ ਦੀ ਜ਼ਿੰਦਗੀ ਵੀ ਖਤਰੇ ਵਿੱਚ ਪੈ ਰਹੀ ਹੈ।
ਉਨ੍ਹਾਂ ਕਿਹਾ ਕਿ ਪ੍ਰਸਤਾਵ ੫੦੬ ਦਾ ਮਕਸਦ ਵੱਧ ਸਿਹਤ ਕਰਮਚਾਰੀਆਂ ਦੀ ਭਰਤੀ ਕਰਨਾ, ਉਨ੍ਹਾਂ ਨੂੰ ਅਲਬਰਟਾ ਵਿੱਚ ਹੀ ਕਾਇਮ ਰੱਖਣਾ ਅਤੇ ਸਿਹਤ ਖੇਤਰ ਦੇ ਕਰਮਚਾਰੀਆਂ ਲਈ ਆਦਰ ਅਤੇ ਸਹਿਯੋਗ ਵਾਲਾ ਮਾਹੌਲ ਤਿਆਰ ਕਰਨਾ ਹੈ।
















