CUSMA ਵਪਾਰ ਸਮਝੌਤੇ ਬਾਰੇ ਟਰੰਪ ਦੇ ਬਿਆਨ 'ਤੇ ਭੜਕੇ ਬੀ.ਸੀ. ਪ੍ਰੀਮੀਅਰ ਡੇਵਿਡ ਈਬੀ
ਵੈਨਕੂਵਰ-ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ-ਅਮਰੀਕਾ-ਮੈਕਸੀਕੋ ਵਪਾਰ ਸਮਝੌਤੇ (CUSMA) ਨੂੰ ਨਵਿਆਉਣ ਵਿੱਚ ਦਿਲਚਸਪੀ ਨਾ ਹੋਣ ਸਬੰਧੀ ਦਿੱਤੇ ਬਿਆਨ ਨੂੰ ਹੈਰਾਨੀਜਨਕ ਅਤੇ ਬੇਤੁਕਾ ਕਰਾਰ ਦਿੱਤਾ ਹੈ।ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਹੋਈ ਫ਼ਰਸਟ ਮਿਨਿਸਟਰਜ਼ ਦੀ ਵਰਚੁਅਲ ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਈਬੀ ਨੇ ਕਿਹਾ ਕਿ ਜਦੋਂ ਤਿੰਨੇ ਦੇਸ਼ ਇਸ ਸਮਝੌਤੇ ਦੇ ਭਵਿੱਖ ਬਾਰੇ ਵਿਚਾਰ-ਵਟਾਂਦਰਾ ਕਰ ਰਹੇ ਹਨ ਤਾਂ ਟਰੰਪ ਦਾ ਇਹ ਬਿਆਨ ਸਮਝ ਤੋਂ ਪਰੇ ਹੈ।
ਉਨ੍ਹਾਂ ਕਿਹਾ ਕਿ ਟਰੰਪ ਦਾ ਇਹ ਰਵੱਈਆ ਉਨ੍ਹਾਂ ਦੀ 1987 ਵਿੱਚ ਪ੍ਰਕਾਸ਼ਿਤ ਕਿਤਾਬ "ਦ ਆਰਟ ਆਫ਼ ਦ ਡੀਲ" ਦੇ ਇੱਕ ਕਮਜ਼ੋਰ ਅਤੇ ਫਿੱਕੇ ਸੀਕਵਲ ਵਰਗਾ ਲੱਗਦਾ ਹੈ।ਈਬੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਵੀ ਸਪੱਸ਼ਟ ਨਹੀਂ ਕਿ ਟਰੰਪ ਅਸਲ ਵਿੱਚ ਕੀ ਕਹਿਣਾ ਚਾਹੁੰਦੇ ਹਨ। ਉਨ੍ਹਾਂ ਦੇ ਅਨੁਸਾਰ ਜੇਕਰ ਸਮਝੌਤੇ ਨੂੰ ਨਵਿਆਇਆ ਨਾ ਵੀ ਗਿਆ ਤਾਂ ਇਹ ਤੁਰੰਤ ਖ਼ਤਮ ਨਹੀਂ ਹੋਵੇਗਾ, ਸਗੋਂ ਸਾਲ 2036 ਤੱਕ ਲਾਗੂ ਰਹੇਗਾ ਅਤੇ ਹਰ ਸਾਲ ਇਸ ਦੀ ਸਮੀਖਿਆ ਕੀਤੀ ਜਾਵੇਗੀ।ਬੁੱਧਵਾਰ ਨੂੰ ਟਰੰਪ ਨੇ ਕਿਹਾ ਸੀ ਕਿ ਅਮਰੀਕਾ ਨੂੰ ਕੈਨੇਡਾ ਜਾਂ ਮੈਕਸੀਕੋ ਤੋਂ ਕਿਸੇ ਵੀ ਚੀਜ਼ ਦੀ ਲੋੜ ਨਹੀਂ ਹੈ, ਜਦਕਿ ਦੋਵੇਂ ਦੇਸ਼ਾਂ ਨੂੰ ਅਮਰੀਕਾ ਦੀਆਂ ਵਸਤਾਂ ਅਤੇ ਸੇਵਾਵਾਂ ਦੀ ਲੋੜ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕੈਨੇਡਾ ਅਤੇ ਮੈਕਸੀਕੋ ਨੂੰ ਅਮਰੀਕਾ ਨਾਲ ਹੋਰ ਵਧੀਆ ਵਿਵਹਾਰ ਕਰਨਾ ਚਾਹੀਦਾ ਹੈ।ਪਿਛਲੇ ਹਫ਼ਤੇ ਕੈਨੇਡਾ ਦੇ ਵਪਾਰ ਮੰਤਰੀ ਡੋਮਿਨਿਕ ਲੇਬਲਾਂਕ ਅਤੇ ਮੈਕਸੀਕੋ ਦੇ ਆਰਥਿਕ ਮੰਤਰੀ ਮਾਰਸੇਲੋ ਏਬਰਾਰਡ ਨੇ ਵਾਸ਼ਿੰਗਟਨ ਨੂੰ ਪੱਤਰ ਭੇਜ ਕੇ CUSMA ਨੂੰ ਹੋਰ 16 ਸਾਲਾਂ ਲਈ ਵਧਾਉਣ ਦੀ ਮੰਗ ਕੀਤੀ ਸੀ। ਹਾਲਾਂਕਿ ਟਰੰਪ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਕੋਈ ਸਪੱਸ਼ਟ ਸੰਕੇਤ ਨਹੀਂ ਦਿੱਤਾ ਗਿਆ।
ਸਮਝੌਤੇ ਦੇ ਨਵੀਨੀਕਰਨ ਦੀ ਆਖ਼ਰੀ ਮਿਤੀ 1 ਜੁਲਾਈ ਹੈ। ਈਬੀ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਅਤੇ ਕੈਨੇਡਾ 16 ਸਾਲਾਂ ਦੇ ਵਾਧੇ ਨੂੰ ਤਰਜੀਹ ਦਿੰਦੇ ਹਨ, ਪਰ ਮੌਜੂਦਾ ਪ੍ਰਬੰਧ ਵੀ ਕਬੂਲਯੋਗ ਹੈ।ਉਨ੍ਹਾਂ ਕਿਹਾ ਕਿ ਦੋਵੇਂ ਪੱਖਾਂ ਨੂੰ ਸਮਝੌਤੇ ਦਾ ਸਤਿਕਾਰ ਕਰਦਿਆਂ ਕਾਰੋਬਾਰ ਨੂੰ ਆਮ ਤੌਰ 'ਤੇ ਚੱਲਣ ਦੇਣਾ ਚਾਹੀਦਾ ਹੈ। ਟਰੰਪ ਦੀ ਰਣਨੀਤੀ 'ਤੇ ਤਨਜ਼ ਕੱਸਦਿਆਂ ਈਬੀ ਨੇ ਕਿਹਾ ਕਿ "ਦ ਆਰਟ ਆਫ਼ ਦ ਡੀਲ" ਦਾ ਇਹ ਨਵਾਂ ਭਾਗ ਕਾਫ਼ੀ ਫਿੱਕਾ ਨਜ਼ਰ ਆ ਰਿਹਾ ਹੈ।
















