ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਵੱਖ ਹੋਣ ਬਾਰੇ ਮੁੜ ਰੈਫਰੈਂਡਮ ਨਾ ਕਰਵਾਉਣ ਦਾ ਕੀਤਾ ਐਲਾਨ

Alberta Premier Danielle Smith said Alberta will remain part of Canada and pledged not to hold another referendum on separation while she remains premier.

ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਵੱਖ ਹੋਣ ਬਾਰੇ ਮੁੜ ਰੈਫਰੈਂਡਮ ਨਾ ਕਰਵਾਉਣ ਦਾ ਕੀਤਾ ਐਲਾਨ

ਅਲਬਰਟਾ-ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ 19 ਅਕਤੂਬਰ ਨੂੰ ਹੋਏ ਰੈਫਰੈਂਡਮ ਦੇ ਨਤੀਜਿਆਂ ਤੋਂ ਬਾਅਦ ਐਲਾਨ ਕੀਤਾ ਹੈ ਕਿ ਅਲਬਰਟਾ ਕੈਨੇਡਾ ਦਾ ਹਿੱਸਾ ਬਣਿਆ ਰਹੇਗਾ ਅਤੇ ਜਦੋਂ ਤੱਕ ਉਹ ਪ੍ਰੀਮੀਅਰ ਹਨ, ਸੂਬੇ ਨੂੰ ਕੈਨੇਡਾ ਤੋਂ ਵੱਖ ਕਰਨ ਦੇ ਮੁੱਦੇ ’ਤੇ ਮੁੜ ਰੈਫਰੈਂਡਮ ਨਹੀਂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਇਕਜੁੱਟ ਕੈਨੇਡਾ ਦੇ ਅੰਦਰ ਰਹਿੰਦਿਆਂ ਅਲਬਰਟਾ ਨੂੰ ਮਜ਼ਬੂਤ ਅਤੇ ਖੁਸ਼ਹਾਲ ਬਣਾਉਣ ਵੱਲ ਅੱਗੇ ਵਧਣ ਦਾ ਸਮਾਂ ਹੈ।

20 ਅਕਤੂਬਰ ਨੂੰ ਸੂਬੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਮਿਥ ਨੇ ਕਿਹਾ ਕਿ ਰੈਫਰੈਂਡਮ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੀ ਸ਼ਮੂਲੀਅਤ ਲੋਕਤੰਤਰ ਪ੍ਰਤੀ ਉਨ੍ਹਾਂ ਦੇ ਉਤਸ਼ਾਹ ਨੂੰ ਦਰਸਾਉਂਦੀ ਹੈ। ਉਨ੍ਹਾਂ ਵੋਟ ਪਾਉਣ ਵਾਲੇ ਲੋਕਾਂ ਅਤੇ ਚੋਣ ਪ੍ਰਕਿਰਿਆ ਵਿੱਚ ਯੋਗਦਾਨ ਪਾਉਣ ਵਾਲੇ ਮੁਲਾਜ਼ਮਾਂ ਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ।

ਸਮਿਥ ਨੇ ਕਿਹਾ ਕਿ ਓਟਾਵਾ ਨਾਲ ਅਲਬਰਟਾ ਦੇ ਲੰਮੇ ਸਮੇਂ ਤੋਂ ਚੱਲ ਰਹੇ ਮਤਭੇਦਾਂ ਕਾਰਨ ਕੈਨੇਡਾ ਵਿੱਚ ਸੂਬੇ ਦੇ ਭਵਿੱਖ ਬਾਰੇ ਚਰਚਾ ਹੋਈ ਸੀ। ਹਾਲਾਂਕਿ, ਲੋਕਾਂ ਦੇ ਫ਼ੈਸਲੇ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਇਸ ਮੁੱਦੇ ’ਤੇ ਮੁੜ ਰੈਫਰੈਂਡਮ ਨਹੀਂ ਕਰਵਾਏਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਸੂਬੇ ਦੇ ਸੰਵਿਧਾਨਕ ਅਧਿਕਾਰਾਂ ਅਤੇ ਹਿੱਤਾਂ ਦੀ ਰਾਖੀ ਲਈ ਸਰਕਾਰ ਕਾਨੂੰਨੀ ਅਤੇ ਸਿਆਸੀ ਤਰੀਕਿਆਂ ਨਾਲ ਸੰਘੀ ਸਰਕਾਰ ਨਾਲ ਆਪਣੇ ਮਤਭੇਦ ਉਠਾਉਂਦੀ ਰਹੇਗੀ।

ਉਨ੍ਹਾਂ ਦੱਸਿਆ ਕਿ ਰੈਫਰੈਂਡਮ ਵਿੱਚ ਲੋਕਾਂ ਨੇ ਇਮੀਗ੍ਰੇਸ਼ਨ ’ਤੇ ਸੂਬੇ ਦਾ ਵਧੇਰੇ ਕੰਟਰੋਲ, ਅਸਥਾਈ ਵਸਨੀਕਾਂ ਵੱਲੋਂ ਜਨਤਕ ਸੇਵਾਵਾਂ ਦੇ ਖਰਚੇ ਵਿੱਚ ਯੋਗਦਾਨ ਅਤੇ ਵੋਟ ਪਾਉਣ ਲਈ ਕੈਨੇਡੀਅਨ ਨਾਗਰਿਕਤਾ ਦਾ ਸਬੂਤ ਲਾਜ਼ਮੀ ਕਰਨ ਵਰਗੇ ਮੁੱਦਿਆਂ ’ਤੇ ਆਪਣੀ ਰਾਏ ਦਿੱਤੀ ਹੈ। ਜੱਜਾਂ ਦੀ ਚੋਣ ਵਿੱਚ ਸੂਬੇ ਦੀ ਵਧੇਰੇ ਭੂਮਿਕਾ, ਫੈਡਰਲ ਸੈਨੇਟ ਨੂੰ ਖ਼ਤਮ ਕਰਨ ਅਤੇ ਸੂਬਾਈ ਅਧਿਕਾਰਾਂ ਦੀ ਰਾਖੀ ਸਬੰਧੀ ਕੁਝ ਹੋਰ ਪ੍ਰਸਤਾਵਾਂ ਦੇ ਨਤੀਜਿਆਂ ਦੀ ਪੁਸ਼ਟੀ ਹੋਣੀ ਬਾਕੀ ਸੀ। ਉਨ੍ਹਾਂ ਕਿਹਾ ਕਿ ਸਰਕਾਰ ਫੈਡਰਲ ਬਰਾਬਰੀ ਫੰਡ ਪ੍ਰਣਾਲੀ ਵਿੱਚ ਸੁਧਾਰ ਦੀ ਮੰਗ ਵੀ ਜਾਰੀ ਰੱਖੇਗੀ।

ਪ੍ਰੀਮੀਅਰ ਨੇ ਕਿਹਾ ਕਿ ਪਿਛਲੇ 18 ਮਹੀਨਿਆਂ ਦੌਰਾਨ ਕੈਨੇਡਾ ਵਿੱਚ ਅਲਬਰਟਾ ਦੇ ਊਰਜਾ, ਖੇਤੀਬਾੜੀ, ਤਕਨਾਲੋਜੀ ਅਤੇ ਕੁਦਰਤੀ ਸਰੋਤਾਂ ਦੀ ਮਹੱਤਤਾ ਨੂੰ ਲੈ ਕੇ ਸੋਚ ਵਿੱਚ ਤਬਦੀਲੀ ਆਈ ਹੈ। ਉਨ੍ਹਾਂ ਮੁਤਾਬਕ, ਅਲਬਰਟਾ ਅਤੇ ਓਟਾਵਾ ਵਿਚਾਲੇ ਹੋਏ ਨਵੇਂ ਊਰਜਾ ਸਮਝੌਤੇ ਨੇ ਪਾਈਪਲਾਈਨਾਂ, ਬਿਜਲੀ ਉਤਪਾਦਨ ਅਤੇ ਹੋਰ ਪ੍ਰਾਜੈਕਟਾਂ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਹੈ। ਉਨ੍ਹਾਂ ਪੈਸੇਫਿਕ ਲਿੰਕ ਤੇਲ ਪਾਈਪਲਾਈਨ ਪ੍ਰਾਜੈਕਟ ਦਾ ਵੀ ਜ਼ਿਕਰ ਕੀਤਾ, ਜਿਸ ਨੂੰ ਸੰਘੀ ਸਰਕਾਰ ਵੱਲੋਂ ਕੌਮੀ ਮਹੱਤਤਾ ਵਾਲੇ ਪ੍ਰਾਜੈਕਟ ਵਜੋਂ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ।

ਸਮਿਥ ਨੇ ਕੈਨੇਡਾ ਤੋਂ ਵੱਖ ਹੋਣ ਦੇ ਹੱਕ ਵਿੱਚ ਵੋਟ ਪਾਉਣ ਵਾਲੇ ਲੋਕਾਂ ਦੀਆਂ ਚਿੰਤਾਵਾਂ ਨੂੰ ਵੀ ਸਵੀਕਾਰ ਕੀਤਾ। ਉਨ੍ਹਾਂ ਕਿਹਾ ਕਿ ਓਟਾਵਾ ਦੀਆਂ ਨੀਤੀਆਂ ਕਾਰਨ ਕਈ ਲੋਕਾਂ ਨੂੰ ਰੁਜ਼ਗਾਰ, ਕਾਰੋਬਾਰ ਅਤੇ ਆਰਥਿਕ ਮੌਕਿਆਂ ਦੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਅਜਿਹੇ ਲੋਕਾਂ ਨੂੰ ਕੈਨੇਡਾ ਦੇ ਭਵਿੱਖ ਬਾਰੇ ਮੁੜ ਉਮੀਦ ਰੱਖਣ ਦਾ ਸੱਦਾ ਦਿੱਤਾ।

ਆਪਣੇ ਸੰਬੋਧਨ ਦੇ ਅੰਤ ਵਿੱਚ ਸਮਿਥ ਨੇ ਕਿਹਾ ਕਿ ਕੈਨੇਡਾ ਦੀ ਤਰੱਕੀ ਲਈ ਸੂਬਿਆਂ ਦਾ ਮਜ਼ਬੂਤ ਹੋਣਾ ਅਤੇ ਉਨ੍ਹਾਂ ਦੇ ਅਧਿਕਾਰਾਂ ਦਾ ਸਤਿਕਾਰ ਕਰਨਾ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਬੀਤੇ ਰੈਫਰੈਂਡਮ ਦੇ ਨਤੀਜਿਆਂ ਦੇ ਆਧਾਰ ’ਤੇ ਵੰਡੇ ਰਹਿਣ ਦੀ ਬਜਾਏ ਆਪਸੀ ਸਤਿਕਾਰ ਨਾਲ ਇਕੱਠੇ ਹੋ ਕੇ ਅਲਬਰਟਾ ਅਤੇ ਕੈਨੇਡਾ ਦੇ ਬਿਹਤਰ ਭਵਿੱਖ ਲਈ ਕੰਮ ਕਰਨ ਦੀ ਅਪੀਲ ਕੀਤੀ।