ਬਰਾਬਰੀ ਤੇ ਇਨਸਾਫ਼ ਲਈ ਬਲੈਕ ਕੈਨੇਡੀਅਨਜ਼ ਦਾ ਸਸ਼ਕਤੀਕਰਣ ਜ਼ਰੂਰੀ : ਪ੍ਰਧਾਨ ਮੰਤਰੀ ਕਾਰਨੀ

ਬਰਾਬਰੀ ਤੇ ਇਨਸਾਫ਼ ਲਈ ਬਲੈਕ ਕੈਨੇਡੀਅਨਜ਼ ਦਾ ਸਸ਼ਕਤੀਕਰਣ ਜ਼ਰੂਰੀ : ਪ੍ਰਧਾਨ ਮੰਤਰੀ  ਕਾਰਨੀ

ਓਟਵਾ-ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਕੇਂਦਰੀ ਸਰਕਾਰ ਬਲੈਕ ਕੈਨੇਡੀਅਨਜ਼ ਦੇ ਸਸ਼ਕਤੀਕਰਣ ਅਤੇ ਬਰਾਬਰੀ ਦੇ ਮੌਕੇ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਕੈਨੇਡਾ ਵਿੱਚ ਬਲੈਕ ਹਿਸਟਰੀ ਮੰਥ ਦੇ 30 ਸਾਲ ਪੂਰੇ ਹੋਣ ਮੌਕੇ ਗੈਟਿਨਿਊ (ਕਿਊਬੈਕ) ਸਥਿਤ ਕੈਨੇਡੀਅਨ ਮਿਊਜ਼ੀਅਮ ਆਫ ਹਿਸਟਰੀ ਵਿੱਚ ਜਨਤਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਹ ਗੱਲ ਕਹੀ।

ਕਾਰਨੀ ਨੇ ਕਿਹਾ ਕਿ ਬਲੈਕ ਕੈਨੇਡੀਅਨਜ਼ ਨੇ ਇਤਿਹਾਸ ਦੌਰਾਨ ਅਨਿਆਂ ਅਤੇ ਭੇਦਭਾਵ ਦਾ ਸਾਹਮਣਾ ਧੀਰਜ ਤੇ ਦ੍ਰਿੜਤਾ ਨਾਲ ਕੀਤਾ ਹੈ। ਉਨ੍ਹਾਂ ਮੰਨਿਆ ਕਿ ਭਾਵੇਂ ਕੈਨੇਡੀਅਨ ਮੁੱਲਾਂ ਵਿੱਚ ਵੰਨ-ਸੁਵੰਨਤਾ ਦੇ ਜਸ਼ਨ ਦੀ ਗੱਲ ਕੀਤੀ ਜਾਂਦੀ ਹੈ, ਪਰ ਦੇਸ਼ ਹਮੇਸ਼ਾਂ ਇਸ ਵਾਅਦੇ ਨੂੰ ਅਮਲ ਵਿੱਚ ਨਹੀਂ ਲਿਆ ਸਕਿਆ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਬਸਤੀਵਾਦ ਦੇ ਸਮੇਂ ਕੈਨੇਡਾ ਵਿੱਚ ਗੁਲਾਮ ਪ੍ਰਥਾ ਮੌਜੂਦ ਰਹੀ ਅਤੇ ਇਸ ਦਰਦਨਾਕ ਦੌਰ ਦੇ ਖ਼ਤਮ ਹੋਣ ਮਗਰੋਂ ਵੀ ਸਮਾਜ ਉਸ ਦੇ ਪ੍ਰਭਾਵਾਂ ਤੋਂ ਤੁਰੰਤ ਮੁਕਤ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਅੱਜ ਵੀ ਅਸਮਾਨਤਾ ਮੌਜੂਦ ਹੈ ਅਤੇ ਕਾਲੇ ਉਦਯੋਗਪਤੀਆਂ ਨੂੰ ਹੋਰ ਕਾਰੋਬਾਰੀਆਂ ਦੇ ਮੁਕਾਬਲੇ ਸਮਾਨ ਨੁਮਾਇੰਦਗੀ ਨਹੀਂ ਮਿਲ ਰਹੀ।

ਕਾਰਨੀ ਨੇ ਕਿਹਾ ਕਿ ਸਰਕਾਰ ਇਸ ਅਸਮਾਨਤਾ ਨੂੰ ਦੂਰ ਕਰਨ ਅਤੇ ਬਲੈਕ ਕੈਨੇਡੀਅਨਜ਼ ਲਈ ਬਰਾਬਰੀ ਤੇ ਇਨਸਾਫ਼ ਨੂੰ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕਦੀ ਰਹੇਗੀ।