ਕਾਰਨੀ-ਡੈਨੀਅਲ ਸਮਿੱਥ ਮੀਟਿੰਗ ਤੋਂ ਬਾਅਦ ਨਵੀਂ ਪਾਈਪਲਾਈਨ ਦੀ ਉਮੀਦ ਵਧੀ

ਕਾਰਨੀ-ਡੈਨੀਅਲ ਸਮਿੱਥ ਮੀਟਿੰਗ ਤੋਂ ਬਾਅਦ ਨਵੀਂ ਪਾਈਪਲਾਈਨ ਦੀ ਉਮੀਦ ਵਧੀ

ਓਟਾਵਾ-ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਵਿਚਾਲੇ ਹੋਈ ਅਹਿਮ ਮੀਟਿੰਗ ਤੋਂ ਬਾਅਦ ਨਵੀਂ ਤੇਲ ਪਾਈਪਲਾਈਨ ਸਬੰਧੀ ਉਮੀਦਾਂ ਵਧ ਗਈਆਂ ਹਨ। ਮੀਟਿੰਗ ਮਗਰੋਂ ਸਮਿੱਥ ਨੇ ਕਿਹਾ ਕਿ ਹੁਣ ਉਹ ਪਹਿਲਾਂ ਨਾਲੋਂ ਕਾਫ਼ੀ ਵੱਧ ਭਰੋਸੇ ਵਿੱਚ ਹਨ ਕਿ ਕੇਂਦਰ ਅਤੇ ਸੂਬੇ ਵਿਚਕਾਰ ਜਲਦ ਸਮਝੌਤਾ ਹੋ ਸਕਦਾ ਹੈ।

ਸਮਿੱਥ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਹਿਲਾਂ ਉਹ “ਜੇਕਰ” ਸਮਝੌਤਾ ਹੋਵੇ ਦੀ ਗੱਲ ਕਰ ਰਹੇ ਸਨ, ਪਰ ਹੁਣ “ਜਦੋਂ” ਸਮਝੌਤਾ ਹੋਵੇਗਾ, ਇਸ ਤਰ੍ਹਾਂ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਦੋਵੇਂ ਪੱਖਾਂ ਵਿਚਲੇ ਕਈ ਵਿਵਾਦਤ ਮੁੱਦਿਆਂ ’ਤੇ ਸਹਿਮਤੀ ਬਣੀ ਹੈ।ਇਹ ਮੀਟਿੰਗ ਉਸ ਸਮੇਂ ਹੋਈ ਹੈ ਜਦੋਂ ਅਲਬਰਟਾ ਵਿੱਚ ਅਲੱਗਾਵਾਦੀ ਰੁਝਾਨ ਤੇਜ਼ ਹੋ ਰਹੇ ਹਨ ਅਤੇ ਸੂਬੇ ਦੀ ਖੁਦਮੁਖਤਿਆਰੀ ਸਬੰਧੀ ਰੈਫਰੈਂਡਮ ਦੀ ਮੰਗ ਵੀ ਉੱਠ ਰਹੀ ਹੈ। ਇਸ ਸਬੰਧੀ ਇੱਕ ਪਟੀਸ਼ਨ ’ਤੇ ਤਿੰਨ ਲੱਖ ਤੋਂ ਵੱਧ ਦਸਤਖ਼ਤ ਇਕੱਠੇ ਕਰਕੇ ਇਲੈਕਸ਼ਨ ਅਲਬਰਟਾ ਨੂੰ ਸੌਂਪੇ ਗਏ ਹਨ।

ਅਲਬਰਟਾ ਅਤੇ ਫੈਡਰਲ ਸਰਕਾਰ ਵਿਚਕਾਰ ਊਰਜਾ ਅਤੇ ਵਾਤਾਵਰਣ ਸਬੰਧੀ ਇਕ ਸਮਝੌਤਾ ਤਿਆਰ ਕੀਤਾ ਜਾ ਰਿਹਾ ਹੈ, ਜਿਸ ਰਾਹੀਂ ਤੇਲ ਅਤੇ ਗੈਸ ਉਤਪਾਦਨ ਅਤੇ ਮੌਸਮੀ ਨਿਯਮਾਂ ਬਾਰੇ ਚੱਲ ਰਹੇ ਲੰਬੇ ਵਿਵਾਦਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਸਮਿੱਥ ਨੇ ਕਿਹਾ ਕਿ ਨਵੀਂ ਪਾਈਪਲਾਈਨ ਲਈ ਕਾਰਬਨ ਕੈਪਚਰ ਅਤੇ ਸਟੋਰੇਜ ਵਰਗੀਆਂ ਸ਼ਰਤਾਂ ’ਤੇ ਵੀ ਵਿਚਾਰ ਹੋ ਰਿਹਾ ਹੈ। ਉਨ੍ਹਾਂ ਅਨੁਸਾਰ ਉਦਯੋਗਿਕ ਕਾਰਬਨ ਕੀਮਤ 130 ਡਾਲਰ ਪ੍ਰਤੀ ਟਨ ਤੱਕ ਲਿਜਾਣ ਦੀ ਸਮਾਂ-ਸੀਮਾ ਅਜੇ ਵੀ ਇੱਕ ਵੱਡਾ ਮੁੱਦਾ ਬਣੀ ਹੋਈ ਹੈ।ਦੂਜੇ ਪਾਸੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਕਿਹਾ ਕਿ ਜੇਕਰ ਕੋਈ ਵੈਸਟ ਕੋਸਟ ਪਾਈਪਲਾਈਨ ਬਣਦੀ ਹੈ ਤਾਂ ਉਹ ਬੀ.ਸੀ. ਰਾਹੀਂ ਹੀ ਲੰਘੇਗੀ, ਇਸ ਲਈ ਉਨ੍ਹਾਂ ਦੇ ਸੂਬੇ ਦੇ LNG ਪ੍ਰੋਜੈਕਟਾਂ ਨੂੰ ਵੀ ਕੇਂਦਰ ਵੱਲੋਂ ਸਮਾਨ ਤਰਜੀਹ ਮਿਲਣੀ ਚਾਹੀਦੀ ਹੈ।

ਇਸ ਦੌਰਾਨ ਫੈਡਰਲ ਸਰਕਾਰ ਨੇ ਦੋ ਚਰਚਾ ਪੱਤਰ ਵੀ ਜਾਰੀ ਕੀਤੇ ਹਨ, ਜਿਨ੍ਹਾਂ ਵਿੱਚ ਨਵੀਆਂ ਇੰਟਰ-ਪ੍ਰੋਵਿੰਸ਼ੀਅਲ ਪਾਈਪਲਾਈਨਾਂ ਅਤੇ ਬਿਜਲੀ ਲਾਈਨਾਂ ਦੀ ਮਨਜ਼ੂਰੀ ਲਈ ਕੈਨੇਡਾ ਐਨਰਜੀ ਰੈਗੂਲੇਟਰ ਨੂੰ ਵੱਧ ਅਧਿਕਾਰ ਦੇਣ ਦਾ ਪ੍ਰਸਤਾਵ ਹੈ।ਸਮਿੱਥ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਪੰਜ ਸੰਭਾਵਿਤ ਪਾਈਪਲਾਈਨ ਰੂਟਾਂ ’ਤੇ ਵਿਚਾਰ ਕਰ ਰਹੀ ਹੈ ਅਤੇ ਵੱਡੀਆਂ ਤੇਲ ਕੰਪਨੀਆਂ ਇਸ ਪ੍ਰਕਿਰਿਆ ਵਿੱਚ ਸਲਾਹਕਾਰ ਵਜੋਂ ਸ਼ਾਮਲ ਹਨ।