ਕੈਲਗਰੀ ਦੇ ਉੱਤਰ-ਪੂਰਬੀ ਇਲਾਕੇ ਵਿੱਚ ਹਿੱਟ ਐਂਡ ਰਨ, ਪੈਦਲ ਯਾਤਰੀ ਗੰਭੀਰ ਜ਼ਖ਼ਮੀ

ਕੈਲਗਰੀ ਦੇ ਉੱਤਰ-ਪੂਰਬੀ ਇਲਾਕੇ ਵਿੱਚ ਹਿੱਟ ਐਂਡ ਰਨ, ਪੈਦਲ ਯਾਤਰੀ ਗੰਭੀਰ ਜ਼ਖ਼ਮੀ

ਕੈਲਗਰੀ-ਕੈਲਗਰੀ ਦੇ ਉੱਤਰ-ਪੂਰਬੀ ਇਲਾਕੇ ਵਿੱਚ ਸੋਮਵਾਰ ਦੁਪਹਿਰ ਵਾਪਰੇ ਹਿੱਟ ਐਂਡ ਰਨ ਹਾਦਸੇ ਵਿੱਚ ਇੱਕ ਪੈਦਲ ਯਾਤਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।ਪੁਲਿਸ ਮੁਤਾਬਕ ਇਹ ਹਾਦਸਾ ਦੁਪਹਿਰ ਸਾਢੇ 3 ਵਜੇ ਤੋਂ ਥੋੜ੍ਹੀ ਦੇਰ ਬਾਅਦ ਟੈਂਪਲ ਇਲਾਕੇ ਵਿੱਚ 44 ਐਵੇਨਿਊ ਨਾਰਥਈਸਟ ਅਤੇ 52 ਸਟ੍ਰੀਟ ਨਾਰਥਈਸਟ ਦੇ ਚੌਕ ਵਿੱਚ ਵਾਪਰਿਆ।ਪੁਲਿਸ ਅਧਿਕਾਰੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪੈਦਲ ਯਾਤਰੀ 44 ਐਵੇਨਿਊ ’ਤੇ ਬਣੇ ਪੈਦਲ ਪਾਰ ਮਾਰਗ (ਕਰਾਸਵਾਕ) ਰਾਹੀਂ ਸੜਕ ਪਾਰ ਕਰ ਰਿਹਾ ਸੀ, ਇਸੇ ਦੌਰਾਨ ਇੱਕ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ।

ਹਾਦਸੇ ਤੋਂ ਬਾਅਦ ਵਾਹਨ ਚਾਲਕ ਮੌਕੇ ’ਤੇ ਰੁਕਣ ਦੀ ਬਜਾਏ ਉਥੋਂ ਫ਼ਰਾਰ ਹੋ ਗਿਆ। ਪੁਲਿਸ ਨੇ ਦੱਸਿਆ ਕਿ ਜ਼ਖ਼ਮੀ ਵਿਅਕਤੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।ਪੁਲਿਸ ਅਨੁਸਾਰ ਜ਼ਖ਼ਮੀ ਦੀ ਹਾਲਤ ਗੰਭੀਰ ਹੈ, ਹਾਲਾਂਕਿ ਉਸ ਦੀਆਂ ਸੱਟਾਂ ਜਾਨਲੇਵਾ ਨਹੀਂ ਦੱਸੀਆਂ ਜਾ ਰਹੀਆਂ।ਕੈਲਗਰੀ ਪੁਲਿਸ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫ਼ਰਾਰ ਹੋਏ ਵਾਹਨ ਤੇ ਉਸ ਦੇ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।ਪੁਲਿਸ ਦੇ ਅੰਕੜਿਆਂ ਅਨੁਸਾਰ ਇਸ ਸਾਲ 1 ਜਨਵਰੀ ਤੋਂ 31 ਜੁਲਾਈ ਤੱਕ ਕੈਲਗਰੀ ਵਿੱਚ 280 ਤੋਂ ਵੱਧ ਪੈਦਲ ਯਾਤਰੀ ਵਾਹਨਾਂ ਦੀ ਲਪੇਟ ਵਿੱਚ ਆ ਚੁੱਕੇ ਹਨ। ਹਾਦਸਿਆਂ ਦੀ ਵਧ ਰਹੀ ਗਿਣਤੀ ਨੇ ਸ਼ਹਿਰ ਵਿੱਚ ਪੈਦਲ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਾ ਵਧਾ ਦਿੱਤੀ ਹੈ।