ਸਾਇਪ੍ਰਸ ਨੇੜੇ ਇਸਰਾਈਲ ਵੱਲੋਂ ਰੋਕੇ ਗਏ ਜਹਾਜ਼ਾਂ ਵਿੱਚ ਛੇ ਕੈਨੇਡੀਅਨ ਹਿਰਾਸਤ ਵਿੱਚ
ਕੈਲਗਰੀ : ਗਾਜ਼ਾ ਲਈ ਮਨੁੱਖੀ ਸਹਾਇਤਾ ਲੈ ਕੇ ਜਾ ਰਹੇ ਜਹਾਜ਼ਾਂ ਦੇ ਕਾਫ਼ਲੇ ਨਾਲ ਜੁੜੇ ਆਯੋਜਕਾਂ ਦਾ ਕਹਿਣਾ ਹੈ ਕਿ ਸਾਇਪ੍ਰਸ ਦੇ ਤੱਟ ਨੇੜੇ ਇਸਰਾਈਲੀ ਫੌਜ ਵੱਲੋਂ ਰੋਕੇ ਗਏ ਜਹਾਜ਼ਾਂ ਵਿੱਚ ਛੇ ਕੈਨੇਡੀਅਨ ਨਾਗਰਿਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਜਾਣਕਾਰੀ ਮੁਤਾਬਿਕ ਉਸਦੇ ਪੰਜ ਕੈਨੇਡੀਅਨ ਮੈਂਬਰ ਅਤੇ ਇਸੇ ਮਿਸ਼ਨ ਦਾ ਹਿੱਸਾ “ਫ੍ਰੀਡਮ ਫਲੋਟੀਲਾ” ਨਾਲ ਸੰਬੰਧਤ ਇੱਕ ਹੋਰ ਕੈਨੇਡੀਅਨ ਕਾਰਕੁਨ ਨੂੰ ਉਸ ਵੇਲੇ ਹਿਰਾਸਤ ਵਿੱਚ ਲਿਆ ਗਿਆ ਜਦੋਂ ਇਸਰਾਈਲੀ ਫੌਜ ਨੇ ਗਾਜ਼ਾ ਦੇ ਤੱਟ ਤੋਂ ਲਗਭਗ 250 ਨਾਟੀਕਲ ਮੀਲ (463 ਕਿਲੋਮੀਟਰ) ਦੂਰ ਜਹਾਜ਼ਾਂ ਨੂੰ ਰੋਕਿਆ।ਸੰਸਥਾ ਮੁਤਾਬਕ ਕੁੱਲ 12 ਕੈਨੇਡੀਅਨ ਇਸ ਮਿਸ਼ਨ ਵਿੱਚ ਸ਼ਾਮਲ ਸਨ। ਪਿਛਲੇ ਹਫ਼ਤੇ ਤੁਰਕੀ ਦੇ ਮਰਮਾਰਿਸ ਬੰਦਰਗਾਹ ਤੋਂ 50 ਤੋਂ ਵੱਧ ਜਹਾਜ਼ ਗਾਜ਼ਾ ਵੱਲ ਰਵਾਨਾ ਹੋਏ ਸਨ।ਆਯੋਜਕਾਂ ਨੇ ਕਿਹਾ ਕਿ ਇਹ ਯਾਤਰਾ ਗਾਜ਼ਾ ਵਿੱਚ ਜੰਗ ਕਾਰਨ ਪੈਦਾ ਹੋਈ ਗੰਭੀਰ ਮਨੁੱਖੀ ਸਥਿਤੀ ਵੱਲ ਦੁਨੀਆ ਦਾ ਧਿਆਨ ਖਿੱਚਣ ਲਈ ਕੀਤੀ ਜਾ ਰਹੀ ਸੀ।ਓਨਟਾਰੀਓ ਦੇ ਰਹਿਣ ਵਾਲੇ ਸ਼ਾਹਿਦ ਸਾਦਾਬਾਦ, ਜਿਨ੍ਹਾਂ ਨੇ “ਦ ਕੈਨੇਡੀਅਨ ਪ੍ਰੈੱਸ” ਨਾਲ ਇੱਕ ਜਹਾਜ਼ ਤੋਂ ਗੱਲਬਾਤ ਕੀਤੀ, ਨੇ ਦੱਸਿਆ ਕਿ ਕੈਨੇਡੀਅਨ ਮੈਂਬਰਾਂ ਨੇ ਹਿਰਾਸਤ ਵਿੱਚ ਲਏ ਜਾਣ ਦੀ ਸਥਿਤੀ ਵਿੱਚ ਭੁੱਖ ਹੜਤਾਲ ਕਰਨ ‘ਤੇ ਸਹਿਮਤੀ ਜਤਾਈ ਸੀ।
ਕੈਨੇਡਾ ਦੇ ਗਲੋਬਲ ਅਫੇਅਰਜ਼ ਵਿਭਾਗ ਨੇ ਟਿੱਪਣੀ ਲਈ ਕੀਤੀ ਬੇਨਤੀ ਦੀ ਪੁਸ਼ਟੀ ਤਾਂ ਕੀਤੀ ਹੈ, ਪਰ ਹਾਲੇ ਤੱਕ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ।ਪਿਛਲੀਆਂ ਕਾਰਵਾਈਆਂ ਤੋਂ ਵੱਖਰੇ ਤੌਰ ‘ਤੇ ਇਸ ਵਾਰ ਇਸਰਾਈਲੀ ਫੌਜ ਨੇ ਦਿਨ ਦੇ ਸਮੇਂ ਜਹਾਜ਼ਾਂ ‘ਤੇ ਚੜ੍ਹਾਈ ਕੀਤੀ। “ਗਲੋਬਲ ਸੁਮੂਦ ਫਲੋਟੀਲਾ” ਦੀ ਲਾਈਵ ਸਟ੍ਰੀਮ ਵਿੱਚ ਕਾਰਕੁਨ ਜ਼ਿੰਦਗੀ ਬਚਾਉ ਜੈਕਟਾਂ ਪਹਿਨੇ ਅਤੇ ਹੱਥ ਉੱਪਰ ਕੀਤੇ ਨਜ਼ਰ ਆਏ, ਜਦੋਂ ਇਸਰਾਈਲੀ ਸੈਨਿਕਾਂ ਵਾਲੀ ਕਿਸ਼ਤੀ ਉਨ੍ਹਾਂ ਦੇ ਨੇੜੇ ਪਹੁੰਚੀ। ਕੁਝ ਸਮੇਂ ਬਾਅਦ ਲਾਈਵ ਪ੍ਰਸਾਰਣ ਅਚਾਨਕ ਬੰਦ ਹੋ ਗਿਆ।
ਹੋਰ ਵੀਡੀਓਜ਼ ਵਿੱਚ ਇਸਰਾਈਲੀ ਸੁਰੱਖਿਆ ਬਲਾਂ ਨੂੰ ਸਪੀਡਬੋਟਾਂ ਰਾਹੀਂ ਜਹਾਜ਼ਾਂ ਦੇ ਨੇੜੇ ਆਉਂਦੇ ਅਤੇ ਕਾਰਕੁਨਾਂ ਨੂੰ ਜਹਾਜ਼ ਦੇ ਅੱਗੇ ਵਾਲੇ ਹਿੱਸੇ ਵੱਲ ਜਾਣ ਦੇ ਹੁਕਮ ਦਿੰਦੇ ਵੇਖਿਆ ਗਿਆ। ਆਯੋਜਕਾਂ ਅਨੁਸਾਰ ਕਾਰਵਾਈ ਦੇ ਪਹਿਲੇ ਤਿੰਨ ਘੰਟਿਆਂ ਵਿੱਚ ਘੱਟੋ-ਘੱਟ 17 ਜਹਾਜ਼ ਰੋਕੇ ਗਏ।ਇਹ ਘਟਨਾ ਸਾਇਪ੍ਰਸ ਦੇ ਖੇਤਰੀ ਸਮੁੰਦਰੀ ਇਲਾਕੇ ਤੋਂ ਬਾਹਰ ਵਾਪਰੀ। ਇਕ ਸਾਇਪ੍ਰਸੀ ਅਧਿਕਾਰੀ ਨੇ ਨਾਮ ਨਾ ਜ਼ਾਹਿਰ ਕਰਨ ਦੀ ਸ਼ਰਤ ‘ਤੇ ਦੱਸਿਆ ਕਿ ਇਸਰਾਈਲ ਨੇ ਇਸ ਕਾਰਵਾਈ ਲਈ ਸਾਇਪ੍ਰਸ ਤੋਂ ਕੋਈ ਮਦਦ ਨਹੀਂ ਮੰਗੀ ਸੀ। ਅਧਿਕਾਰੀ ਮੁਤਾਬਕ ਇਸਰਾਈਲ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਰੋਕੇ ਗਏ ਜਹਾਜ਼ਾਂ ‘ਤੇ ਸਵਾਰ ਸਾਰੇ ਲੋਕ ਸੁਰੱਖਿਅਤ ਹਨ।
ਜ਼ਿਕਰਯੋਗ ਹੈ ਕਿ ਇਸਰਾਈਲ ਨੇ 2007 ਤੋਂ ਗਾਜ਼ਾ ‘ਤੇ ਨਾਕਾਬੰਦੀ ਲਗਾਈ ਹੋਈ ਹੈ, ਜਦੋਂ ਹਮਾਸ ਨੇ ਫ਼ਲਸਤੀਨੀ ਚੋਣਾਂ ਜਿੱਤਣ ਤੋਂ ਬਾਅਦ ਇਸ ਖੇਤਰ ਦਾ ਕਬਜ਼ਾ ਸੰਭਾਲਿਆ ਸੀ। ਇਸਰਾਈਲ ਦਾ ਕਹਿਣਾ ਹੈ ਕਿ ਇਹ ਨਾਕਾਬੰਦੀ ਹਮਾਸ ਨੂੰ ਹਥਿਆਰ ਪ੍ਰਾਪਤ ਕਰਨ ਤੋਂ ਰੋਕਣ ਲਈ ਲਗਾਈ ਗਈ ਸੀ, ਜਦਕਿ ਆਲੋਚਕ ਇਸਨੂੰ ਸਮੂਹਕ ਸਜ਼ਾ ਕਰਾਰ ਦਿੰਦੇ ਹਨ।
















