ਜੂਨੋ ਲਈ ਨਾਮਜ਼ਦ ਆਦਿਵਾਸੀ ਸੈਲੋ ਵਾਦਕ ਅਤੇ ਸੰਗੀਤਕਾਰ ਕ੍ਰਿਸ ਡਰਕਸਨ ਦੀ ਸੜਕ ਹਾਦਸੇ ਵਿੱਚ ਮੌਤ
ਕੈਲਗਰੀ-ਜੂਨੋ ਐਵਾਰਡ ਲਈ ਨਾਮਜ਼ਦ ਆਦਿਵਾਸੀ ਸੈਲੋ ਵਾਦਕ ਅਤੇ ਸੰਗੀਤਕਾਰ ਕ੍ਰਿਸ ਡਰਕਸਨ ਦੀ ਉੱਤਰੀ ਅਲਬਰਟਾ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਉਹ 45 ਸਾਲ ਦੇ ਸਨ।ਡਰਕਸਨ ਦੀ ਪ੍ਰਤੀਨਿਧਤਾ ਕਰਨ ਵਾਲੀ ਏਆਈਐਮ ਬੁਕਿੰਗ ਏਜੰਸੀ ਨੇ ਇਕ ਬਿਆਨ ਜਾਰੀ ਕਰਦਿਆਂ ਇਸ ਦੁਖਦਾਈ ਖ਼ਬਰ ਦੀ ਪੁਸ਼ਟੀ ਕੀਤੀ। ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਵੱਲੋਂ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਹ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋ ਕੇ ਵਾਪਸ ਆ ਰਹੇ ਸਨ।
ਏਜੰਸੀ ਨੇ ਆਪਣੇ ਬਿਆਨ ਵਿੱਚ ਕਿਹਾ, “ਕ੍ਰਿਸ, ਆਪਣੀ ਰੌਸ਼ਨੀ, ਜਜ਼ਬੇ ਅਤੇ ਸੰਗੀਤ ਸਾਡੇ ਨਾਲ ਸਾਂਝਾ ਕਰਨ ਲਈ ਤੁਹਾਡਾ ਧੰਨਵਾਦ। ਤੁਸੀਂ ਇਸ ਦੁਨੀਆ ‘ਤੇ ਅਮਿੱਟ ਛਾਪ ਛੱਡੀ ਹੈ ਅਤੇ ਤੁਹਾਡਾ ਸੰਗੀਤ ਸਾਡੇ ਦਿਲਾਂ ਵਿੱਚ ਹਮੇਸ਼ਾਂ ਗੂੰਜਦਾ ਰਹੇਗਾ।” ਆਰਸੀਐਮਪੀ ਦੇ ਕਾਰਪੋਰਲ ਮੈਥਿਊ ਹਾਵਲ ਅਨੁਸਾਰ 15 ਮਈ ਦੀ ਸ਼ਾਮ ਕਰੀਬ 6:30 ਵਜੇ ਹਾਈਵੇ 44 ਨੇੜੇ ਟਾਊਨਸ਼ਿਪ ਰੋਡ 684 ‘ਤੇ ਦੋ ਐਸਯੂਵੀ ਵਾਹਨਾਂ ਦੀ ਟੱਕਰ ਬਾਰੇ ਪੁਲਿਸ ਨੂੰ ਸੂਚਨਾ ਮਿਲੀ ਸੀ।
ਪੁਲਿਸ ਮੁਤਾਬਕ ਉੱਤਰ ਵੱਲ ਜਾ ਰਹੀ ਇੱਕ ਐਸਯੂਵੀ ਕੇਂਦਰੀ ਲਾਈਨ ਪਾਰ ਕਰਕੇ ਦੱਖਣ ਵੱਲ ਜਾ ਰਹੀ ਦੂਜੀ ਐਸਯੂਵੀ ਨਾਲ ਟਕਰਾ ਗਈ। ਦੱਖਣ ਵੱਲ ਜਾ ਰਹੇ ਵਾਹਨ ਵਿੱਚ ਸਵਾਰ ਯਾਤਰੀ ਨੂੰ ਮੌਕੇ ‘ਤੇ ਹੀ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। ਡਰਕਸਨ ਦੀ ਪਤਨੀ ਬੌਬੀ (ਰੇਬੇਕਾ) ਬੈਂਸਨ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖ਼ਲ ਹਨ, ਜਦਕਿ ਦੂਜੇ ਵਾਹਨ ਦਾ ਡਰਾਈਵਰ ਵੀ ਗੰਭੀਰ ਜ਼ਖ਼ਮੀ ਦੱਸਿਆ ਜਾ ਰਿਹਾ ਹੈ।
ਪੁਲਿਸ ਨੇ ਦੱਸਿਆ ਕਿ ਗਵਾਹਾਂ ਅਨੁਸਾਰ ਉੱਤਰ ਵੱਲ ਜਾ ਰਹੀ ਗੱਡੀ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ, ਹਾਲਾਂਕਿ ਨਸ਼ੇ ਜਾਂ ਸ਼ਰਾਬ ਦੀ ਵਰਤੋਂ ਦੇ ਕੋਈ ਸਬੂਤ ਨਹੀਂ ਮਿਲੇ।ਨੈਸ਼ਨਲ ਆਰਟਸ ਸੈਂਟਰ ਦੀ ਵੈੱਬਸਾਈਟ ਅਨੁਸਾਰ ਡਰਕਸਨ ਉੱਤਰੀ ਅਲਬਰਟਾ ਦੇ ਟਾਲਕ੍ਰੀ ਫਰਸਟ ਨੇਸ਼ਨ ਨਾਲ ਸੰਬੰਧਿਤ ਸਨ। ਉਹ ਆਪਣੀ ਵਿਲੱਖਣ ਸੰਗੀਤਕ ਸ਼ੈਲੀ ਲਈ ਜਾਣੇ ਜਾਂਦੇ ਸਨ, ਜਿਸ ਵਿੱਚ ਕਲਾਸੀਕਲ ਸੰਗੀਤ, ਆਦਿਵਾਸੀ ਵਿਰਾਸਤ ਅਤੇ ਆਧੁਨਿਕ ਇਲੈਕਟ੍ਰਾਨਿਕ ਧੁਨਾਂ ਦਾ ਸੁਮੇਲ ਹੁੰਦਾ ਸੀ।ਉਨ੍ਹਾਂ ਦੀ ਮੌਤ ‘ਤੇ ਕਲਾ ਜਗਤ ਵਿੱਚ ਡੂੰਘਾ ਦੁੱਖ ਪ੍ਰਗਟਾਇਆ ਜਾ ਰਿਹਾ ਹੈ। ਬੈਨਫ਼ ਸੈਂਟਰ ਫਾਰ ਆਰਟਸ ਐਂਡ ਕ੍ਰੀਏਟਿਵਿਟੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਕ੍ਰਿਸ ਡਰਕਸਨ ਇਕ ਅਸਾਧਾਰਣ ਕਲਾਕਾਰ ਅਤੇ ਰਚਨਾਤਮਕ ਆਵਾਜ਼ ਸਨ, ਜਿਨ੍ਹਾਂ ਦਾ ਸੰਗੀਤ ਲੋਕਾਂ ਵਿੱਚ ਸੰਵਾਦ, ਸਮਝ ਅਤੇ ਚਿੰਤਨ ਲਈ ਥਾਂ ਬਣਾਉਂਦਾ ਸੀ।ਡਰਕਸਨ ਨੇ “ਇੰਡਿਜਿਨਸ ਕਲਾਸੀਕਲ ਗੈਦਰਿੰਗ” ਦੀ ਸਥਾਪਨਾ ਵੀ ਕੀਤੀ ਸੀ, ਜੋ ਬਾਅਦ ਵਿੱਚ “ਇੰਡਿਜਿਨਸ ਕਲਾਸੀਕਲ ਮਿਊਜ਼ਿਕ ਰੈਜ਼ੀਡੈਂਸੀ” ਵਜੋਂ ਵਿਕਸਿਤ ਹੋਈ। ਉਹ ਕੈਨੇਡਾ ਭਰ ਦੀਆਂ ਕਈ ਪ੍ਰਮੁੱਖ ਸਿੰਫਨੀ ਆਰਕੈਸਟ੍ਰਾਵਾਂ ਨਾਲ ਪ੍ਰਦਰਸ਼ਨ ਕਰ ਚੁੱਕੇ ਸਨ, ਜਿਨ੍ਹਾਂ ਵਿੱਚ ਕੈਲਗਰੀ ਫਿਲਹਾਰਮੋਨਿਕ ਆਰਕੈਸਟਰਾ, ਐਡਮੰਟਨ ਸਿੰਫਨੀ ਆਰਕੈਸਟਰਾ, ਟੋਰਾਂਟੋ ਸਿੰਫਨੀ ਆਰਕੈਸਟਰਾ ਅਤੇ ਮੋਂਟਰੀਅਲ ਦੀ ਆਰਕੇਸਟ੍ਰੇ ਮੈਟਰੋਪੋਲੀਟੈਨ ਸ਼ਾਮਲ ਹਨ।
















