ਦਿੱਲੀ ਦੀ ਹਵਾ ਹੋਈ ਬੇਹੱਦ ਜ਼ਹਿਰੀਲੀ, AQI 403 ’ਤੇ ਪੁੱਜਿਆ; ਕਈ ਇਲਾਕਿਆਂ ਵਿੱਚ ਪੱਧਰ 488 ਤੱਕ ਦਰਜ
Delhi's air quality deteriorated to the severe category on Friday, November 13, with the AQI reaching 403 at 7:30 am, according to the Central Pollution Control Board and Hindustan Times' dashboard.
ਨਵੀਂ ਦਿੱਲੀ-ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦੀ ਸਥਿਤੀ ਬੇਹੱਦ ਗੰਭੀਰ ਹੋ ਗਈ ਹੈ। ਸ਼ੁੱਕਰਵਾਰ ਸਵੇਰੇ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ (AQI) 403 ਦਰਜ ਕੀਤਾ ਗਿਆ, ਜੋ ਪ੍ਰਦੂਸ਼ਣ ਦੀ ਸਭ ਤੋਂ ਗੰਭੀਰ ਸ਼੍ਰੇਣੀ ਵਿੱਚ ਆਉਂਦਾ ਹੈ। ਸ਼ਹਿਰ ਵਿੱਚ ਸੰਘਣੀ ਧੁੰਦ ਅਤੇ ਧੂੰਏਂ ਦੀ ਪਰਤ ਛਾਈ ਹੋਈ ਹੈ, ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਅਨੁਸਾਰ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਅਤੇ ਅਖ਼ਬਾਰ ਦੇ ਰੀਅਲ-ਟਾਈਮ ਹਵਾ ਗੁਣਵੱਤਾ ਡੈਸ਼ਬੋਰਡ ਮੁਤਾਬਕ ਸ਼ੁੱਕਰਵਾਰ ਸਵੇਰੇ 7:30 ਵਜੇ AQI 403 ਦਰਜ ਕੀਤਾ ਗਿਆ, ਜੋ ਪਿਛਲੇ 24 ਘੰਟਿਆਂ ਦੇ ਮੁਕਾਬਲੇ 82 ਅੰਕ ਵੱਧ ਸੀ। ਦਿੱਲੀ ਵਿੱਚ ਇਸ ਤੋਂ ਪਹਿਲਾਂ 19 ਜਨਵਰੀ ਨੂੰ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ਵਿੱਚ ਦਰਜ ਕੀਤੀ ਗਈ ਸੀ, ਜਦੋਂ AQI 410 ਸੀ।
ਸ਼ਹਿਰ ਦੇ 59 ਹਵਾ ਗੁਣਵੱਤਾ ਨਿਗਰਾਨੀ ਕੇਂਦਰਾਂ ਵਿੱਚੋਂ 32 ਕੇਂਦਰਾਂ ’ਤੇ ਪ੍ਰਦੂਸ਼ਣ ਦਾ ਪੱਧਰ ਗੰਭੀਰ ਸ਼੍ਰੇਣੀ ਵਿੱਚ ਪਾਇਆ ਗਿਆ। ਆਈਆਈਟੀ ਦਿੱਲੀ ਵਿੱਚ ਸਭ ਤੋਂ ਵੱਧ AQI 488 ਦਰਜ ਕੀਤਾ ਗਿਆ। 58 ਨਿਗਰਾਨੀ ਕੇਂਦਰਾਂ ਵਿੱਚੋਂ 48 ’ਤੇ ਪੀਐੱਮ 2.5 ਮੁੱਖ ਪ੍ਰਦੂਸ਼ਕ ਰਿਹਾ।
ਰਿਪੋਰਟ ਮੁਤਾਬਕ ਵੀਰਵਾਰ ਨੂੰ ਦਿੱਲੀ ਵਿੱਚ ਪੀਐੱਮ 2.5 ਦੀ ਮਾਤਰਾ 24 ਘੰਟਿਆਂ ਦੌਰਾਨ ਦੁੱਗਣੇ ਤੋਂ ਵੀ ਵੱਧ ਹੋ ਕੇ ਸ਼ਾਮ 6 ਵਜੇ 244 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੱਕ ਪਹੁੰਚ ਗਈ ਸੀ, ਜੋ ਕੌਮੀ ਮਾਪਦੰਡ ਨਾਲੋਂ ਚਾਰ ਗੁਣਾ ਵੱਧ ਹੈ। ਸਫਦਰਜੰਗ ਇਲਾਕੇ ਵਿੱਚ ਵੀਰਵਾਰ ਰਾਤ ਤੋਂ ਸ਼ੁੱਕਰਵਾਰ ਸਵੇਰ ਤੱਕ ਹਵਾ ਦੀ ਰਫ਼ਤਾਰ ਬਹੁਤ ਘੱਟ ਰਹੀ। ਹਵਾ ਨਾ ਚੱਲਣ ਕਾਰਨ ਪ੍ਰਦੂਸ਼ਕ ਤੱਤ ਵਾਤਾਵਰਣ ਵਿੱਚ ਹੀ ਇਕੱਠੇ ਹੁੰਦੇ ਰਹੇ, ਜਿਸ ਨਾਲ ਪ੍ਰਦੂਸ਼ਣ ਹੋਰ ਵਧ ਗਿਆ।
ਇਸ ਦੌਰਾਨ ਨਾਸਾ ਦੇ ਉਪਗ੍ਰਹਿ ਵੱਲੋਂ 1 ਅਕਤੂਬਰ ਤੋਂ 12 ਨਵੰਬਰ ਤੱਕ ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਸਾੜਨ ਦੀਆਂ ਕੁੱਲ 4,107 ਘਟਨਾਵਾਂ ਦਰਜ ਕੀਤੀਆਂ ਗਈਆਂ। ਇਨ੍ਹਾਂ ਵਿੱਚ ਪੰਜਾਬ ਵਿੱਚ 3,729 ਅਤੇ ਹਰਿਆਣਾ ਵਿੱਚ 378 ਘਟਨਾਵਾਂ ਸ਼ਾਮਲ ਹਨ। ਇਕੱਲੇ 12 ਨਵੰਬਰ ਨੂੰ 96 ਖੇਤਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ। ਪਿਛਲੇ ਸਾਲ ਇਸੇ ਸਮੇਂ ਦੌਰਾਨ ਕੁੱਲ 4,220 ਘਟਨਾਵਾਂ ਦਰਜ ਹੋਈਆਂ ਸਨ।














