ਕੈਲਗਰੀ 'ਚ ਛਾਇਆ ਗ੍ਰੇਅ ਕੱਪ ਦਾ ਜਲਵਾ, ਫੁੱਟਬਾਲ ਪ੍ਰੇਮੀਆਂ ਲਈ ਹੋਵੇਗਾ ਪੰਜ ਦਿਨਾਂ ਦਾ ਜਸ਼ਨ

Calgary will host the 113th Grey Cup on November 15, with the Edmonton Elks facing the Montreal Alouettes at McMahon Stadium.

ਕੈਲਗਰੀ 'ਚ ਛਾਇਆ ਗ੍ਰੇਅ ਕੱਪ ਦਾ ਜਲਵਾ, ਫੁੱਟਬਾਲ ਪ੍ਰੇਮੀਆਂ ਲਈ ਹੋਵੇਗਾ ਪੰਜ ਦਿਨਾਂ ਦਾ ਜਸ਼ਨ

ਕੈਲਗਰੀ-ਕੈਨੇਡਾ ਦੇ ਸਭ ਤੋਂ ਵੱਡੇ ਖੇਡ ਸਮਾਗਮਾਂ ਵਿੱਚੋਂ ਇੱਕ 113ਵਾਂ ਗ੍ਰੇਅ ਕੱਪ ਇਸ ਵਾਰ ਕੈਲਗਰੀ ਵਿੱਚ ਕਰਵਾਇਆ ਜਾ ਰਿਹਾ ਹੈ। 15 ਨਵੰਬਰ ਨੂੰ ਮੈਕਮੋਹਨ ਸਟੇਡੀਅਮ ਵਿਖੇ ਐਡਮੰਟਨ ਐਲਕਸ ਅਤੇ ਮੌਂਟਰੀਅਲ ਐਲੂਏਟਸ ਦੀਆਂ ਟੀਮਾਂ ਵਿਚਾਲੇ ਖਿਤਾਬੀ ਮੁਕਾਬਲਾ ਹੋਵੇਗਾ। ਇਸ ਵੱਡੇ ਖੇਡ ਸਮਾਗਮ ਨੂੰ ਲੈ ਕੇ ਕੈਲਗਰੀ ਵਿੱਚ ਤਿਆਰੀਆਂ ਜ਼ੋਰਾਂ 'ਤੇ ਹਨ।

ਅਲਬਰਟਾ ਸਰਕਾਰ ਵੱਲੋਂ 2026 ਦੇ ਗ੍ਰੇਅ ਕੱਪ ਅਤੇ ਇਸ ਨਾਲ ਜੁੜੇ ਫੈਸਟੀਵਲ ਲਈ 40 ਲੱਖ ਡਾਲਰ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। 11 ਤੋਂ 14 ਨਵੰਬਰ ਤੱਕ ਸਟੈਂਪੀਡ ਪਾਰਕ ਵਿਖੇ ਹੋਣ ਵਾਲੇ ਇਸ ਫੈਸਟੀਵਲ ਦੌਰਾਨ ਲੋਕਾਂ ਲਈ ਮੁਫ਼ਤ ਅਤੇ ਘੱਟ ਖਰਚ ਵਾਲੀਆਂ ਗਤੀਵਿਧੀਆਂ, ਸਟਰੀਟ ਫੈਸਟੀਵਲ, ਪਰਿਵਾਰਕ ਮਨੋਰੰਜਨ, ਰੋਡੀਓ ਪ੍ਰਦਰਸ਼ਨ ਅਤੇ ਲੜਕੀਆਂ ਲਈ ਖੇਡ ਸੰਮੇਲਨ ਕਰਵਾਇਆ ਜਾਵੇਗਾ।

ਪ੍ਰਬੰਧਕਾਂ ਅਨੁਸਾਰ ਫੈਸਟੀਵਲ ਅਤੇ ਫਾਈਨਲ ਮੈਚ ਦੌਰਾਨ ਕੁੱਲ 3 ਲੱਖ 50 ਹਜ਼ਾਰ ਤੋਂ ਵੱਧ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ, ਜਿਨ੍ਹਾਂ ਵਿੱਚ ਲਗਭਗ 35 ਹਜ਼ਾਰ ਬਾਹਰਲੇ ਸ਼ਹਿਰਾਂ ਤੋਂ ਆਉਣ ਵਾਲੇ ਸੈਲਾਨੀ ਹੋਣਗੇ। ਇਸ ਸਮਾਗਮ ਨਾਲ 5 ਕਰੋੜ ਡਾਲਰ ਤੋਂ ਵੱਧ ਦੀ ਆਰਥਿਕ ਗਤੀਵਿਧੀ ਪੈਦਾ ਹੋਣ ਅਤੇ ਲਗਭਗ 300 ਨੌਕਰੀਆਂ ਨੂੰ ਸਹਿਯੋਗ ਮਿਲਣ ਦਾ ਅਨੁਮਾਨ ਹੈ।

ਹੁਣ ਤੱਕ ਪ੍ਰਬੰਧਕਾਂ ਅਤੇ ਕੈਨੇਡੀਅਨ ਫੁੱਟਬਾਲ ਲੀਗ ਵੱਲੋਂ ਹੋਟਲਾਂ ਦੇ ਲਗਭਗ 6 ਹਜ਼ਾਰ ਕਮਰਿਆਂ ਦੀਆਂ ਰਾਤਾਂ ਲਈ ਬੁਕਿੰਗ ਕਰਵਾਈ ਜਾ ਚੁੱਕੀ ਹੈ। ਇਸ ਤੋਂ ਇਲਾਵਾ ਟੈਲੀਵਿਜ਼ਨ 'ਤੇ ਇਸ ਮੈਚ ਨੂੰ ਲਗਭਗ 1 ਕਰੋੜ ਦਰਸ਼ਕਾਂ ਵੱਲੋਂ ਦੇਖੇ ਜਾਣ ਦੀ ਉਮੀਦ ਹੈ।

ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਨੇ ਕਿਹਾ ਕਿ ਕੈਲਗਰੀ ਪੂਰੇ ਕੈਨੇਡਾ ਤੋਂ ਆਉਣ ਵਾਲੇ ਫੁੱਟਬਾਲ ਪ੍ਰੇਮੀਆਂ ਦਾ ਸਵਾਗਤ ਕਰਨ ਲਈ ਤਿਆਰ ਹੈ। ਉਨ੍ਹਾਂ ਨੇ ਐਡਮੰਟਨ ਐਲਕਸ ਨੂੰ ਅਲਬਰਟਾ ਦੀ ਟੀਮ ਦੱਸਦਿਆਂ ਉਮੀਦ ਜਤਾਈ ਕਿ ਟੀਮ ਆਪਣੇ ਘਰੇਲੂ ਸੂਬੇ ਵਿੱਚ ਗ੍ਰੇਅ ਕੱਪ ਜਿੱਤੇਗੀ।

ਸੈਰ-ਸਪਾਟਾ ਅਤੇ ਖੇਡ ਮੰਤਰੀ ਐਂਡਰਿਊ ਬੋਇਚੈਂਕੋ ਨੇ ਵੀ ਇਸ ਸਮਾਗਮ ਨੂੰ ਅਲਬਰਟਾ ਲਈ ਮਾਣ ਵਾਲੀ ਗੱਲ ਦੱਸਦਿਆਂ ਕਿਹਾ ਕਿ ਇਹ ਸੂਬੇ ਨੂੰ ਵੱਡੇ ਖੇਡ ਸਮਾਗਮਾਂ ਦੇ ਪ੍ਰਮੁੱਖ ਕੇਂਦਰ ਵਜੋਂ ਪੇਸ਼ ਕਰਨ ਦਾ ਵਧੀਆ ਮੌਕਾ ਹੈ।ਇਹ ਸਮਾਗਮ ਟੂਰਿਜ਼ਮ ਕੈਲਗਰੀ ਅਤੇ ਅਲਬਰਟਾ ਸਰਕਾਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਕੈਲਗਰੀ ਛੇਵੀਂ ਵਾਰ ਗ੍ਰੇਅ ਕੱਪ ਦੀ ਮੇਜ਼ਬਾਨੀ ਕਰੇਗਾ। ਇਸ ਨਾਲ ਸ਼ਹਿਰ ਦੇ ਸੈਰ-ਸਪਾਟਾ, ਹੋਟਲਾਂ, ਰੈਸਟੋਰੈਂਟਾਂ ਅਤੇ ਸਥਾਨਕ ਕਾਰੋਬਾਰਾਂ ਨੂੰ ਵੱਡਾ ਲਾਭ ਮਿਲਣ ਦੀ ਉਮੀਦ ਹੈ।