ਕੈਨੇਡਾ ਦੀ ਬੇਰੁਜ਼ਗਾਰੀ ਦਰ 6.7% ਤੱਕ ਪਹੁੰਚੀ, ਫ਼ਰਵਰੀ ਵਿੱਚ 84,000 ਨੌਕਰੀਆਂ ਖਤਮ

ਕੈਨੇਡਾ ਦੀ ਬੇਰੁਜ਼ਗਾਰੀ ਦਰ 6.7% ਤੱਕ ਪਹੁੰਚੀ, ਫ਼ਰਵਰੀ ਵਿੱਚ 84,000 ਨੌਕਰੀਆਂ ਖਤਮ

ਓਟਵਾ-ਕੈਨੇਡਾ ਦੇ ਰੁਜ਼ਗਾਰ ਬਾਜ਼ਾਰ ਨੂੰ ਫ਼ਰਵਰੀ ਮਹੀਨੇ ਦੌਰਾਨ ਵੱਡਾ ਝਟਕਾ ਲੱਗਿਆ ਹੈ। ਨਵੇਂ ਅੰਕੜਿਆਂ ਮੁਤਾਬਕ ਦੇਸ਼ ਵਿੱਚ ਲਗਭਗ 84,000 ਨੌਕਰੀਆਂ ਖਤਮ ਹੋ ਗਈਆਂ, ਜਿਸ ਕਾਰਨ ਬੇਰੁਜ਼ਗਾਰੀ ਦਰ ਵਧ ਕੇ 6.7 ਫ਼ੀਸਦੀ ਹੋ ਗਈ ਹੈ। ਇਹ ਜਾਣਕਾਰੀ Statistics Canada ਵੱਲੋਂ ਜਾਰੀ ਰਿਪੋਰਟ ਵਿੱਚ ਸਾਹਮਣੇ ਆਈ ਹੈ।

ਰਿਪੋਰਟ ਅਨੁਸਾਰ ਨੌਕਰੀਆਂ ਵਿੱਚ ਆਈ ਕਮੀ ਦਾ ਮੁੱਖ ਕਾਰਨ ਫੁੱਲ-ਟਾਈਮ ਅਤੇ ਪ੍ਰਾਈਵੇਟ ਸੈਕਟਰ ਦੀਆਂ ਨੌਕਰੀਆਂ ਘਟਣਾ ਹੈ। ਪਿਛਲੇ ਕੁਝ ਮਹੀਨਿਆਂ ਦੌਰਾਨ ਪ੍ਰਾਈਵੇਟ ਸੈਕਟਰ ਵਿੱਚ ਹੋਇਆ ਥੋੜ੍ਹਾ ਬਹੁਤ ਵਾਧਾ ਵੀ ਹੁਣ ਲਗਭਗ ਖਤਮ ਹੋ ਗਿਆ ਹੈ।

ਉਮਰ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਸਭ ਤੋਂ ਵੱਧ ਅਸਰ 25 ਤੋਂ 55 ਸਾਲ ਦੇ ਲੋਕਾਂ ’ਤੇ ਪਿਆ ਹੈ। ਇਸਦੇ ਨਾਲ ਹੀ 15 ਤੋਂ 24 ਸਾਲ ਦੇ ਨੌਜਵਾਨਾਂ ਲਈ ਵੀ ਰੁਜ਼ਗਾਰ ਦੇ ਮੌਕੇ ਘਟੇ ਹਨ। ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦਰ ਵਧ ਕੇ 14.1 ਫ਼ੀਸਦੀ ਤੱਕ ਪਹੁੰਚ ਗਈ ਹੈ।

ਅਰਥਸ਼ਾਸਤਰੀਆਂ ਦੇ ਮੁਤਾਬਕ ਇਹ ਅੰਕੜੇ ਉਮੀਦਾਂ ਦੇ ਉਲਟ ਹਨ। ਵਿਸ਼ਲੇਸ਼ਕਾਂ ਨੂੰ ਅੰਦਾਜ਼ਾ ਸੀ ਕਿ ਫ਼ਰਵਰੀ ਵਿੱਚ ਲਗਭਗ 10,000 ਨਵੀਆਂ ਨੌਕਰੀਆਂ ਬਣਣਗੀਆਂ, ਪਰ ਹਕੀਕਤ ਵਿੱਚ ਵੱਡੀ ਗਿਣਤੀ ਵਿੱਚ ਨੌਕਰੀਆਂ ਘਟ ਗਈਆਂ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਥਿਤੀ Bank of Canada ਲਈ ਵੀ ਚਿੰਤਾ ਦਾ ਕਾਰਨ ਬਣ ਸਕਦੀ ਹੈ ਕਿਉਂਕਿ ਲੇਬਰ ਮਾਰਕੀਟ ਦੀ ਰਫ਼ਤਾਰ ਮੰਦੀ ਪੈਂਦੀ ਦਿਖ ਰਹੀ ਹੈ।

ਇਸਦੇ ਬਾਵਜੂਦ ਤਨਖ਼ਾਹਾਂ ਵਿੱਚ ਕੁਝ ਵਾਧਾ ਦਰਜ ਕੀਤਾ ਗਿਆ ਹੈ। ਔਸਤ ਪ੍ਰਤੀ ਘੰਟਾ ਤਨਖ਼ਾਹ ਪਿਛਲੇ ਸਾਲ ਦੇ ਮੁਕਾਬਲੇ 3.9 ਫ਼ੀਸਦੀ ਵਧ ਕੇ 37.56 ਡਾਲਰ ਹੋ ਗਈ ਹੈ। ਇਸੇ ਨਾਲ ਮਜ਼ਦੂਰੀ ਬਾਜ਼ਾਰ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਦੀ ਦਰ 0.1 ਫ਼ੀਸਦੀ ਘਟ ਕੇ 64.9 ਫ਼ੀਸਦੀ ਰਹਿ ਗਈ ਹੈ।