ਏਸ਼ੀਆ ਵਿੱਚ ਊਰਜਾ ਭਾਈਵਾਲੀ ਮਜ਼ਬੂਤ ਕਰਨ ਲਈ ਜਾਪਾਨ ਅਤੇ ਦੱਖਣੀ ਕੋਰੀਆ ਦੌਰੇ 'ਤੇ ਜਾਣਗੇ ਮੰਤਰੀ ਬ੍ਰਾਇਨ ਜੀਨ
ਐਡਮੰਟਨ-ਅਲਬਰਟਾ ਦੇ ਊਰਜਾ ਅਤੇ ਖਣਿਜ ਮੰਤਰੀ ਬ੍ਰਾਇਨ ਜੀਨ 15 ਤੋਂ 20 ਜੂਨ ਤੱਕ ਜਾਪਾਨ ਅਤੇ ਦੱਖਣੀ ਕੋਰੀਆ ਦਾ ਦੌਰਾ ਕਰਨਗੇ। ਇਸ ਦੌਰੇ ਦਾ ਉਦੇਸ਼ ਏਸ਼ੀਆ-ਪੈਸੀਫਿਕ ਖੇਤਰ ਦੇ ਮਹੱਤਵਪੂਰਨ ਬਾਜ਼ਾਰਾਂ ਨਾਲ ਅਲਬਰਟਾ ਦੀ ਊਰਜਾ ਅਤੇ ਖਣਿਜ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨਾ ਹੈ।ਟੋਕੀਓ ਅਤੇ ਸਿਓਲ ਵਿੱਚ ਹੋਣ ਵਾਲੀਆਂ ਦੋਪੱਖੀ ਮੀਟਿੰਗਾਂ ਦੌਰਾਨ ਮੰਤਰੀ ਜੀਨ ਅਲਬਰਟਾ ਨੂੰ ਇੱਕ ਭਰੋਸੇਯੋਗ ਅਤੇ ਲੰਬੇ ਸਮੇਂ ਲਈ ਊਰਜਾ ਸਪਲਾਈ ਕਰਨ ਵਾਲੇ ਭਾਈਵਾਲ ਵਜੋਂ ਪੇਸ਼ ਕਰਨਗੇ। ਉਹ ਜਾਪਾਨ ਅਤੇ ਦੱਖਣੀ ਕੋਰੀਆ ਦੇ ਸਰਕਾਰੀ ਅਤੇ ਉਦਯੋਗਿਕ ਪ੍ਰਤੀਨਿਧੀਆਂ ਨਾਲ ਮੁਲਾਕਾਤ ਕਰਕੇ ਅਲਬਰਟਾ ਦੇ ਜ਼ਿੰਮੇਵਾਰ ਊਰਜਾ ਖੇਤਰ ਅਤੇ ਵਿਸ਼ਵ ਊਰਜਾ ਸੁਰੱਖਿਆ ਵਿੱਚ ਇਸਦੀ ਭੂਮਿਕਾ ਬਾਰੇ ਚਰਚਾ ਕਰਨਗੇ।
ਮੰਤਰੀ ਜੀਨ ਨੇ ਕਿਹਾ ਕਿ ਦੁਨੀਆ ਭਰ ਦੇ ਦੇਸ਼ ਸਪਲਾਈ ਵਿੱਚ ਰੁਕਾਵਟਾਂ ਅਤੇ ਕੀਮਤਾਂ ਵਿੱਚ ਉਤਾਰ-ਚੜ੍ਹਾਅ ਤੋਂ ਬਚਣ ਲਈ ਭਰੋਸੇਯੋਗ ਊਰਜਾ ਭਾਈਵਾਲਾਂ ਦੀ ਭਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਸ਼ਾਲ ਊਰਜਾ ਭੰਡਾਰਾਂ, ਮਜ਼ਬੂਤ ਨਿਯਮਾਂ ਅਤੇ ਉੱਚ ਮਿਆਰਾਂ ਕਾਰਨ ਅਲਬਰਟਾ ਇਸ ਲੋੜ ਨੂੰ ਪੂਰਾ ਕਰਨ ਲਈ ਸਭ ਤੋਂ ਵਧੀਆ ਚੋਣ ਹੈ। ਦੌਰੇ ਦੌਰਾਨ ਕੈਨੇਡਾ ਦੇ ਪੱਛਮੀ ਤੱਟ ਤੱਕ ਪ੍ਰਸਤਾਵਿਤ ਪਾਈਪਲਾਈਨ ਸਬੰਧੀ ਵੀ ਚਰਚਾ ਹੋਵੇਗੀ। ਅਲਬਰਟਾ ਸਰਕਾਰ ਦਾ ਮੰਨਣਾ ਹੈ ਕਿ ਨਵੀਂ ਬੁਨਿਆਦੀ ਢਾਂਚਾਗਤ ਸੁਵਿਧਾਵਾਂ ਅਤੇ ਬਾਜ਼ਾਰਾਂ ਤੱਕ ਵਧੀਆ ਪਹੁੰਚ ਸੂਬੇ ਦੀ ਆਰਥਿਕ ਤਰੱਕੀ ਲਈ ਜ਼ਰੂਰੀ ਹਨ।ਇਹ ਯਤਨ ਅਲਬਰਟਾ ਅਤੇ ਓਟਾਵਾ ਵਿਚਾਲੇ ਹੋਏ ਸਮਝੌਤੇ ਨਾਲ ਵੀ ਜੁੜੇ ਹੋਏ ਹਨ, ਜਿਸ ਅਧੀਨ ਏਸ਼ੀਆਈ ਬਾਜ਼ਾਰਾਂ ਤੱਕ ਤੇਲ ਪਹੁੰਚਾਉਣ ਲਈ ਸਵਦੇਸ਼ੀ ਭਾਈਚਾਰਿਆਂ ਦੀ ਸਾਂਝੀ ਮਾਲਕੀ ਵਾਲੀ ਪਾਈਪਲਾਈਨ ਨੂੰ ਰਾਸ਼ਟਰੀ ਮਹੱਤਤਾ ਵਾਲੇ ਪ੍ਰਾਜੈਕਟ ਵਜੋਂ ਮੰਨਿਆ ਗਿਆ ਹੈ।ਮੰਤਰੀ ਜੀਨ ਇਸ ਦੌਰੇ ਦੌਰਾਨ ਅਲਬਰਟਾ ਦੇ ਕੁਦਰਤੀ ਗੈਸ ਖੇਤਰ ਅਤੇ ਪ੍ਰੋਪੇਨ ਵਰਗੇ ਉਤਪਾਦਾਂ ਵਿੱਚ ਨਿਵੇਸ਼ ਦੇ ਮੌਕਿਆਂ ਨੂੰ ਵੀ ਉਜਾਗਰ ਕਰਨਗੇ, ਜਿਨ੍ਹਾਂ ਦੀ ਏਸ਼ੀਆਈ ਦੇਸ਼ਾਂ ਵਿੱਚ ਕਾਫ਼ੀ ਮੰਗ ਹੈ।
ਇਸ ਮੌਕੇ ਦੱਸ ਦੇਈਏ ਕਿ ਮੰਤਰੀ ਬ੍ਰਾਇਨ ਜੀਨ ਆਪਣੇ ਏਸ਼ੀਆ ਦੌਰੇ ਦੀ ਸ਼ੁਰੂਆਤ 13 ਜੂਨ ਤੋਂ ਕਰਨਗੇ। ਦੌਰੇ ਦੌਰਾਨ ਉਹ 13 ਜੂਨ ਨੂੰ ਟੋਕੀਓ, ਜਾਪਾਨ ਲਈ ਰਵਾਨਾ ਹੋਣਗੇ, 14 ਜੂਨ ਨੂੰ ਉੱਥੇ ਪਹੁੰਚਣਗੇ ਅਤੇ 15 ਤੋਂ 19 ਜੂਨ ਤੱਕ ਜਾਪਾਨ ਤੇ ਦੱਖਣੀ ਕੋਰੀਆ ਵਿੱਚ ਸਰਕਾਰੀ ਅਤੇ ਉਦਯੋਗਿਕ ਹਿੱਸੇਦਾਰਾਂ ਨਾਲ ਕਈ ਅਹਿਮ ਮੀਟਿੰਗਾਂ ਕਰਨਗੇ। ਇਸ ਤੋਂ ਬਾਅਦ 20 ਜੂਨ ਨੂੰ ਉਹ ਅਲਬਰਟਾ ਵਾਪਸ ਪਰਤਣਗੇ।
















