ਅਲਬਰਟਾ ਵਿੱਚ 200 ਮਿਲੀਅਨ ਡਾਲਰ ਨਾਲ 189 ਨਵੇਂ ਮੋਡਿਊਲਰ ਕਲਾਸਰੂਮ ਬਣਾਏ ਜਾਣਗੇ
ਕੈਲਗਰੀ-ਅਲਬਰਟਾ ਸਰਕਾਰ ਵੱਲੋਂ ਸੂਬੇ ਦੇ ਤੇਜ਼ੀ ਨਾਲ ਵਧ ਰਹੇ ਇਲਾਕਿਆਂ ਵਿੱਚ ਸਕੂਲੀ ਭੀੜ ਨੂੰ ਘਟਾਉਣ ਲਈ ਵੱਡਾ ਐਲਾਨ ਕੀਤਾ ਗਿਆ ਹੈ। ਸਰਕਾਰ ਨੇ 200 ਮਿਲੀਅਨ ਡਾਲਰ ਦੀ ਲਾਗਤ ਨਾਲ 189 ਨਵੇਂ ਮੋਡਿਊਲਰ ਕਲਾਸਰੂਮ ਬਣਾਉਣ ਦੀ ਯੋਜਨਾ ਬਣਾਈ ਹੈ।ਇਹ ਐਲਾਨ ਸਿੱਖਿਆ ਅਤੇ ਬੱਚਾ ਸੰਭਾਲ ਮੰਤਰੀ ਡੈਮੇਟ੍ਰਿਓਸ ਨਿਕੋਲਾਇਡਸ ਵੱਲੋਂ ਕੀਤਾ ਗਿਆ। ਇਹ ਯੋਜਨਾ ਤਿੰਨ ਸਾਲਾਂ ਦੇ 600 ਮਿਲੀਅਨ ਡਾਲਰ ਦੇ ਵੱਡੇ ਪ੍ਰੋਗਰਾਮ ਦਾ ਹਿੱਸਾ ਹੈ, ਜਿਸਦਾ ਮਕਸਦ ਸਕੂਲਾਂ ਵਿੱਚ ਵੱਧ ਰਹੀ ਭੀੜ ਨੂੰ ਕੰਟਰੋਲ ਕਰਨਾ ਹੈ।
ਸਰਕਾਰ ਮੁਤਾਬਕ ਇਹ ਨਵੇਂ ਕਲਾਸਰੂਮ 2026–27 ਦੇ ਸਕੂਲੀ ਸਾਲ ਤੱਕ ਤਿਆਰ ਹੋ ਜਾਣਗੇ। ਇਨ੍ਹਾਂ ਵਿੱਚੋਂ ਲਗਭਗ ਦੋ ਤਿਹਾਈ ਕਲਾਸਰੂਮ ਕੈਲਗਰੀ ਅਤੇ ਐਡਮੰਟਨ ਵਿੱਚ ਬਣਾਏ ਜਾਣਗੇ, ਜਿੱਥੇ ਵਿਦਿਆਰਥੀਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ।ਮੰਤਰੀ ਨਿਕੋਲਾਇਡਸ ਨੇ ਕਿਹਾ ਕਿ ਇਹ ਫੈਸਲੇ ਸੂਬਾ-ਪੱਧਰੀ ਮਾਪਦੰਡਾਂ ਜਿਵੇਂ ਕਿ ਵਿਦਿਆਰਥੀ ਦਰਜਾ, ਇਮਾਰਤ ਦੀ ਵਰਤੋਂ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਕੀਤੇ ਗਏ ਹਨ।
ਯੋਜਨਾ ਅਧੀਨ 12 ਨਵੇਂ ਵਾਸ਼ਰੂਮ ਯੂਨਿਟ, 10 ਪੁਰਾਣਿਆਂ ਦੀ ਬਦਲੀ ਅਤੇ 29 ਕਲਾਸਰੂਮਾਂ ਦੀ ਸ਼ਿਫਟਿੰਗ ਵੀ ਕੀਤੀ ਜਾਵੇਗੀ। ਕੈਲਗਰੀ ਬੋਰਡ ਆਫ ਐਜੂਕੇਸ਼ਨ ਨੂੰ 46 ਯੂਨਿਟ, ਕੈਲਗਰੀ ਕੈਥੋਲਿਕ ਨੂੰ 12, ਐਡਮੰਟਨ ਕੈਥੋਲਿਕ ਨੂੰ 31 ਅਤੇ ਐਡਮੰਟਨ ਪਬਲਿਕ ਨੂੰ 32 ਯੂਨਿਟ ਮਿਲਣਗੇ, ਜਦਕਿ 68 ਹੋਰ ਯੂਨਿਟ ਹੋਰ ਵਧ ਰਹੇ ਇਲਾਕਿਆਂ ਵਿੱਚ ਵੰਡੇ ਜਾਣਗੇ।
ਇਸ ਨਿਵੇਸ਼ ਨਾਲ ਲਗਭਗ 5,450 ਨਵੇਂ ਵਿਦਿਆਰਥੀ ਸਥਾਨ ਤਿਆਰ ਹੋਣ ਦੀ ਉਮੀਦ ਹੈ।ਕੈਲਗਰੀ ਬੋਰਡ ਆਫ ਐਜੂਕੇਸ਼ਨ ਦੀ ਚੇਅਰਪਰਸਨ ਲੌਰਾ ਹੈਕ ਨੇ ਕਿਹਾ ਕਿ ਮੋਡਿਊਲਰ ਕਲਾਸਰੂਮ ਆਮ ਕਲਾਸਾਂ ਵਾਂਗ ਹੀ ਹੁੰਦੇ ਹਨ ਅਤੇ ਸਾਰੇ ਸੂਬਾਈ ਮਿਆਰਾਂ ‘ਤੇ ਖਰੇ ਉਤਰਦੇ ਹਨ। ਉਨ੍ਹਾਂ ਨੇ ਕਿਹਾ ਕਿ ਬਾਹਰੋਂ ਦੇਖਣ ਤੋਂ ਇਲਾਵਾ ਅੰਦਰੋਂ ਇਹ ਪੂਰੀ ਤਰ੍ਹਾਂ ਆਮ ਕਲਾਸਰੂਮ ਵਰਗੇ ਹੀ ਹੁੰਦੇ ਹਨ।
ਸਰਕਾਰ ਨੇ ਦੱਸਿਆ ਕਿ ਆਮ ਤੌਰ ‘ਤੇ ਮੋਡਿਊਲਰ ਕਲਾਸਰੂਮ 8 ਤੋਂ 12 ਮਹੀਨਿਆਂ ਵਿੱਚ ਤਿਆਰ ਹੋ ਜਾਂਦੇ ਹਨ, ਜੋ ਕਿ ਸਾਈਟ ਦੀ ਤਿਆਰੀ ਅਤੇ ਪ੍ਰੋਜੈਕਟ ਦੀ ਜਟਿਲਤਾ ‘ਤੇ ਨਿਰਭਰ ਕਰਦਾ ਹੈ।
















