ਫਿਲਿਪ ਪੀਟਰਜ਼ ਨੇ ਅਲਬਰਟਾ ਦੇ ਨਵੇਂ ਆਡੀਟਰ ਜਨਰਲ ਵਜੋਂ ਚੁੱਕੀ ਸਹੁੰ

ਫਿਲਿਪ ਪੀਟਰਜ਼ ਨੇ ਅਲਬਰਟਾ ਦੇ ਨਵੇਂ ਆਡੀਟਰ ਜਨਰਲ ਵਜੋਂ ਚੁੱਕੀ ਸਹੁੰ

ਐਡਮੰਟਨ-ਫਿਲਿਪ ਪੀਟਰਜ਼ ਨੇ ਅੱਜ ਅਧਿਕਾਰਿਕ ਤੌਰ ’ਤੇ ਅਲਬਰਟਾ ਦੇ 12ਵੇਂ ਆਡੀਟਰ ਜਨਰਲ ਵਜੋਂ ਸਹੁੰ ਚੁੱਕ ਲਈ। ਸਹੁੰ ਚੁਕਾਉਣ ਦੀ ਰਸਮ 3 ਜੂਨ ਨੂੰ ਅਲਬਰਟਾ ਲੈਜਿਸਲੇਚਰ ਵਿੱਚ ਕਰਵਾਈ ਗਈ।ਸਪੀਕਰ ਰਿਕ ਮੈਕਆਈਵਰ ਨੇ ਇਸ ਮੌਕੇ ’ਤੇ ਕਿਹਾ ਕਿ ਫਿਲਿਪ ਪੀਟਰਜ਼ ਦਾ ਵਿਸ਼ਾਲ ਤਜਰਬਾ, ਪਬਲਿਕ ਸਰਵਿਸ ਪ੍ਰਤੀ ਸਮਰਪਣ ਅਤੇ ਲੀਡਰਸ਼ਿਪ ਉਨ੍ਹਾਂ ਨੂੰ ਇਸ ਨਵੀਂ ਜ਼ਿੰਮੇਵਾਰੀ ਵਿੱਚ ਕਾਮਯਾਬ ਬਣਾਏਗੀ।

ਨਵੇਂ ਆਡੀਟਰ ਜਨਰਲ ਫਿਲਿਪ ਪੀਟਰਜ਼ ਨੇ ਕਿਹਾ ਕਿ ਉਹ ਇਸ ਅਹੁਦੇ ਲਈ ਆਪਣੇ ਆਪ ਨੂੰ ਮਾਣਵਾਂ ਮਹਿਸੂਸ ਕਰਦੇ ਹਨ ਅਤੇ ਅਲਬਰਟਾ ਦੇ ਲੋਕਾਂ ਦੀ ਸੇਵਾ ਕਰਨ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਉਹ ਸੂਬੇ ਦੇ ਸਰਕਾਰੀ ਕਰਮਚਾਰੀਆਂ ਦੇ ਕੰਮ ਅਤੇ ਉਨ੍ਹਾਂ ਦੀ ਸੇਵਾ ਭਾਵਨਾ ਦਾ ਡੂੰਘਾ ਸਤਿਕਾਰ ਕਰਦੇ ਹਨ।ਪੀਟਰਜ਼ ਨੇ ਕਿਹਾ ਕਿ ਆਡੀਟਰ ਜਨਰਲ ਦਾ ਦਫ਼ਤਰ ਉਨ੍ਹਾਂ ਖੇਤਰਾਂ ’ਤੇ ਧਿਆਨ ਦੇਵੇਗਾ ਜਿੱਥੇ ਸਭ ਤੋਂ ਵੱਧ ਪ੍ਰਭਾਵ ਪਾਇਆ ਜਾ ਸਕੇ। ਉਨ੍ਹਾਂ ਮੁਤਾਬਕ ਦਫ਼ਤਰ ਸੁਤੰਤਰ ਅਤੇ ਨਿਰਪੱਖ ਵਿਸ਼ਲੇਸ਼ਣ ਰਾਹੀਂ ਐਸੀ ਸਿਫਾਰਸ਼ਾਂ ਦੇਵੇਗਾ ਜੋ ਜਵਾਬਦੇਹੀ ਨੂੰ ਮਜ਼ਬੂਤ ਕਰਨ ਅਤੇ ਅਲਬਰਟਾ ਵਾਸੀਆਂ ਲਈ ਬਿਹਤਰ ਸੇਵਾਵਾਂ ਅਤੇ ਪ੍ਰੋਗਰਾਮ ਯਕੀਨੀ ਬਣਾਉਣ ਵਿੱਚ ਮਦਦਗਾਰ ਸਾਬਤ ਹੋਣ।

ਫਿਲਿਪ ਪੀਟਰਜ਼ 2017 ਵਿੱਚ ਅਲਬਰਟਾ ਦੇ Office of the Auditor General ਨਾਲ Legislative Audit Advisor ਵਜੋਂ ਜੁੜੇ ਸਨ। ਇਸ ਦੌਰਾਨ ਉਨ੍ਹਾਂ ਨੇ ਆਡਿਟ ਟੀਮਾਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਕਾਨੂੰਨੀ, ਪ੍ਰਸ਼ਾਸਕੀ ਅਤੇ ਜਵਾਬਦੇਹੀ ਨਾਲ ਸੰਬੰਧਿਤ ਜਟਿਲ ਮਾਮਲਿਆਂ ’ਤੇ ਮਾਰਗਦਰਸ਼ਨ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।ਸਪੀਕਰ ਮੈਕਆਈਵਰ ਨੇ ਕਿਹਾ ਕਿ ਪੀਟਰਜ਼ ਦੀਆਂ ਇਹ ਯੋਗਤਾਵਾਂ ਉਨ੍ਹਾਂ ਨੂੰ ਨਵੇਂ ਅਹੁਦੇ ’ਤੇ ਸਫਲਤਾ ਨਾਲ ਕੰਮ ਕਰਨ ਵਿੱਚ ਮਦਦ ਕਰਨਗੀਆਂ।ਜ਼ਿਕਰਯੋਗ ਹੈ ਕਿ ਆਡੀਟਰ ਜਨਰਲ ਵਿਧਾਨ ਸਭਾ ਦਾ ਇੱਕ ਗੈਰ-ਪੱਖਪਾਤੀ ਅਧਿਕਾਰੀ ਹੁੰਦਾ ਹੈ, ਜਿਸ ਦੀ ਜ਼ਿੰਮੇਵਾਰੀ ਅਲਬਰਟਾ ਸਰਕਾਰ ਦੇ ਮੰਤਰਾਲਿਆਂ, ਵਿਭਾਗਾਂ, ਏਜੰਸੀਆਂ ਅਤੇ ਫੰਡਾਂ ਦੀ ਸੁਤੰਤਰ ਜਾਂਚ ਕਰਨੀ ਹੁੰਦੀ ਹੈ। ਇਹ ਦਫ਼ਤਰ Auditor General Act ਤਹਿਤ ਕੰਮ ਕਰਦਾ ਹੈ।