ਅਲਬਰਟਾ ਵਿੱਚ ਸਕਿਲਡ ਟ੍ਰੇਡ ਵਰਕਰਾਂ ਲਈ ਨਵੀਆਂ ਟ੍ਰੇਨਿੰਗ ਮੌਕਿਆਂ ਦਾ ਐਲਾਨ
ਐਡਮੰਟਨ-ਅਲਬਰਟਾ ਸਰਕਾਰ ਨੇ ਸਕਿਲਡ ਟ੍ਰੇਡ ਵਰਕਰਾਂ ਲਈ ਟ੍ਰੇਨਿੰਗ ਦੇ ਮੌਕੇ ਵਧਾਉਣ ਵਾਸਤੇ 40 ਲੱਖ ਡਾਲਰ ਦੀ ਨਵੀਂ ਫੰਡਿੰਗ ਦਾ ਐਲਾਨ ਕੀਤਾ ਹੈ। ਇਸ ਯੋਜਨਾ ਦਾ ਮਕਸਦ ਵਰਕਰਾਂ ਨੂੰ ਨੌਕਰੀ ਕਰਦੇ ਹੋਏ ਹੀ ਨਵੀਆਂ ਕੁਸ਼ਲਤਾਵਾਂ ਸਿੱਖਣ ਅਤੇ ਜਲਦੀ ਸਰਟੀਫਿਕੇਸ਼ਨ ਹਾਸਲ ਕਰਨ ਵਿੱਚ ਮਦਦ ਕਰਨਾ ਹੈ।ਇਹ ਪ੍ਰੋਗਰਾਮ Christian Labour Association of Canada (CLAC) ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਹੈ। ਇਸ ਦੇ ਤਹਿਤ ਇੱਕ ਅਡਵਾਂਸਡ ਲਰਨਿੰਗ ਪਲੇਟਫਾਰਮ ਰਾਹੀਂ ਟ੍ਰੇਡ ਵਰਕਰਾਂ ਨੂੰ ਸਰਟੀਫਿਕੇਸ਼ਨ ਅਤੇ Red Seal ਇਮਤਿਹਾਨਾਂ ਦੀ ਤਿਆਰੀ ਕਰਵਾਈ ਜਾਵੇਗੀ। ਇਹ ਪਲੇਟਫਾਰਮ ਵਰਕਰਾਂ ਦੀ ਪਹਿਲਾਂ ਤੋਂ ਮੌਜੂਦ ਜਾਣਕਾਰੀ ਨੂੰ ਜਾਂਚ ਕੇ ਉਨ੍ਹਾਂ ਨੂੰ ਉਹੀ ਸਿਖਲਾਈ ਦਿੰਦਾ ਹੈ ਜਿਸ ਦੀ ਉਨ੍ਹਾਂ ਨੂੰ ਲੋੜ ਹੈ, ਜਿਸ ਨਾਲ ਸਿੱਖਣ ਦੀ ਪ੍ਰਕਿਰਿਆ ਹੋਰ ਤੇਜ਼ ਅਤੇ ਪ੍ਰਭਾਵਸ਼ਾਲੀ ਬਣਦੀ ਹੈ।
ਦੋ ਸਾਲਾਂ ਦੇ ਇਸ ਪਾਇਲਟ ਪ੍ਰੋਗਰਾਮ ਦਾ ਮਕਸਦ ਮਾਹਿਰ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰਨਾ, ਵਰਕਫੋਰਸ ਨੂੰ ਮਜ਼ਬੂਤ ਕਰਨਾ ਅਤੇ ਕਰਮਚਾਰੀਆਂ ਨੂੰ ਬਿਨਾਂ ਆਮਦਨ ਗੁਆਏ ਆਪਣੀਆਂ ਕੁਸ਼ਲਤਾਵਾਂ ਵਿੱਚ ਸੁਧਾਰ ਕਰਨ ਦਾ ਮੌਕਾ ਦੇਣਾ ਹੈ।ਜਾਬਜ਼, ਇਕਾਨਮੀ, ਟਰੇਡ ਐਂਡ ਇਮੀਗ੍ਰੇਸ਼ਨ ਮੰਤਰੀ ਜੋਸਫ਼ ਸ਼ੋਵ ਨੇ ਕਿਹਾ ਕਿ ਅਲਬਰਟਾ ਦੀ ਸਭ ਤੋਂ ਵੱਡੀ ਤਾਕਤ ਇਸ ਦੀ ਵਰਕਫੋਰਸ ਹੈ ਅਤੇ ਨਵੀਆਂ ਉਦਯੋਗਿਕ ਯੋਜਨਾਵਾਂ ਨਾਲ ਸਕਿਲਡ ਵਰਕਰਾਂ ਦੀ ਮੰਗ ਲਗਾਤਾਰ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਯੋਜਨਾ ਸਰਕਾਰ ਅਤੇ ਉਦਯੋਗਾਂ ਵਿਚਕਾਰ ਸਹਿਯੋਗ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਸੂਬੇ ਦੀ ਅਰਥਵਿਵਸਥਾ ਨੂੰ ਫਾਇਦਾ ਪਹੁੰਚਾਵੇਗੀ।
ਇਸ ਪਾਇਲਟ ਪ੍ਰੋਗਰਾਮ ਤਹਿਤ ਘੱਟੋ-ਘੱਟ 200 ਵਰਕਰਾਂ ਨੂੰ ਸਹਾਇਤਾ ਦਿੱਤੀ ਜਾਵੇਗੀ। ਇਸ ਵਿੱਚ ਵੈਲਡਿੰਗ, ਸਟੀਮਫਿਟਰ-ਪਾਈਪਫਿਟਿੰਗ, ਇੰਸਟਰੂਮੈਂਟੇਸ਼ਨ ਅਤੇ ਆਇਰਨਵਰਕਿੰਗ ਵਰਗੀਆਂ ਉੱਚ ਮੰਗ ਵਾਲੀਆਂ ਟ੍ਰੇਡਾਂ ਸ਼ਾਮਲ ਹਨ, ਜੋ ਅਲਬਰਟਾ ਦੇ ਵੱਡੇ ਉਦਯੋਗਿਕ ਪ੍ਰਾਜੈਕਟਾਂ ਲਈ ਬਹੁਤ ਮਹੱਤਵਪੂਰਨ ਮੰਨੀਆਂ ਜਾਂਦੀਆਂ ਹਨ।
ਐਡਵਾਂਸਡ ਐਜੂਕੇਸ਼ਨ ਮੰਤਰੀ ਮਾਈਲਜ਼ ਮੈਕਡੂਗਲ ਨੇ ਕਿਹਾ ਕਿ ਅਲਬਰਟਾ ਨੂੰ ਹੋਰ ਪ੍ਰਮਾਣਿਤ ਟ੍ਰੇਡ ਪ੍ਰੋਫੈਸ਼ਨਲਜ਼ ਦੀ ਲੋੜ ਹੈ ਅਤੇ ਇਹ ਪ੍ਰੋਗਰਾਮ ਤਜਰਬੇਕਾਰ ਵਰਕਰਾਂ ਨੂੰ ਜਲਦੀ ਯੋਗਤਾ ਹਾਸਲ ਕਰਨ ਵਿੱਚ ਮਦਦ ਕਰੇਗਾ।CLAC, ਜੋ ਕਿ ਕੈਨੇਡਾ ਦੀ ਸਭ ਤੋਂ ਵੱਡੀ ਸੁਤੰਤਰ ਮਲਟੀ-ਸੈਕਟਰ ਯੂਨੀਅਨ ਹੈ, ਅਲਬਰਟਾ ਵਿੱਚ ਲਗਭਗ 24,000 ਵਰਕਰਾਂ ਦੀ ਨੁਮਾਇੰਦਗੀ ਕਰਦੀ ਹੈ। ਇਹ ਸੰਸਥਾ “Built To Learn” ਨਾਮਕ ਕੈਨੇਡੀਅਨ ਟ੍ਰੇਨਿੰਗ ਪ੍ਰਦਾਤਾ ਨਾਲ ਮਿਲ ਕੇ ਇਹ ਅਡੈਪਟਿਵ ਲਰਨਿੰਗ ਪਲੇਟਫਾਰਮ ਚਲਾਏਗੀ।CLAC ਦੇ ਪ੍ਰਾਂਤੀ ਡਾਇਰੈਕਟਰ ਡੈਨਿਸ ਪੈਰਿਨ ਨੇ ਕਿਹਾ ਕਿ ਕਈ ਹੁਨਰਮੰਦ ਵਰਕਰ ਅੱਗੇ ਵਧਣ ਦੇ ਰਸਤੇ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਦੇ ਹਨ ਅਤੇ ਇਹ ਪ੍ਰੋਗਰਾਮ ਉਨ੍ਹਾਂ ਰੁਕਾਵਟਾਂ ਨੂੰ ਦੂਰ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ।Built To Learn ਦੇ ਸੀਈਓ ਜੇਸਨ ਬਾਕਾਲੇਚ ਨੇ ਕਿਹਾ ਕਿ ਅਡੈਪਟਿਵ ਲਰਨਿੰਗ ਰਵਾਇਤੀ ਟ੍ਰੇਨਿੰਗ ਪ੍ਰਣਾਲੀ ਦੀ ਥਾਂ ਨਹੀਂ ਲੈਂਦੀ, ਸਗੋਂ ਉਸਨੂੰ ਹੋਰ ਮਜ਼ਬੂਤ ਬਣਾਉਂਦੀ ਹੈ ਅਤੇ ਵਰਕਰਾਂ, ਟ੍ਰੇਨਰਾਂ ਅਤੇ ਨਿਯੋਗਕਰਤਾਵਾਂ ਲਈ ਬਿਹਤਰ ਨਤੀਜੇ ਲਿਆਉਂਦੀ ਹੈ।ਜ਼ਿਕਰਯੋਗ ਹੈ ਕਿ ਇਹ ਇੱਕ ਵਾਰ ਦੀ ਗ੍ਰਾਂਟ 27 ਮਾਰਚ 2026 ਤੋਂ 27 ਮਾਰਚ 2028 ਤੱਕ ਚੱਲੇਗੀ। ਇਹ ਪਾਇਲਟ ਕੋਈ ਨਵਾਂ ਟੈਸਟ ਜਾਂ ਸਰਟੀਫਿਕੇਸ਼ਨ ਪ੍ਰਕਿਰਿਆ ਨਹੀਂ ਹੈ ਅਤੇ ਮੌਜੂਦਾ Red Seal ਜਾਂ ਹੋਰ ਟ੍ਰੇਡ ਮਿਆਰਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ।
















