ਵੋਟਰ ਜਾਣਕਾਰੀ ਦੀ ਸੁਰੱਖਿਆ ਲਈ ਅਲਬਰਟਾ ਵਿੱਚ ਕੜੇ ਕਾਨੂੰਨਾਂ ਦੀ ਮੰਗ ਤੇਜ਼

ਵੋਟਰ ਜਾਣਕਾਰੀ ਦੀ ਸੁਰੱਖਿਆ ਲਈ ਅਲਬਰਟਾ ਵਿੱਚ ਕੜੇ ਕਾਨੂੰਨਾਂ ਦੀ ਮੰਗ ਤੇਜ਼

ਐਡਮੰਟਨ-ਅਲਬਰਟਾ ਦੀ ਇਨਫਾਰਮੇਸ਼ਨ ਐਂਡ ਪ੍ਰਾਈਵੇਸੀ ਕਮਿਸ਼ਨਰ ਡਾਇਨ ਮੈਕਲਿਓਡ ਨੇ ਹਾਲ ਹੀ ਵਿੱਚ ਕਰਵਾਏ ਗਏ ਇੱਕ ਆਨਲਾਈਨ ਸਰਵੇ ਦੇ ਨਤੀਜਿਆਂ ’ਤੇ ਸੰਤੁਸ਼ਟੀ ਜਤਾਈ ਹੈ। ਇਸ ਸਰਵੇ ਵਿੱਚ ਵੱਡੀ ਗਿਣਤੀ ਵਿੱਚ ਅਲਬਰਟਾ ਵਾਸੀਆਂ ਨੇ ਰਾਜਨੀਤਿਕ ਪਾਰਟੀਆਂ ਕੋਲ ਮੌਜੂਦ ਵੋਟਰਾਂ ਦੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਲਈ ਕੜੇ ਅਤੇ ਲਾਗੂ ਹੋ ਸਕਣ ਵਾਲੇ ਕਾਨੂੰਨਾਂ ਦੀ ਹਮਾਇਤ ਕੀਤੀ ਹੈ।

ਇਹ ਸਰਵੇ ਬ੍ਰਿਟਿਸ਼ ਕੋਲੰਬੀਆ ਫਰੀਡਮ ਆਫ ਇਨਫਾਰਮੇਸ਼ਨ ਐਂਡ ਪ੍ਰਾਈਵੇਸੀ ਐਸੋਸੀਏਸ਼ਨ (BC FIPA) ਦੀ ਓਰੋਂ ਗਲੋਬਲ ਰਿਸਰਚ ਕੰਪਨੀ ਇਪਸੋਸ ਵੱਲੋਂ 22 ਤੋਂ 26 ਮਈ 2026 ਦੌਰਾਨ ਕਰਵਾਇਆ ਗਿਆ ਸੀ। ਸਰਵੇ ਵਿੱਚ ਅਲਬਰਟਾ ਦੇ 801 ਬਾਲਗ ਨਿਵਾਸੀਆਂ ਨੇ ਹਿੱਸਾ ਲਿਆ।ਸਰਵੇ ਉਸ ਵੇਲੇ ਕਰਵਾਇਆ ਗਿਆ ਜਦੋਂ Elections Alberta ਦੀ “List of Electors” ਨਾਲ ਜੁੜੇ ਡਾਟਾ ਲੀਕ ਮਾਮਲੇ ਨੇ ਲੋਕਾਂ ਵਿੱਚ ਚਿੰਤਾ ਪੈਦਾ ਕੀਤੀ ਹੋਈ ਸੀ। ਇਸ ਸੂਚੀ ਵਿੱਚ ਲਗਭਗ 29 ਲੱਖ ਅਲਬਰਟਾ ਵਾਸੀਆਂ ਦੀ ਨਿੱਜੀ ਜਾਣਕਾਰੀ ਸ਼ਾਮਲ ਸੀ, ਜਿਸ ਵਿੱਚ ਨਾਮ, ਪਤੇ, ਪੋਸਟਲ ਕੋਡ, ਫੋਨ ਨੰਬਰ ਅਤੇ ਵੋਟਰ ਪਹਿਚਾਣ ਨੰਬਰ ਸ਼ਾਮਲ ਹਨ।

ਕਮਿਸ਼ਨਰ ਡਾਇਨ ਮੈਕਲਿਓਡ ਨੇ ਇਸ ਘਟਨਾ ਨੂੰ “ਕੈਨੇਡਾ ਦੇ ਇਤਿਹਾਸ ਵਿੱਚ ਵੋਟਰ ਡਾਟਾ ਨਾਲ ਜੁੜੀ ਸਭ ਤੋਂ ਵੱਡੀ ਲੀਕ” ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕਈ ਲੋਕ ਆਪਣੀ ਸੁਰੱਖਿਆ ਨੂੰ ਲੈ ਕੇ ਡਰੇ ਹੋਏ ਹਨ ਅਤੇ ਉਨ੍ਹਾਂ ਦੇ ਦਫ਼ਤਰ ਨੂੰ ਹੁਣ ਤੱਕ ਕਰੀਬ 400 ਫੋਨ ਕਾਲਾਂ ਅਤੇ ਈਮੇਲਾਂ ਮਿਲ ਚੁੱਕੀਆਂ ਹਨ।ਮੈਕਲਿਓਡ ਨੇ ਕਿਹਾ ਕਿ ਉਨ੍ਹਾਂ ਦਾ ਦਫ਼ਤਰ ਕਈ ਸਾਲਾਂ ਤੋਂ ਮੰਗ ਕਰਦਾ ਆ ਰਿਹਾ ਹੈ ਕਿ ਅਲਬਰਟਾ ਦੇ Personal Information Protection Act (PIPA) ਦੇ ਦਾਇਰੇ ਵਿੱਚ ਰਾਜਨੀਤਿਕ ਪਾਰਟੀਆਂ ਨੂੰ ਵੀ ਲਿਆਂਦਾ ਜਾਵੇ। ਉਨ੍ਹਾਂ ਦੇ ਮੁਤਾਬਕ ਜੇਕਰ ਰਾਜਨੀਤਿਕ ਪਾਰਟੀਆਂ ਲੋਕਾਂ ਦੀ ਨਿੱਜੀ ਜਾਣਕਾਰੀ ਇਕੱਠੀ ਕਰਦੀਆਂ ਹਨ ਜਾਂ ਵਰਤਦੀਆਂ ਹਨ ਤਾਂ ਉਨ੍ਹਾਂ ਨੂੰ ਵੀ ਹੋਰ ਸੰਸਥਾਵਾਂ ਵਾਂਗ ਪ੍ਰਾਈਵੇਸੀ ਕਾਨੂੰਨਾਂ ਦੇ ਅਧੀਨ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਛੋਟੀਆਂ ਰਾਜਨੀਤਿਕ ਪਾਰਟੀਆਂ ਜਾਂ ਵਿਅਕਤੀਆਂ ਲਈ ਇਹ ਕਾਨੂੰਨ ਭਾਰ ਨਹੀਂ ਬਣਣਗੇ, ਕਿਉਂਕਿ ਦੇਸ਼ ਭਰ ਵਿੱਚ ਛੋਟੇ ਕਾਰੋਬਾਰ ਅਤੇ ਇਕੱਲੇ ਮਾਲਕ ਵੀ ਪਹਿਲਾਂ ਹੀ ਪ੍ਰਾਈਵੇਸੀ ਕਾਨੂੰਨਾਂ ਦੀ ਪਾਲਣਾ ਕਰ ਰਹੇ ਹਨ।ਕਮਿਸ਼ਨਰ ਨੇ ਸੁਝਾਅ ਦਿੱਤਾ ਕਿ ਕੈਨੇਡਾ ਭਰ ਵਿੱਚ ਰਾਜਨੀਤਿਕ ਪਾਰਟੀਆਂ ਲਈ ਇੱਕ ਸਾਂਝਾ ਅਤੇ ਮਜ਼ਬੂਤ ਪ੍ਰਾਈਵੇਸੀ ਫਰੇਮਵਰਕ ਤਿਆਰ ਕੀਤਾ ਜਾਣਾ ਚਾਹੀਦਾ ਹੈ, ਜਿਸ ਦੀ ਨਿਗਰਾਨੀ ਪ੍ਰਾਈਵੇਸੀ ਕਮਿਸ਼ਨਰਾਂ ਵੱਲੋਂ ਕੀਤੀ ਜਾਵੇ।ਡਾਟਾ ਲੀਕ ਮਾਮਲੇ ’ਤੇ ਕਈ ਅਲਬਰਟਾ ਵਾਸੀਆਂ ਨੇ ਆਪਣੀ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਹੁਣ ਉਨ੍ਹਾਂ ਨੂੰ ਪਛਾਣ ਚੋਰੀ, ਧਮਕੀਆਂ, ਤੰਗ-ਪਰੇਸ਼ਾਨੀ ਅਤੇ ਨਿੱਜੀ ਜਾਣਕਾਰੀ ਦੇ ਗਲਤ ਇਸਤੇਮਾਲ ਦਾ ਡਰ ਸਤਾ ਰਿਹਾ ਹੈ।

ਜ਼ਿਕਰਯੋਗ ਹੈ ਕਿ 7 ਮਈ ਨੂੰ ਕਮਿਸ਼ਨਰ ਮੈਕਲਿਓਡ ਨੇ Centurion Project Ltd. ਖ਼ਿਲਾਫ਼ ਜਾਂਚ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਦੋਸ਼ ਹਨ ਕਿ ਕੰਪਨੀ ਨੇ Alberta List of Electors ਤੋਂ ਮਿਲੀ ਨਿੱਜੀ ਜਾਣਕਾਰੀ ਇਕੱਠੀ ਕਰਕੇ ਉਸਦਾ ਇਸਤੇਮਾਲ ਅਤੇ ਖੁਲਾਸਾ ਕੀਤਾ, ਜੋ PIPA ਕਾਨੂੰਨ ਦੀ ਉਲੰਘਣਾ ਹੋ ਸਕਦੀ ਹੈ।ਅਲਬਰਟਾ ਦਾ Office of the Information and Privacy Commissioner (OIPC) ਸੂਬੇ ਦੇ ਜਾਣਕਾਰੀ ਅਤੇ ਪ੍ਰਾਈਵੇਸੀ ਕਾਨੂੰਨਾਂ ਦੀ ਨਿਗਰਾਨੀ ਕਰਦਾ ਹੈ ਅਤੇ ਇਹ ਦਫ਼ਤਰ ਸਰਕਾਰ ਤੋਂ ਸੁਤੰਤਰ ਤੌਰ ’ਤੇ ਕੰਮ ਕਰਦਾ ਹੈ।