ਐਡਮੰਟਨ ਦੇ ਹਸਪਤਾਲਾਂ ’ਚ ਕੋਵਿਡ ਮਰੀਜ਼ਾਂ ਦੀ ਗਿਣਤੀ ਵਧੀ, ਸਿਹਤ ਪ੍ਰਣਾਲੀ ’ਤੇ ਦਬਾਅ
Alberta hospitals are facing increased pressure as COVID-19 cases rise and patients admitted for other illnesses also contract the virus. As of October 3, the province had reported 322 cases, 24 hospitalizations and one ICU patient. Emergency departments are struggling with staff shortages, limited beds and long waits, while rising flu cases and low vaccination rates add to concerns.
ਐਡਮੰਟਨ-ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਕੋਵਿਡ-19 ਦੇ ਮਾਮਲਿਆਂ ਕਾਰਨ ਹਸਪਤਾਲਾਂ ’ਤੇ ਦਬਾਅ ਵਧ ਰਿਹਾ ਹੈ। ਹੋਰ ਬਿਮਾਰੀਆਂ ਦੇ ਇਲਾਜ ਲਈ ਹਸਪਤਾਲਾਂ ਵਿੱਚ ਦਾਖ਼ਲ ਮਰੀਜ਼ ਵੀ ਕੋਵਿਡ ਦੀ ਲਪੇਟ ਵਿੱਚ ਆ ਰਹੇ ਹਨ, ਜਿਸ ਕਾਰਨ ਇਲਾਜ ਅਤੇ ਮਰੀਜ਼ਾਂ ਦੀ ਦੇਖਭਾਲ ਹੋਰ ਗੁੰਝਲਦਾਰ ਹੋ ਰਹੀ ਹੈ। ਐਡਮੰਟਨ ਦੇ ਰਾਇਲ ਅਲੈਕਜ਼ੈਂਡਰਾ ਹਸਪਤਾਲ ਵਿੱਚ ਛੂਤ ਦੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਇਕੱਠੇ ਰੱਖ ਕੇ ਕੋਵਿਡ ਦੇ ਫੈਲਾਅ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਹਸਪਤਾਲ ਦੇ ਐਮਰਜੈਂਸੀ ਵਿਭਾਗ ਦੇ ਡਾਕਟਰ ਅਤੇ ਅਲਬਰਟਾ ਮੈਡੀਕਲ ਐਸੋਸੀਏਸ਼ਨ ਦੇ ਐਮਰਜੈਂਸੀ ਵਿਭਾਗ ਦੇ ਪ੍ਰਧਾਨ ਡਾ. ਵਾਰਨ ਥਿਰਸਕ ਨੇ ਦੱਸਿਆ ਕਿ ਹਸਪਤਾਲ ਦੇ ਵੱਖ-ਵੱਖ ਵਾਰਡਾਂ ਵਿੱਚ ਕੋਵਿਡ ਦੇ ਫੈਲਾਅ ਕਾਰਨ ਕੁਝ ਥਾਵਾਂ ’ਤੇ ਮਰੀਜ਼ਾਂ ਦੇ ਦਾਖ਼ਲੇ ਰੋਕਣੇ ਪਏ ਹਨ। ਉਨ੍ਹਾਂ ਕਿਹਾ ਕਿ ਜੇਕਰ ਸਾਂਝੇ ਕਮਰੇ ਵਿੱਚ ਇੱਕ ਮਰੀਜ਼ ਨੂੰ ਕੋਵਿਡ ਹੋਵੇ ਤਾਂ ਦੂਜੇ ਮਰੀਜ਼ਾਂ ਦੇ ਵੀ ਲਾਗ ਦੀ ਲਪੇਟ ਵਿੱਚ ਆਉਣ ਦਾ ਖ਼ਤਰਾ ਵਧ ਜਾਂਦਾ ਹੈ।
ਸੂਬੇ ਦੇ ਸਾਹ ਸਬੰਧੀ ਵਾਇਰਸਾਂ ਦੇ ਅੰਕੜਿਆਂ ਅਨੁਸਾਰ, 3 ਅਕਤੂਬਰ ਤੱਕ ਅਲਬਰਟਾ ਵਿੱਚ ਕੋਵਿਡ ਦੇ ਕੁੱਲ 322 ਮਾਮਲੇ ਦਰਜ ਕੀਤੇ ਗਏ ਸਨ। ਇਨ੍ਹਾਂ ਵਿੱਚੋਂ 27 ਸਤੰਬਰ ਤੋਂ 3 ਅਕਤੂਬਰ ਦਰਮਿਆਨ 87 ਨਵੇਂ ਮਾਮਲੇ ਸਾਹਮਣੇ ਆਏ। ਇਸ ਸਮੇਂ ਦੌਰਾਨ 24 ਮਰੀਜ਼ ਹਸਪਤਾਲਾਂ ਵਿੱਚ ਦਾਖ਼ਲ ਸਨ, ਜਿਨ੍ਹਾਂ ਵਿੱਚੋਂ ਇੱਕ ਮਰੀਜ਼ ਗੰਭੀਰ ਦੇਖਭਾਲ ਇਕਾਈ ਵਿੱਚ ਸੀ। ਇਸ ਮੌਸਮ ਦੌਰਾਨ ਕੋਵਿਡ ਕਾਰਨ ਇੱਕ ਮੌਤ ਦੀ ਵੀ ਰਿਪੋਰਟ ਕੀਤੀ ਗਈ।
ਡਾ. ਥਿਰਸਕ ਮੁਤਾਬਕ, ਐਮਰਜੈਂਸੀ ਵਿਭਾਗਾਂ ਵਿੱਚ ਸਟਾਫ਼ ਦੀ ਘਾਟ ਅਤੇ ਮਰੀਜ਼ਾਂ ਨੂੰ ਦਾਖ਼ਲ ਕਰਨ ਲਈ ਬਿਸਤਰਿਆਂ ਦੀ ਕਮੀ ਕਾਰਨ ਉਡੀਕ ਦਾ ਸਮਾਂ ਵੀ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਐਮਰਜੈਂਸੀ ਵਿਭਾਗਾਂ ਦੇ ਗਲਿਆਰਿਆਂ ਵਿੱਚ ਸਟ੍ਰੈਚਰਾਂ ’ਤੇ ਮਰੀਜ਼ ਪਏ ਹਨ ਅਤੇ ਐਂਬੂਲੈਂਸਾਂ ਰਾਹੀਂ ਲਿਆਂਦੇ ਮਰੀਜ਼ਾਂ ਨੂੰ ਵੀ ਗਲਿਆਰਿਆਂ ਵਿੱਚ ਰੱਖਣਾ ਪੈ ਰਿਹਾ ਹੈ। ਕਈ ਥਾਵਾਂ ’ਤੇ ਉਡੀਕ ਦਾ ਸਮਾਂ ਦੋਹਰੇ ਅੰਕਾਂ ਵਿੱਚ ਪਹੁੰਚ ਰਿਹਾ ਹੈ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਅਲਬਰਟਾ ਵਿੱਚ ਫਲੂ ਦੇ ਮਾਮਲੇ ਵੀ ਆਮ ਨਾਲੋਂ ਪਹਿਲਾਂ ਵਧ ਰਹੇ ਹਨ। ਸਰਦੀ-ਜ਼ੁਕਾਮ ਅਤੇ ਫਲੂ ਦੇ ਮੌਸਮ ਦੌਰਾਨ ਬਜ਼ੁਰਗਾਂ, ਛੋਟੇ ਬੱਚਿਆਂ ਅਤੇ ਕਮਜ਼ੋਰ ਰੋਗ-ਰੋਧਕ ਸਮਰੱਥਾ ਵਾਲੇ ਲੋਕਾਂ ਨੂੰ ਵਧੇਰੇ ਖ਼ਤਰਾ ਹੋ ਸਕਦਾ ਹੈ। ਜੇਕਰ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਹੋਰ ਵਧੀ ਤਾਂ ਪਹਿਲਾਂ ਤੋਂ ਦਬਾਅ ਹੇਠ ਚੱਲ ਰਹੀ ਸਿਹਤ ਪ੍ਰਣਾਲੀ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।
ਅਲਬਰਟਾ ਵਿੱਚ ਕੋਵਿਡ ਟੀਕਾਕਰਨ ਦੀ ਘੱਟ ਦਰ ਨੂੰ ਵੀ ਚਿੰਤਾ ਦਾ ਵਿਸ਼ਾ ਦੱਸਿਆ ਗਿਆ ਹੈ। ਸੂਬੇ ਦੀ ਐਨਡੀਪੀ ਦੇ ਸਿਹਤ ਸੇਵਾਵਾਂ ਬਾਰੇ ਸ਼ੈਡੋ ਮੰਤਰੀ ਸ਼ਰੀਫ ਹਾਜੀ ਨੇ ਲੋਕਾਂ ਨੂੰ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਕੋਵਿਡ ਟੀਕੇ ਦੀ ਕੀਮਤ ਜ਼ਿਆਦਾਤਰ ਲੋਕਾਂ ਲਈ 100 ਡਾਲਰ ਤੋਂ ਵੱਧ ਹੋਣ ਕਾਰਨ ਲੋਕਾਂ ਨੂੰ ਟੀਕਾਕਰਨ ਕਰਵਾਉਣ ਵਿੱਚ ਮੁਸ਼ਕਲ ਆ ਰਹੀ ਹੈ।
ਸੂਬਾਈ ਸਰਕਾਰ ਦੀ ਬੁਲਾਰਨ ਜੇ ਲੈਂਗ ਨੇ ਦੱਸਿਆ ਕਿ ਪਤਝੜ ਦੇ ਟੀਕਾਕਰਨ ਲਈ ਆਨਲਾਈਨ ਜਾਂ ਹੈਲਥ ਲਿੰਕ 811 ’ਤੇ ਫ਼ੋਨ ਕਰਕੇ ਸਮਾਂ ਲਿਆ ਜਾ ਸਕਦਾ ਹੈ। ਉਨ੍ਹਾਂ ਅਨੁਸਾਰ, ਟੀਕਾਕਰਨ ਦੀ ਸ਼ੁਰੂਆਤ ਸਭ ਤੋਂ ਵੱਧ ਖ਼ਤਰੇ ਵਾਲੇ ਲੋਕਾਂ ਤੋਂ ਕੀਤੀ ਗਈ ਹੈ ਅਤੇ ਅਕਤੂਬਰ ਦੇ ਸ਼ੁਰੂ ਤੋਂ ਦੇਖਭਾਲ ਕੇਂਦਰਾਂ ਵਿੱਚ ਰਹਿੰਦੇ ਯੋਗ ਵਿਅਕਤੀਆਂ ਨੂੰ ਟੀਕੇ ਲਗਾਉਣ ਦੀ ਪੇਸ਼ਕਸ਼ ਕੀਤੀ ਗਈ ਹੈ।
















