ਜੰਗਲ ਦੀ ਅੱਗ ਨਾਲ ਝੁਲਸੀ ਧਰਤੀ ਦੀ ਸੁੰਦਰਤਾ ਨੂੰ ਕਲਾ ਰਾਹੀਂ ਪੇਸ਼ ਕਰ ਰਹੀ ਹੈ ਕੈਲੋਨਾ ਆਰਟ ਗੈਲਰੀ ਦੀ ਪ੍ਰਦਰਸ਼ਨੀ

West Kelowna artist Fern Helfand’s exhibition, Forest, at the Kelowna Art Gallery explores the aftermath of the 2023 McDougall Creek wildfire through ceramic sculptures, photography and animation. The exhibition runs until January 31, 2027, with a free public reception scheduled for November 6.

ਜੰਗਲ ਦੀ ਅੱਗ ਨਾਲ ਝੁਲਸੀ ਧਰਤੀ ਦੀ ਸੁੰਦਰਤਾ ਨੂੰ ਕਲਾ ਰਾਹੀਂ ਪੇਸ਼ ਕਰ ਰਹੀ ਹੈ ਕੈਲੋਨਾ ਆਰਟ ਗੈਲਰੀ ਦੀ ਪ੍ਰਦਰਸ਼ਨੀ

ਕੈਲੋਨਾ-ਸਾਲ 2023 ਵਿੱਚ ਲੱਗੀ ਮੈਕਡੌਗਲ ਕ੍ਰੀਕ ਜੰਗਲੀ ਅੱਗ ਨਾਲ ਤਬਾਹ ਹੋਏ ਜੰਗਲ ਦੇ ਦ੍ਰਿਸ਼ਾਂ ਨੂੰ ਕਲਾ ਰਾਹੀਂ ਪੇਸ਼ ਕਰਨ ਲਈ ਕੈਲੋਨਾ ਆਰਟ ਗੈਲਰੀ ਵਿੱਚ ਵੈਸਟ ਕੈਲੋਨਾ ਦੀ ਕਲਾਕਾਰ ਫਰਨ ਹੈਲਫੈਂਡ ਦੀ ਪ੍ਰਦਰਸ਼ਨੀ ‘ਫੌਰੈਸਟ’ ਲਗਾਈ ਗਈ ਹੈ। ਇਹ ਪ੍ਰਦਰਸ਼ਨੀ 31 ਜਨਵਰੀ 2027 ਤੱਕ ਦਰਸ਼ਕਾਂ ਲਈ ਖੁੱਲ੍ਹੀ ਰਹੇਗੀ।
ਇਸ ਪ੍ਰਦਰਸ਼ਨੀ ਦੀ ਪ੍ਰੇਰਣਾ ਕਲਾਕਾਰ ਨੂੰ ਅੱਗ ਲੱਗਣ ਤੋਂ ਲਗਭਗ ਢਾਈ ਮਹੀਨੇ ਬਾਅਦ ਆਪਣੇ ਘਰ ਨੇੜੇ ਸੜੇ ਹੋਏ ਜੰਗਲ ਵਿੱਚ ਸੈਰ ਕਰਦਿਆਂ ਮਿਲੀ। ਅੱਗ ਨਾਲ ਝੁਲਸੇ ਦਰੱਖਤਾਂ ਦੀਆਂ ਟਾਹਣੀਆਂ ਅਤੇ ਸੱਕ ਤੋਂ ਸੱਖਣੇ ਤਣੇ ਉਸ ਨੂੰ ਅਸਮਾਨ ਸਾਹਮਣੇ ਜਾਲੀ ਵਰਗੀ ਬਣਤਰ ਵਿੱਚ ਦਿਖਾਈ ਦਿੱਤੇ, ਜਿਸ ਨੇ ਉਸ ਨੂੰ ਇਸ ਵਿਸ਼ੇ ’ਤੇ ਕਲਾਕ੍ਰਿਤੀਆਂ ਬਣਾਉਣ ਲਈ ਪ੍ਰੇਰਿਤ ਕੀਤਾ।
ਤਿੰਨ ਸਾਲਾਂ ਵਿੱਚ ਤਿਆਰ ਕੀਤੀ ਇਸ ਪ੍ਰਦਰਸ਼ਨੀ ਵਿੱਚ ਮਿੱਟੀ ਦੀਆਂ ਮੂਰਤੀਆਂ, ਫੋਟੋਗ੍ਰਾਫੀ ਅਤੇ ਐਨੀਮੇਸ਼ਨ ਨੂੰ ਸ਼ਾਮਲ ਕੀਤਾ ਗਿਆ ਹੈ। ਕਾਲੇ ਰੰਗ ਦੀਆਂ ਮਿੱਟੀ ਦੀਆਂ ਕਲਾਕ੍ਰਿਤੀਆਂ ਸੜੇ ਹੋਏ ਦਰੱਖਤਾਂ ਦੇ ਟੁੰਡਾਂ ਨੂੰ ਦਰਸਾਉਂਦੀਆਂ ਹਨ, ਜਦਕਿ ਟੈਰਾਕੋਟਾ ਦੀਆਂ ਰਚਨਾਵਾਂ ਉਨ੍ਹਾਂ ਦਰੱਖਤਾਂ ਦੀ ਕਹਾਣੀ ਬਿਆਨ ਕਰਦੀਆਂ ਹਨ, ਜਿਨ੍ਹਾਂ ਦੇ ਮੁੜ ਜੀਵਤ ਹੋਣ ਦੀ ਉਮੀਦ ਹੈ। ਚਿੱਟੀਆਂ ਕਲਾਕ੍ਰਿਤੀਆਂ ਸੁਆਹ ਵਿੱਚ ਬਦਲੇ ਜੰਗਲ ਅਤੇ ਨਵੀਂ ਸ਼ੁਰੂਆਤ ਦੀ ਸੰਭਾਵਨਾ ਨੂੰ ਉਜਾਗਰ ਕਰਦੀਆਂ ਹਨ।
ਪ੍ਰਦਰਸ਼ਨੀ ਵਿੱਚ ‘ਚੇਂਜਿੰਗ ਸਕਾਈਜ਼’ ਨਾਮ ਦੀ ਵੱਡੀ ਐਨੀਮੇਸ਼ਨ ਵੀ ਸ਼ਾਮਲ ਹੈ, ਜੋ ਸਥਿਰ ਤਸਵੀਰਾਂ ਦੀ ਮਦਦ ਨਾਲ ਓਕਾਨਾਗਨ ਦੇ ਅਸਮਾਨ ਦੇ ਬਦਲਦੇ ਦ੍ਰਿਸ਼ ਪੇਸ਼ ਕਰਦੀ ਹੈ। ਇਸ ਤੋਂ ਇਲਾਵਾ, ਇੱਕ ਹਨੇਰੇ ਕੋਨੇ ਵਿੱਚ ਲਾਈਟ ਬਾਕਸ ਰਾਹੀਂ 2003 ਵਿੱਚ ਖਿੱਚੀ ਗਈ ‘ਓਕਾਨਾਗਨ ਪਾਰਕ ਫਾਇਰ’ ਤਸਵੀਰ ਦਿਖਾਈ ਗਈ ਹੈ, ਜੋ ਬੇਕਾਬੂ ਜੰਗਲੀ ਅੱਗ ਦੇ ਦ੍ਰਿਸ਼ ਨੂੰ ਦਰਸਾਉਂਦੀ ਹੈ।
ਫਰਨ ਹੈਲਫੈਂਡ 1998 ਵਿੱਚ ਟੋਰਾਂਟੋ ਤੋਂ ਆ ਕੇ ਓਕਾਨਾਗਨ ਖੇਤਰ ਵਿੱਚ ਰਹਿ ਰਹੀ ਹੈ। ਉਸ ਦੀਆਂ ਪਿਛਲੀਆਂ ਫੋਟੋਗ੍ਰਾਫੀ ਰਚਨਾਵਾਂ ਵਿੱਚ ਇਸ ਖੇਤਰ ਵਿੱਚ ਲੱਕੜ ਦੀ ਕਟਾਈ ਅਤੇ ਵਿਕਾਸ ਕਾਰਜਾਂ ਦੇ ਪ੍ਰਭਾਵਾਂ ਨੂੰ ਦਰਸਾਇਆ ਗਿਆ ਸੀ। ਉਸ ਨੇ ਲਗਭਗ ਪੰਜ ਸਾਲ ਪਹਿਲਾਂ ਮਿੱਟੀ ਨਾਲ ਕਲਾਕ੍ਰਿਤੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਸਨ।
ਇਸ ਪ੍ਰਦਰਸ਼ਨੀ ਦਾ ਉਦਘਾਟਨੀ ਸਮਾਗਮ 6 ਨਵੰਬਰ ਨੂੰ ਸ਼ਾਮ 6 ਤੋਂ 8 ਵਜੇ ਤੱਕ ਕੈਲੋਨਾ ਆਰਟ ਗੈਲਰੀ ਵਿੱਚ ਹੋਵੇਗਾ। ਇਹ ਸਮਾਗਮ ਮੁਫ਼ਤ ਹੈ ਅਤੇ ਆਮ ਲੋਕਾਂ ਲਈ ਖੁੱਲ੍ਹਾ ਰਹੇਗਾ।