ਐਡਮੰਟਨ ਐਕਸਪੋ ਸੈਂਟਰ ’ਚ ਵੋਟਿੰਗ ਲਈ ਵਿਸ਼ੇਸ਼ ਪ੍ਰਬੰਧ, ਰੈਫਰੈਂਡਮ ਦੇ ਪ੍ਰਚਾਰ ’ਤੇ ਰਹੇਗੀ ਪਾਬੰਦੀ
Elections Alberta has introduced special arrangements at Edmonton EXPO Centre for advance voting on Friday, October 16, amid a scheduled Forever Canadian event. Referendum advertising is prohibited within designated voting areas.
ਐਡਮੰਟਨ-ਐਲਬਰਟਾ ਚੋਣ ਕਮਿਸ਼ਨ ਨੇ ਸ਼ੁੱਕਰਵਾਰ, 16 ਅਕਤੂਬਰ ਨੂੰ ਐਡਮੰਟਨ ਐਕਸਪੋ ਸੈਂਟਰ ਵਿੱਚ ਹੋਣ ਵਾਲੇ ਸਮਾਗਮ ਦੇ ਮੱਦੇਨਜ਼ਰ ਅਗਾਊਂ ਵੋਟਿੰਗ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਇਸੇ ਦਿਨ ਫੋਰਐਵਰ ਕੈਨੇਡੀਅਨ ਵੱਲੋਂ ਵੀ ਐਕਸਪੋ ਸੈਂਟਰ ਦੇ ਅਰੇਨਾ ਵਿੱਚ ਇੱਕ ਸਮਾਗਮ ਕਰਵਾਇਆ ਜਾ ਰਿਹਾ ਹੈ।
ਚੋਣ ਕਮਿਸ਼ਨ ਮੁਤਾਬਕ, ਐਕਸਪੋ ਸੈਂਟਰ ਦੇ ਹਾਲ ਐੱਚ ਵਿੱਚ ਚੋਣ ਹਲਕਾ ਨੰਬਰ 34 ਲਈ ਅਗਾਊਂ ਵੋਟਿੰਗ ਕੇਂਦਰ ਬਣਾਇਆ ਗਿਆ ਹੈ। ਇਹ ਕੇਂਦਰ 13 ਤੋਂ 17 ਅਕਤੂਬਰ ਤੱਕ ਰੋਜ਼ਾਨਾ ਸਵੇਰੇ 9 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹਾ ਰਹੇਗਾ।
ਵੋਟਿੰਗ ਕੇਂਦਰ ਦੇ ਆਲੇ-ਦੁਆਲੇ ਰੈਫਰੈਂਡਮ ਨਾਲ ਸਬੰਧਤ ਇਸ਼ਤਿਹਾਰਬਾਜ਼ੀ ਨੂੰ ਰੋਕਣ ਲਈ ਚੋਣ ਕਮਿਸ਼ਨ ਨੇ ਐਕਸਪੋ ਸੈਂਟਰ ਪ੍ਰਬੰਧਕਾਂ ਨਾਲ ਮਿਲ ਕੇ ਕਦਮ ਚੁੱਕੇ ਹਨ। ਇਸ ਤਹਿਤ ਪਾਰਕਿੰਗ ਖੇਤਰ, ਵੋਟਿੰਗ ਕੇਂਦਰ ਤੱਕ ਜਾਣ ਵਾਲੇ ਰਸਤੇ ਅਤੇ ਇਮਾਰਤ ਦੇ ਅੰਦਰ ਕੁਝ ਹਿੱਸਿਆਂ ਵਿੱਚ ਭੌਤਿਕ ਰੁਕਾਵਟਾਂ ਲਗਾਈਆਂ ਗਈਆਂ ਹਨ।
ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਚੋਣ ਕਾਨੂੰਨ ਦੀ ਧਾਰਾ 135(2) ਅਨੁਸਾਰ ਇਸ਼ਤਿਹਾਰਬਾਜ਼ੀ ’ਤੇ ਪਾਬੰਦੀ ਸਿਰਫ਼ ਵੋਟਿੰਗ ਲਈ ਨਿਰਧਾਰਤ ਖੇਤਰ ਵਿੱਚ ਲਾਗੂ ਹੁੰਦੀ ਹੈ, ਨਾ ਕਿ ਪੂਰੀ ਇਮਾਰਤ ਵਿੱਚ। ਇਸ ਖੇਤਰ ਵਿੱਚ ਵੋਟਿੰਗ ਕੇਂਦਰ ਦੇ ਬਾਹਰਲਾ ਤੁਰੰਤ ਪਾਰਕਿੰਗ ਇਲਾਕਾ, ਸਭ ਤੋਂ ਨੇੜਲਾ ਪ੍ਰਵੇਸ਼ ਦੁਆਰ ਅਤੇ ਇਮਾਰਤ ਦੇ ਅੰਦਰ ਵੋਟਿੰਗ ਵਾਲੀ ਥਾਂ ਸ਼ਾਮਲ ਹੈ। ਇਨ੍ਹਾਂ ਖੇਤਰਾਂ ਵਿੱਚ ਰੈਫਰੈਂਡਮ ਦਾ ਪ੍ਰਚਾਰ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।
ਸਮਾਗਮ ਦੇ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਪਾਰਕਿੰਗ ਖੇਤਰਾਂ, ਪਾਰਕਿੰਗ ਦੇ ਪ੍ਰਵੇਸ਼ ਮਾਰਗਾਂ, ਇਮਾਰਤ ਦੇ ਦਰਵਾਜ਼ਿਆਂ ਅਤੇ ਵੋਟਰਾਂ ਦੀ ਆਵਾਜਾਈ ਵਾਲੀਆਂ ਥਾਵਾਂ ਤੋਂ ਦੂਰ ਰਹਿਣ। ਵੋਟਰ ਅਤੇ ਚੋਣ ਅਮਲਾ ਐਕਸਪੋ ਸੈਂਟਰ ਦੇ ਪੂਰਬੀ ਪਾਸੇ ਸਥਿਤ ਪ੍ਰਵੇਸ਼ ਦੁਆਰ ਨੰਬਰ 1 ਅਤੇ 2 ਰਾਹੀਂ ਵੋਟਿੰਗ ਕੇਂਦਰ ਵਿੱਚ ਦਾਖ਼ਲ ਹੋਣਗੇ।
ਵੋਟ ਪਾਉਣ ਆਉਣ ਵਾਲਿਆਂ ਲਈ ਪਾਰਕਿੰਗ ਮੁਫ਼ਤ ਹੋਵੇਗੀ, ਪਰ ਇਹ ਸਹੂਲਤ ਸਿਰਫ਼ ਵੋਟ ਪਾਉਣ ਦੇ ਸਮੇਂ ਲਈ ਹੈ। ਵੋਟਰਾਂ ਦੀ ਸਹੂਲਤ ਵਾਸਤੇ ਪ੍ਰਵੇਸ਼ ਦੁਆਰ ਦੇ ਬਿਲਕੁਲ ਨੇੜੇ ਛੇ ਪਾਰਕਿੰਗ ਥਾਵਾਂ ਰਾਖਵੀਆਂ ਕੀਤੀਆਂ ਗਈਆਂ ਹਨ। ਸ਼ੁੱਕਰਵਾਰ ਨੂੰ ਵਾਧੂ ਪਾਰਕਿੰਗ ਕਰਮਚਾਰੀ ਅਤੇ ਨਿਗਰਾਨ ਵੀ ਤਾਇਨਾਤ ਰਹਿਣਗੇ।
















