ਕੈਲਗਰੀ ਵਿੱਚ ਡਾਊਨਟਾਊਨ ਪੁਲਿਸ ਸਟੇਸ਼ਨ ਮੁੜ ਖੋਲ੍ਹਣ ਦੀ ਮੰਗ ਤੇਜ਼

ਕੈਲਗਰੀ ਵਿੱਚ ਡਾਊਨਟਾਊਨ ਪੁਲਿਸ ਸਟੇਸ਼ਨ ਮੁੜ ਖੋਲ੍ਹਣ ਦੀ ਮੰਗ ਤੇਜ਼

ਕੈਲਗਰੀ-ਸ਼ਹਿਰ ਦੇ ਮੇਅਰ Jeromy Farkas ਵੱਲੋਂ ਡਾਊਨਟਾਊਨ ਖੇਤਰ ਵਿੱਚ ਮੁੜ ਪੁਲਿਸ ਸਟੇਸ਼ਨ ਖੋਲ੍ਹਣ ਲਈ ਨੋਟਿਸ ਆਫ ਮੋਸ਼ਨ ਪੇਸ਼ ਕੀਤਾ ਗਿਆ ਹੈ। ਇਹ ਕਦਮ ਉਸ ਵੇਲੇ ਚੁੱਕਿਆ ਗਿਆ ਹੈ ਜਦੋਂ Calgary Police Service (CPS) ਦੀ 2025 ਦੀ ਸਾਲਾਨਾ ਯੋਜਨਾ ਰਿਪੋਰਟ ਵਿੱਚ ਦਰਸਾਇਆ ਗਿਆ ਕਿ ਹਿੰਸਕ ਅਪਰਾਧ ਅਤੇ ਸਮਾਜਕ ਅਵਿਵਸਥਾ ਦਾ ਵੱਡਾ ਹਿੱਸਾ ਡਾਊਨਟਾਊਨ ਖੇਤਰ ਵਿੱਚ ਕੇਂਦਰਿਤ ਹੈ।ਮੌਜੂਦਾ ਸਮੇਂ ਡਾਊਨਟਾਊਨ ਵਿੱਚ 115, 6 ਐਵੇਨਿਊ SW 'ਤੇ ਇੱਕ ਕਮਿਊਨਿਟੀ ਕਾਊਂਟਰ ਤਾਂ ਮੌਜੂਦ ਹੈ, ਪਰ ਇਹ 24 ਘੰਟੇ ਖੁੱਲ੍ਹਾ ਨਹੀਂ ਰਹਿੰਦਾ। ਇਸ ਦੇ ਨਾਲ ਨਾ ਹੀ ਉੱਥੇ ਪੈਟਰੋਲਿੰਗ ਦੀ ਸੁਵਿਧਾ ਹੈ ਅਤੇ ਨਾ ਹੀ ਗ੍ਰਿਫ਼ਤਾਰੀ ਦੀ ਪ੍ਰਕਿਰਿਆ ਲਈ ਕੋਈ ਪ੍ਰਬੰਧ ਹੈ।

ਮੇਅਰ ਫਾਰਕਸ ਦੇ ਅਨੁਸਾਰ, ਜੇ ਡਾਊਨਟਾਊਨ ਪੁਲਿਸ ਦਫ਼ਤਰ ਮੁੜ ਬਣਾਇਆ ਜਾਂਦਾ ਹੈ ਤਾਂ ਇਸ ਲਈ ਕਾਰੋਬਾਰੀ ਸੁਧਾਰ ਸੰਸਥਾਵਾਂ, ਕਮਿਊਨਿਟੀ ਐਸੋਸੀਏਸ਼ਨਾਂ ਅਤੇ ਸਮਾਜਿਕ ਸੈਕਟਰ ਦੇ ਸਾਥੀਆਂ ਨਾਲ ਵਿਆਪਕ ਸਲਾਹ-ਮਸ਼ਵਰਾ ਲਾਜ਼ਮੀ ਹੋਵੇਗਾ।ਮੋਸ਼ਨ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਡਾਊਨਟਾਊਨ ਦੇ ਵਪਾਰੀਆਂ ਅਤੇ ਜਾਇਦਾਦ ਮਾਲਕਾਂ ਨੂੰ ਯੋਗ ਪੁਲਿਸ ਸੁਰੱਖਿਆ ਦੀ ਕਮੀ ਕਾਰਨ ਨਿੱਜੀ ਸੁਰੱਖਿਆ 'ਤੇ ਵੱਡਾ ਖਰਚਾ ਕਰਨਾ ਪੈ ਰਿਹਾ ਹੈ।ਜੇ ਇਹ ਮੋਸ਼ਨ ਮਨਜ਼ੂਰ ਹੋ ਜਾਂਦਾ ਹੈ ਤਾਂ ਇਸ ਨੂੰ 26 ਮਈ ਨੂੰ ਹੋਣ ਵਾਲੀ ਕੌਂਸਲ ਮੀਟਿੰਗ ਵਿੱਚ ਹੋਰ ਵਿਚਾਰ ਲਈ ਪੇਸ਼ ਕੀਤਾ ਜਾਵੇਗਾ।

ਇਸ ਦੇ ਨਾਲ ਹੀ ਮੋਸ਼ਨ ਵਿੱਚ ਕੈਲਗਰੀ ਪੁਲਿਸ ਕਮਿਸ਼ਨ, CPS ਅਤੇ ਅਲਬਰਟਾ ਸਰਕਾਰ ਨੂੰ ਸਾਲ ਦੇ ਅੰਤ ਤੱਕ ਇੱਕ ਵਿਸਥਾਰਪੂਰਵਕ ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ ਹੈ। ਇਸ ਰਿਪੋਰਟ ਵਿੱਚ ਖਰਚੇ, ਫੰਡਿੰਗ ਦੇ ਵਿਕਲਪ, ਸਮਾਂ-ਸਾਰਣੀ ਅਤੇ ਡਾਊਨਟਾਊਨ ਵਿੱਚ ਸਟੇਸ਼ਨ ਲਈ ਢਾਂਚਾਗਤ ਵਿਕਲਪਾਂ ਦੀ ਸਮੀਖਿਆ ਸ਼ਾਮਲ ਹੋਵੇਗੀ।ਗੌਰਤਲਬ ਹੈ ਕਿ ਮੇਅਰ ਫਾਰਕਸ ਪਹਿਲਾਂ ਵੀ ਡਾਊਨਟਾਊਨ ਪੁਲਿਸ ਸਟੇਸ਼ਨ ਖੋਲ੍ਹਣ ਦੇ ਹਕ ਵਿੱਚ ਰਹੇ ਹਨ। 2018 ਵਿੱਚ ਕੌਂਸਲਰ ਰਹਿੰਦਿਆਂ ਉਨ੍ਹਾਂ ਨੇ 2017 ਵਿੱਚ ਬੰਦ ਕੀਤੇ ਗਏ ਵਿਕਟੋਰੀਆ ਪਾਰਕ ਪੁਲਿਸ ਸਟੇਸ਼ਨ ਨੂੰ ਮੁੜ ਚਾਲੂ ਕਰਨ ਦੀ ਮੰਗ ਕੀਤੀ ਸੀ।