ਬੀ.ਸੀ. ਸਰਕਾਰ ਗਨ ਹਿੰਸਾ 'ਤੇ ਕੱਸੇਗੀ ਲਗਾਮ, ਨਵਾਂ ਕਾਨੂੰਨ 1 ਅਕਤੂਬਰ ਤੋਂ ਲਾਗੂ
ਵੈਨਕੂਵਰ-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਵੱਲੋਂ ਗਨ ਹਿੰਸਾ ਅਤੇ ਸੰਗਠਿਤ ਅਪਰਾਧ ਨੂੰ ਰੋਕਣ ਲਈ ਨਵਾਂ ਕਾਨੂੰਨ ਲਿਆਂਦਾ ਜਾ ਰਿਹਾ ਹੈ, ਜੋ ਇਸ ਸਾਲ ਪਤਝੜ ਵਿੱਚ ਲਾਗੂ ਹੋਵੇਗਾ। ਸੂਬੇ ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਦੱਸਿਆ ਕਿ ਫਾਇਰਆਰਮ ਵਾਇਲੈਂਸ ਪ੍ਰਿਵੈਂਸ਼ਨ ਐਕਟ (FVPA) ਰਾਹੀਂ ਕੇਂਦਰੀ ਗਨ ਕਾਨੂੰਨਾਂ ਵਿੱਚ ਰਹਿ ਗਈਆਂ ਖਾਮੀਆਂ ਨੂੰ ਦੂਰ ਕਰਦੇ ਹੋਏ ਸੂਬਾਈ ਕਾਨੂੰਨਾਂ ਨੂੰ ਹੋਰ ਮਜ਼ਬੂਤ ਅਤੇ ਅਧੁਨਿਕ ਬਣਾਇਆ ਜਾਵੇਗਾ।
ਇਸ ਮੌਕੇ ਪਬਲਿਕ ਸੇਫਟੀ ਅਤੇ ਸੋਲਿਸਟਰ ਜਨਰਲ ਮੰਤਰੀ ਨੀਨਾ ਕ੍ਰੀਗਰ ਨੇ ਵੀ ਨਵੇਂ ਨਿਯਮਾਂ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਗਨ ਸੰਬੰਧੀ ਅਪਰਾਧਾਂ ‘ਤੇ ਨੱਕੇਲ ਪਾਉਣ ਲਈ ਲਿਆਂਦਾ ਜਾ ਰਿਹਾ ਹੈ।ਨਵੇਂ ਕਾਨੂੰਨ ਤਹਿਤ ਗੱਡੀ ਵਿੱਚੋਂ ਗੋਲੀ ਚਲਾਉਣਾ ਜਾਂ ਗੈਰਕਾਨੂੰਨੀ ਤਰੀਕੇ ਨਾਲ ਹਥਿਆਰ ਲਿਜਾਣਾ ਗੰਭੀਰ ਅਪਰਾਧ ਮੰਨੇ ਜਾਣਗੇ ਅਤੇ ਅਜਿਹੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।ਸਰਕਾਰ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਪੁਲਿਸ ਤੋਂ ਭੱਜਣ ਲਈ ਵਰਤੇ ਜਾਣ ਵਾਲੇ ਵਾਹਨਾਂ ਨੂੰ ਜ਼ਬਤ ਕਰਨ ਲਈ ਵੀ ਕਾਨੂੰਨੀ ਪ੍ਰਬੰਧ ਕੀਤੇ ਜਾ ਰਹੇ ਹਨ। ਅਟਾਰਨੀ ਜਨਰਲ ਸ਼ਰਮਾ ਨੇ ਕਿਹਾ ਕਿ ਇਹ ਕਾਨੂੰਨ ਗੱਡੀਆਂ, ਹਥਿਆਰਾਂ ਅਤੇ ਪੁਲਿਸ ਤੋਂ ਬਚਣ ਦੇ ਤਰੀਕਿਆਂ ‘ਤੇ ਕੇਂਦਰਿਤ ਹੋ ਕੇ ਸੰਗਠਿਤ ਅਪਰਾਧ ਨੂੰ ਨਿਸ਼ਾਨਾ ਬਣਾਏਗਾ।ਮੰਤਰੀ ਨੀਨਾ ਕ੍ਰੀਗਰ ਨੇ ਕਿਹਾ ਕਿ ਇਹ ਕਾਨੂੰਨ ਉਹਨਾਂ ਖਾਮੀਆਂ ਨੂੰ ਬੰਦ ਕਰਨ ਲਈ ਤਿਆਰ ਕੀਤਾ ਗਿਆ ਹੈ, ਜਿਨ੍ਹਾਂ ਦਾ ਗਲਤ ਫਾਇਦਾ ਚੁੱਕ ਕੇ ਅਪਰਾਧੀ ਅਤੇ ਵਸੂਲੀ ਕਰਨ ਵਾਲੇ ਗਿਰੋਹ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ।ਉਨ੍ਹਾਂ ਇਹ ਵੀ ਕਿਹਾ ਕਿ ਇਹ ਐਕਟ ਵਿਆਪਕ ਸਲਾਹ-ਮਸ਼ਵਰੇ ਤੋਂ ਬਾਅਦ ਤਿਆਰ ਕੀਤਾ ਗਿਆ ਹੈ, ਜਿਸ ਨਾਲ ਗੈਰਕਾਨੂੰਨੀ ਹਥਿਆਰ ਵਰਤਣ ਵਾਲਿਆਂ ਖ਼ਿਲਾਫ਼ ਕਾਰਵਾਈ ਹੋਵੇਗੀ, ਜਦਕਿ ਕਾਨੂੰਨੀ ਤਰੀਕੇ ਨਾਲ ਹਥਿਆਰ ਵਰਤਣ ਵਾਲਿਆਂ ਦੇ ਹੱਕਾਂ ਦੀ ਰੱਖਿਆ ਵੀ ਯਕੀਨੀ ਬਣਾਈ ਜਾਵੇਗੀ।ਇਹ ਨਵਾਂ ਕਾਨੂੰਨ 1 ਅਕਤੂਬਰ 2026 ਤੋਂ ਲਾਗੂ ਹੋਵੇਗਾ। ਸਰਕਾਰ ਦਾ ਕਹਿਣਾ ਹੈ ਕਿ ਇਸ ਸਮੇਂ ਦੌਰਾਨ ਕਾਨੂੰਨੀ ਹਥਿਆਰ ਮਾਲਕਾਂ ਅਤੇ ਪੁਲਿਸ ਨੂੰ ਨਵੇਂ ਨਿਯਮਾਂ ਲਈ ਤਿਆਰੀ ਕਰਨ ਦਾ ਮੌਕਾ ਮਿਲੇਗਾ।
















