ਬੀ.ਸੀ. ਵਿੱਚ ਫੈਰੀਆਂ ਬਣਾਉਣ ਲਈ ਯੂਨੀਅਨਾਂ ਨੇ ਸਰਕਾਰ ’ਤੇ ਦਬਾਅ ਵਧਾਇਆ

ਬੀ.ਸੀ. ਵਿੱਚ ਫੈਰੀਆਂ ਬਣਾਉਣ ਲਈ ਯੂਨੀਅਨਾਂ ਨੇ ਸਰਕਾਰ ’ਤੇ ਦਬਾਅ ਵਧਾਇਆ

ਬ੍ਰਿਟਿਸ਼ ਕੋਲੰਬੀਆ-ਬੀ.ਸੀ. ਦੀਆਂ 10 ਤੋਂ ਵੱਧ ਟਰੇਡ ਯੂਨੀਅਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ BC Ferries ਦੀਆਂ ਭਵਿੱਖ ਦੀਆਂ ਫੈਰੀਆਂ ਸੂਬੇ ਵਿੱਚ ਹੀ ਬਣਾਉਣ ਲਈ ਪੱਕੀ ਵਚਨਬੱਧਤਾ ਕੀਤੀ ਜਾਵੇ।ਯੂਨੀਅਨਾਂ ਨੇ ਪਿਛਲੇ ਸਾਲ ਦੇ ਉਸ ਫੈਸਲੇ ’ਤੇ ਨਾਰਾਜ਼ਗੀ ਜਤਾਈ, ਜਿਸ ਤਹਿਤ ਚਾਰ ਨਵੀਆਂ ਫੈਰੀਆਂ ਚੀਨ ਦੇ ਸਰਕਾਰੀ ਸ਼ਿਪਯਾਰਡ ਵਿੱਚ ਬਣਾਉਣ ਦਾ ਫੈਸਲਾ ਹੋਇਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਸਥਾਨਕ ਨਿਰਮਾਣ ਨਾਲ ਹਜ਼ਾਰਾਂ ਨੌਕਰੀਆਂ ਅਤੇ ਆਰਥਿਕ ਲਾਭ ਬੀ.ਸੀ. ਵਿੱਚ ਰਹਿਣਗੇ।

ਸਰਕਾਰ ਨੇ ਕਿਹਾ ਕਿ ਉਹ ਸੂਬੇ ਵਿੱਚ ਸ਼ਿਪਬਿਲਡਿੰਗ ਉਦਯੋਗ ਨੂੰ ਵਧਾਉਣਾ ਚਾਹੁੰਦੀ ਹੈ, ਪਰ ਅਗਲੇ ਫੈਰੀ ਬੇੜੇ ਨੂੰ ਸੂਬੇ ਵਿੱਚ ਹੀ ਬਣਾਉਣ ਬਾਰੇ ਕੋਈ ਪੱਕਾ ਭਰੋਸਾ ਨਹੀਂ ਦਿੱਤਾ।BC Ferries ਮੁਤਾਬਕ ਪਿਛਲੇ ਟੈਂਡਰ ਵਿੱਚ ਦੋ ਕੈਨੇਡੀਅਨ ਸ਼ਿਪਬਿਲਡਰਾਂ ਨੂੰ ਯੋਗ ਮੰਨਿਆ ਗਿਆ ਸੀ, ਪਰ ਕਿਸੇ ਨੇ ਅੰਤਿਮ ਬੋਲੀ ਨਹੀਂ ਦਿੱਤੀ। ਕੰਪਨੀ ਦਾ ਕਹਿਣਾ ਹੈ ਕਿ ਸਥਾਨਕ ਪੱਧਰ ’ਤੇ ਵੱਡੇ ਯਾਤਰੀ ਜਹਾਜ਼ ਬਣਾਉਣ ਲਈ ਸਰਕਾਰ ਅਤੇ ਉਦਯੋਗ ਵੱਲੋਂ ਵੱਡੇ ਨਿਵੇਸ਼ ਦੀ ਲੋੜ ਹੈ।ਪ੍ਰੀਮੀਅਰ ਡੇਵਿਡ ਏਬੀ ਮੁਤਾਬਕ ਚੀਨ ਵਿੱਚ ਫੈਰੀਆਂ ਬਣਾਉਣ ਦਾ ਫੈਸਲਾ ਇਸ ਲਈ ਕੀਤਾ ਗਿਆ ਕਿਉਂਕਿ ਹੋਰ ਥਾਵਾਂ ’ਤੇ ਬਣਾਉਣ ਨਾਲ ਘੱਟੋ-ਘੱਟ 1 ਅਰਬ ਡਾਲਰ ਵਾਧੂ ਖਰਚਾ ਆਉਣਾ ਸੀ।ਯੂਨੀਅਨਾਂ ਹੁਣ ਸਰਕਾਰ, ਸ਼ਿਪਬਿਲਡਰਾਂ ਅਤੇ ਕਾਮਿਆਂ ਨੂੰ ਇਕੱਠਾ ਕਰਕੇ ਬੀ.ਸੀ. ਲਈ ਲੰਬੇ ਸਮੇਂ ਦੀ ਸ਼ਿਪਬਿਲਡਿੰਗ ਰਣਨੀਤੀ ਬਣਾਉਣ ਦੀ ਮੰਗ ਕਰ ਰਹੀਆਂ ਹਨ।