ਬੀ.ਸੀ. ਦੇ ਹਾਊਸਿੰਗ ਬਾਜ਼ਾਰ ਨੂੰ ਝਟਕਾ, ਜਨਵਰੀ ਵਿੱਚ ਘਰਾਂ ਦੀ ਵਿਕਰੀ 22.9 ਫੀਸਦੀ ਘੱਟੀ, ਕੀਮਤਾਂ ਵਿੱਚ ਵੀ ਨਰਮੀ
ਵੈਂਕੂਵਰ-ਬ੍ਰਿਟਿਸ਼ ਕੋਲੰਬੀਆ ਵਿੱਚ ਸਾਲ 2026 ਦੀ ਸ਼ੁਰੂਆਤ ਹਾਊਸਿੰਗ ਮਾਰਕੀਟ ਲਈ ਉਮੀਦਾਂ ਅਨੁਸਾਰ ਨਹੀਂ ਰਹੀ। ਬ੍ਰਿਟਿਸ਼ ਕੋਲੰਬੀਆ ਰੀਅਲ ਅਸਟੇਟ ਐਸੋਸੀਏਸ਼ਨ (BCREA) ਦੀ ਤਾਜ਼ਾ ਰਿਪੋਰਟ ਮੁਤਾਬਕ ਜਨਵਰੀ ਮਹੀਨੇ ਦੌਰਾਨ ਘਰਾਂ ਦੀ ਵਿਕਰੀ ਵਿੱਚ ਪਿਛਲੇ ਸਾਲ ਦੇ ਮੁਕਾਬਲੇ 22.9 ਫੀਸਦੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।
ਰਿਪੋਰਟ ਅਨੁਸਾਰ ਜਨਵਰੀ 2026 ਵਿੱਚ ਸੂਬੇ ਭਰ ਵਿੱਚ 3,314 ਰਿਹਾਇਸ਼ੀ ਯੂਨਿਟ ਵੇਚੇ ਗਏ, ਜਦਕਿ ਜਨਵਰੀ 2025 ਵਿੱਚ ਇਹ ਗਿਣਤੀ 4,221 ਸੀ। BCREA ਦੇ ਮੁੱਖ ਅਰਥਸ਼ਾਸਤਰੀ ਬ੍ਰੈਂਡਨ ਓਗਮੰਡਸਨ ਨੇ ਕਿਹਾ ਕਿ 2016 ਤੋਂ ਬਾਅਦ ਇਹ ਦੂਜਾ ਸਭ ਤੋਂ ਕਮਜ਼ੋਰ ਜਨਵਰੀ ਮਹੀਨਾ ਸਾਬਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਲਗਭਗ ਹਰ ਖੇਤਰ ਵਿੱਚ ਵਿਕਰੀ ਇਤਿਹਾਸਕ ਔਸਤ ਤੋਂ ਹੇਠਾਂ ਰਹੀ, ਖ਼ਾਸ ਕਰਕੇ ਗ੍ਰੇਟਰ ਵੈਨਕੂਵਰ ਵਿੱਚ ਸਭ ਤੋਂ ਵੱਡੀ ਕਮੀ ਦੇਖੀ ਗਈ।
ਇਸ ਦੇ ਨਾਲ ਹੀ ਔਸਤ MLS ਰਿਹਾਇਸ਼ੀ ਕੀਮਤ ਵਿੱਚ ਵੀ 1.9 ਫੀਸਦੀ ਦੀ ਕਮੀ ਆਈ ਹੈ। ਕੀਮਤ $942,384 ਤੋਂ ਘੱਟ ਕੇ $924,239 ਰਹਿ ਗਈ। ਕੁੱਲ ਰਿਹਾਇਸ਼ੀ ਵਿਕਰੀ ਦਾ ਡਾਲਰ ਵਾਲੀਅਮ ਵੀ ਘਟ ਕੇ $3.06 ਬਿਲੀਅਨ ਰਹਿ ਗਿਆ, ਜੋ ਪਿਛਲੇ ਸਾਲ ਦੇ ਇਸੇ ਸਮੇਂ ਨਾਲੋਂ 24.4 ਫੀਸਦੀ ਘੱਟ ਹੈ।
ਹਾਲਾਂਕਿ, ਸਰਗਰਮ ਲਿਸਟਿੰਗਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਜਨਵਰੀ ਦੇ 30,896 ਯੂਨਿਟਾਂ ਦੇ ਮੁਕਾਬਲੇ ਇਸ ਵਾਰ ਇਹ ਗਿਣਤੀ 32,626 ਤੱਕ ਪਹੁੰਚ ਗਈ ਹੈ, ਜੋ ਬਾਜ਼ਾਰ ਵਿੱਚ ਵਧ ਰਹੀ ਸਪਲਾਈ ਵੱਲ ਇਸ਼ਾਰਾ ਕਰਦੀ ਹੈ। BCREA ਨੇ ਕਿਹਾ ਹੈ ਕਿ ਨਵੇਂ ਘਰਾਂ ਦੀ ਉਸਾਰੀ ਸਬੰਧੀ ਉਮੀਦਾਂ ਮੌਜੂਦ ਹਨ ਅਤੇ ਲੰਬੇ ਸਮੇਂ ਵਿੱਚ ਮੰਗ ਵਧਣ ਦੀ ਸੰਭਾਵਨਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਹਾਲਾਤਾਂ ਦੀ ਅਗਲੇ ਮਹੀਨਿਆਂ ਵਿੱਚ ਕਰੀਬੀ ਨਿਗਰਾਨੀ ਕੀਤੀ ਜਾਵੇਗੀ।
















