ਸੁਰੱਖਿਆ ਸੰਗਠਨਾਂ ਨੇ ਅਲਬਰਟਾ ਸਰਕਾਰ ਨੂੰ ਵੱਡੇ ਟਰੱਕਾਂ ਤੇ ਐੱਸਯੂਵੀਜ਼ ਦੇ ਖਤਰੇ ਦੀ ਜਾਂਚ ਕਰਨ ਦੀ ਅਪੀਲ ਕੀਤੀ
ਅਲਬਰਟਾ-ਅਲਬਰਟਾ ਵਿੱਚ ਪੈਦਲ ਯਾਤਰੀਆਂ ਦੀਆਂ ਵਧ ਰਹੀਆਂ ਮੌਤਾਂ ਦਰਮਿਆਨ ਸੁਰੱਖਿਆ ਸੰਗਠਨਾਂ ਨੇ ਸੂਬਾ ਸਰਕਾਰ ਤੋਂ ਵੱਡੇ ਟਰੱਕਾਂ ਅਤੇ ਐੱਸਯੂਵੀਜ਼ ਦੀ ਭੂਮਿਕਾ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।Coalition to Reduce Auto Size Hazards (C.R.A.S.H.) ਵੱਲੋਂ 12 ਅਗਸਤ ਨੂੰ ਸੂਬੇ ਦੀ ਸੰਬੰਧਤ ਸੁਤੰਤਰ ਸੰਸਥਾ ਨੂੰ ਪੱਤਰ ਭੇਜ ਕੇ ਇਹ ਪਤਾ ਲਗਾਉਣ ਦੀ ਮੰਗ ਕੀਤੀ ਗਈ ਕਿ ਕੀ ਵੱਡੇ ਵਾਹਨ ਪੈਦਲ ਯਾਤਰੀਆਂ ਲਈ ਵਧਦੇ ਖਤਰੇ ਦਾ ਕਾਰਨ ਬਣ ਰਹੇ ਹਨ।
ਕੈਲਗਰੀ ਵਿੱਚ 2025 ਦੌਰਾਨ ਵਾਹਨਾਂ ਦੀ ਟੱਕਰ ਨਾਲ 15 ਪੈਦਲ ਯਾਤਰੀਆਂ ਦੀ ਮੌਤ ਹੋਈ ਸੀ, ਜੋ 11 ਸਾਲਾਂ ਵਿੱਚ ਸਭ ਤੋਂ ਵੱਧ ਅੰਕੜਾ ਸੀ। ਇਸ ਸਾਲ ਵੀ ਸ਼ਹਿਰ ਵਿੱਚ ਪੈਦਲ ਯਾਤਰੀਆਂ ਦੀਆਂ 10 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।ਸੰਗਠਨ ਨੇ ਅਮਰੀਕੀ ਖੋਜ ਦਾ ਹਵਾਲਾ ਦਿੰਦਿਆਂ ਕਿਹਾ ਕਿ ਵਾਹਨਾਂ ਦਾ ਅੱਗਲਾ ਹਿੱਸਾ ਵੱਡਾ ਹੋਣ ਨਾਲ ਪੈਦਲ ਯਾਤਰੀਆਂ ਲਈ ਖਤਰਾ 22 ਫੀਸਦੀ ਤੱਕ ਵਧ ਸਕਦਾ ਹੈ, ਖਾਸ ਕਰਕੇ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਲਈ। ਵੱਡੇ ਟਰੱਕਾਂ ਅਤੇ ਐੱਸਯੂਵੀਜ਼ ਵਿੱਚ ਬਲਾਈਂਡ ਸਪੌਟ ਵੀ ਜ਼ਿਆਦਾ ਹੁੰਦੇ ਹਨ।
ਸੁਰੱਖਿਆ ਗਰੁੱਪਾਂ ਨੇ ਵੱਡੇ ਵਾਹਨਾਂ ਦੇ ਡਿਜ਼ਾਈਨ, ਭਾਰ ਅਤੇ ਆਕਾਰ ਦੇ ਹਾਦਸਿਆਂ ’ਤੇ ਪ੍ਰਭਾਵ ਦੀ ਜਾਂਚ ਕਰਨ ਦੇ ਨਾਲ ਵੱਡੇ ਵਾਹਨਾਂ ਲਈ ਨਵੇਂ ਲਾਇਸੈਂਸ ਨਿਯਮਾਂ ਅਤੇ ਸ਼ਹਿਰੀ ਸਰਵਿਸ ਟਰੱਕਾਂ ਦਾ ਆਕਾਰ ਘਟਾਉਣ ਵਰਗੇ ਕਦਮਾਂ ’ਤੇ ਵੀ ਵਿਚਾਰ ਕਰਨ ਦੀ ਸਿਫਾਰਸ਼ ਕੀਤੀ ਹੈ।Bike Calgary ਦੇ ਪ੍ਰਧਾਨ ਡੱਗ ਕਲਾਰਕ ਨੇ ਕਿਹਾ ਕਿ ਮੁੱਖ ਮਕਸਦ ਟਰੱਕ ਮਾਲਕਾਂ ਨੂੰ ਨਿਸ਼ਾਨਾ ਬਣਾਉਣਾ ਨਹੀਂ, ਸਗੋਂ ਇਹ ਪਤਾ ਲਗਾਉਣਾ ਹੈ ਕਿ ਵਾਹਨਾਂ ਦੇ ਆਕਾਰ ਅਤੇ ਭਾਰ ਦਾ ਪੈਦਲ ਯਾਤਰੀਆਂ ਤੇ ਸਾਈਕਲ ਸਵਾਰਾਂ ਦੀ ਸੁਰੱਖਿਆ ’ਤੇ ਕਿੰਨਾ ਅਸਰ ਪੈਂਦਾ ਹੈ।ਅਲਬਰਟਾ ਵਿੱਚ ਵੱਡੇ ਵਾਹਨਾਂ ਦੀ ਵਰਤੋਂ ਲਗਾਤਾਰ ਵਧ ਰਹੀ ਹੈ। ਪਿਛਲੇ ਸਾਲ ਐੱਸਯੂਵੀਜ਼ ਅਤੇ ਟਰੱਕ ਸੂਬੇ ਵਿੱਚ ਰਜਿਸਟਰ ਕੀਤੇ ਕੁੱਲ ਵਾਹਨਾਂ ਦਾ 47 ਫੀਸਦੀ ਸਨ।
















