ਕੈਨੇਡਾ ਵਿੱਚ ਕਰੀਬ 2 ਬਿਲੀਅਨ ਡਾਲਰ ਦੇ ਸਰਕਾਰੀ ਚੈੱਕ ਅਜੇ ਵੀ ਅਣਕੈਸ਼

ਕੈਨੇਡਾ ਵਿੱਚ ਕਰੀਬ 2 ਬਿਲੀਅਨ ਡਾਲਰ ਦੇ ਸਰਕਾਰੀ ਚੈੱਕ ਅਜੇ ਵੀ ਅਣਕੈਸ਼

ਓਟਵਾ-ਕੈਨੇਡਾ ਵਿੱਚ ਲੱਖਾਂ ਨਾਗਰਿਕਾਂ ਵੱਲੋਂ ਫੈਡਰਲ ਸਰਕਾਰ ਦੇ ਭੇਜੇ ਗਏ ਕਾਗਜ਼ੀ ਚੈੱਕ ਅਜੇ ਤੱਕ ਕੈਸ਼ ਨਹੀਂ ਕਰਵਾਏ ਗਏ, ਜਿਸ ਕਾਰਨ ਲਗਭਗ 2 ਬਿਲੀਅਨ ਡਾਲਰ ਦੀ ਰਕਮ ਬਿਨਾਂ ਵਰਤੋਂ ਪਈ ਹੋਈ ਹੈ।

ਹਾਲ ਹੀ ਵਿੱਚ ਪਾਰਲੀਮੈਂਟ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਅਨੁਸਾਰ, ਪਿਛਲੇ ਚਾਰ ਸਾਲਾਂ ਦੌਰਾਨ ਫੈਡਰਲ ਸਰਕਾਰ ਨੇ ਕਰੀਬ 3.9 ਮਿਲੀਅਨ ਚੈੱਕ ਵੱਖ-ਵੱਖ ਸਰਕਾਰੀ ਸਕੀਮਾਂ ਤਹਿਤ ਕੈਨੇਡੀਅਨ ਨਾਗਰਿਕਾਂ ਨੂੰ ਭੇਜੇ, ਜੋ ਅਜੇ ਤੱਕ ਕੈਸ਼ ਨਹੀਂ ਹੋ ਸਕੇ।

ਇਹ ਚੈੱਕ ਵੱਖ-ਵੱਖ ਭਲਾਈ ਯੋਜਨਾਵਾਂ ਨਾਲ ਸੰਬੰਧਤ ਸਨ। ਇਨ੍ਹਾਂ ਵਿੱਚੋਂ ਲਗਭਗ 141 ਮਿਲੀਅਨ ਡਾਲਰ ਦੇ ਚੈੱਕ ਕੈਨੇਡਾ ਕਾਰਬਨ ਰੀਬੇਟ ਨਾਲ ਸਬੰਧਤ ਸਨ, ਜੋ ਕਾਰਬਨ ਟੈਕਸ ਕਾਰਨ ਵਧ ਰਹੇ ਖ਼ਰਚਿਆਂ ਦਾ ਬੋਝ ਘਟਾਉਣ ਲਈ ਦਿੱਤਾ ਜਾਂਦਾ ਸੀ। ਭਾਵੇਂ ਇਹ ਪ੍ਰੋਗਰਾਮ ਪਿਛਲੇ ਸਾਲ ਬੰਦ ਕਰ ਦਿੱਤਾ ਗਿਆ ਹੈ, ਪਰ ਸਰਕਾਰੀ ਚੈੱਕਾਂ ਦੀ ਕੋਈ ਮਿਆਦ ਨਹੀਂ ਹੁੰਦੀ।

ਇਸ ਤੋਂ ਇਲਾਵਾ, ਕੈਨੇਡਾ ਚਾਈਲਡ ਬੈਨਿਫਿਟ ਤਹਿਤ ਭੇਜੇ ਗਏ ਲਗਭਗ 42.8 ਮਿਲੀਅਨ ਡਾਲਰ ਦੇ ਚੈੱਕ ਵੀ ਕਈ ਪਰਿਵਾਰਾਂ ਵੱਲੋਂ ਅਜੇ ਤੱਕ ਕੈਸ਼ ਨਹੀਂ ਕਰਵਾਏ ਗਏ। ਇਹ ਬੈਨਿਫਿਟ ਬੱਚਿਆਂ ਦੀ ਪਰਵਰਿਸ਼ ਦੇ ਖ਼ਰਚਿਆਂ ਵਿੱਚ ਮਦਦ ਲਈ ਹਰ ਮਹੀਨੇ ਦਿੱਤਾ ਜਾਂਦਾ ਹੈ ਅਤੇ ਪੂਰੀ ਤਰ੍ਹਾਂ ਟੈਕਸ-ਮੁਕਤ ਹੁੰਦਾ ਹੈ।

ਫੈਡਰਲ ਸਰਕਾਰ ਦੀ ਕੋਸ਼ਿਸ਼ ਰਹੀ ਹੈ ਕਿ ਵੱਧ ਤੋਂ ਵੱਧ ਭੁਗਤਾਨ ਸਿੱਧੇ ਨਾਗਰਿਕਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਏ ਜਾਣ, ਪਰ ਅਜੇ ਵੀ ਕੁਝ ਭੁਗਤਾਨ ਅਤੇ ਬੈਨਿਫਿਟ ਡਾਕ ਰਾਹੀਂ ਕਾਗਜ਼ੀ ਚੈੱਕਾਂ ਦੇ ਜ਼ਰੀਏ ਭੇਜੇ ਜਾ ਰਹੇ ਹਨ।