ਚਾਂਦੀ 14,300 ਰੁਪਏ ਚੜ੍ਹ ਕੇ 2.98 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪੁੱਜੀ, ਸੋਨਾ ਵੀ ਰਿਕਾਰਡ ਉਚਾਈ ’ਤੇ

ਚਾਂਦੀ 14,300 ਰੁਪਏ ਚੜ੍ਹ ਕੇ 2.98 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪੁੱਜੀ, ਸੋਨਾ ਵੀ ਰਿਕਾਰਡ ਉਚਾਈ ’ਤੇ

ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਵਿੱਚ ਬੁੱਧਵਾਰ ਨੂੰ ਕੀਮਤੀ ਧਾਤਾਂ ਦੀਆਂ ਕੀਮਤਾਂ ਨੇ ਲਗਾਤਾਰ ਦੂਜੇ ਦਿਨ ਵੀ ਤੇਜ਼ੀ ਜਾਰੀ ਰੱਖੀ। ਚਾਂਦੀ ਦੀ ਕੀਮਤ 14,300 ਰੁਪਏ ਵਧ ਕੇ 2,98,300 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ, ਜਦੋਂਕਿ ਸੋਨਾ 1,65,100 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ’ਤੇ ਪਹੁੰਚ ਗਿਆ।

ਵਪਾਰੀਆਂ ਅਨੁਸਾਰ, ਮਜ਼ਬੂਤ ਅੰਤਰਰਾਸ਼ਟਰੀ ਰੁਝਾਨਾਂ ਅਤੇ ਕਮਜ਼ੋਰ ਅਮਰੀਕੀ ਡਾਲਰ ਕਾਰਨ ਕੀਮਤੀ ਧਾਤਾਂ ਵਿੱਚ ਨਿਵੇਸ਼ਕਾਂ ਦੀ ਦਿਲਚਸਪੀ ਮੁੜ ਵਧੀ ਹੈ। ਪਿਛਲੇ ਹਫ਼ਤੇ ਦੀ ਭਾਰੀ ਵਿਕਰੀ ਤੋਂ ਬਾਅਦ ਸੁਰੱਖਿਅਤ ਨਿਵੇਸ਼ ਵਜੋਂ ਸੋਨੇ ਅਤੇ ਚਾਂਦੀ ਵੱਲ ਰੁਝਾਨ ਤੇਜ਼ ਹੋਇਆ ਹੈ।

ਆਲ ਇੰਡੀਆ ਸਰਾਫਾ ਐਸੋਸੀਏਸ਼ਨ ਦੇ ਮੁਤਾਬਕ, ਚਾਂਦੀ 5.03 ਪ੍ਰਤੀਸ਼ਤ ਦੀ ਤੇਜ਼ੀ ਨਾਲ ਚੜ੍ਹੀ। ਪਿਛਲੇ ਸੈਸ਼ਨ ਵਿੱਚ ਇਹ 2,84,000 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਬੰਦ ਹੋਈ ਸੀ।

ਇਸੇ ਤਰ੍ਹਾਂ, 99.9 ਪ੍ਰਤੀਸ਼ਤ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 7,400 ਰੁਪਏ ਜਾਂ 4.69 ਪ੍ਰਤੀਸ਼ਤ ਵਧ ਕੇ 1,65,100 ਰੁਪਏ ਪ੍ਰਤੀ 10 ਗ੍ਰਾਮ (ਸਾਰੇ ਟੈਕਸਾਂ ਸਮੇਤ) ’ਤੇ ਪਹੁੰਚ ਗਈ। ਮੰਗਲਵਾਰ ਨੂੰ ਸੋਨਾ 1,57,700 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ।

ਲੈਮਨ ਮਾਰਕੀਟ ਡੈਸਕ ਦੇ ਖੋਜ ਵਿਸ਼ਲੇਸ਼ਕ ਗੌਰਵ ਗਰਗ ਨੇ ਕਿਹਾ ਕਿ ਬੁੱਧਵਾਰ ਨੂੰ ਸੋਨੇ ਦੀਆਂ ਕੀਮਤਾਂ ਵਿੱਚ 3 ਪ੍ਰਤੀਸ਼ਤ ਤੋਂ ਵੱਧ ਦਾ ਉਛਾਲ ਆਇਆ, ਜਦਕਿ ਚਾਂਦੀ ਨੇ ਦਿਨ ਦੌਰਾਨ ਲਗਭਗ 6 ਪ੍ਰਤੀਸ਼ਤ ਦੀ ਛਾਲ ਮਾਰੀ।

ਅੰਤਰਰਾਸ਼ਟਰੀ ਬਾਜ਼ਾਰ ਵਿੱਚ, ਸਪਾਟ ਚਾਂਦੀ 4.28 ਡਾਲਰ ਵਧ ਕੇ 89.35 ਡਾਲਰ ਪ੍ਰਤੀ ਔਂਸ ਹੋ ਗਈ, ਜਦਕਿ ਸੋਨਾ 100.03 ਡਾਲਰ ਦੀ ਤੇਜ਼ੀ ਨਾਲ 5,047.07 ਡਾਲਰ ਪ੍ਰਤੀ ਔਂਸ ’ਤੇ ਵਪਾਰ ਕਰਦਾ ਦਿੱਖਿਆ।

ਐਚਡੀਐਫਸੀ ਸਿਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਸੌਮਿਲ ਗਾਂਧੀ ਨੇ ਕਿਹਾ ਕਿ ਅਮਰੀਕਾ ਅਤੇ ਈਰਾਨ ਵਿਚਕਾਰ ਵਧ ਰਹੇ ਭੂ-ਰਾਜਨੀਤਿਕ ਤਣਾਅ ਕਾਰਨ ਸੁਰੱਖਿਅਤ ਨਿਵੇਸ਼ਾਂ ਵੱਲ ਰੁਝਾਨ ਵਧਿਆ ਹੈ, ਜਿਸ ਨਾਲ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨੂੰ ਹੋਰ ਮਜ਼ਬੂਤੀ ਮਿਲੀ ਹੈ।