ਕੇਂਦਰੀ ਬਜਟ 2026 ਹਰਿਆਣਾ ਦੇ ਵਿਕਾਸ ਲਈ ਅਗਲੀ ਛਾਲ ਦਾ ਰੋਡਮੈਪ: ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਚੰਡੀਗੜ੍ਹ-ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਕਿਹਾ ਕਿ ਕੇਂਦਰੀ ਬਜਟ 2026-27 ਹਰਿਆਣਾ ਦੇ ਸਮੁੱਚੇ ਵਿਕਾਸ ਲਈ ਇੱਕ ਮਜ਼ਬੂਤ ਰੋਡਮੈਪ ਹੈ, ਜੋ ਸਿਰਫ਼ ਵੱਡੇ ਸ਼ਹਿਰਾਂ ਤੱਕ ਸੀਮਿਤ ਨਹੀਂ, ਸਗੋਂ ਪਿੰਡਾਂ, ਕਿਸਾਨਾਂ, ਔਰਤਾਂ, ਨੌਜਵਾਨਾਂ ਅਤੇ ਮਜ਼ਦੂਰ ਵਰਗ ਤੱਕ ਵਿਕਾਸ ਦੇ ਫ਼ਾਇਦੇ ਪਹੁੰਚਾਉਂਦਾ ਹੈ। ਬਜਟ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੰਦਿਆਂ ਸੈਣੀ ਨੇ ਕਿਹਾ ਕਿ ਆਰਥਿਕ ਮਜ਼ਬੂਤੀ ਹਰ ਨਾਗਰਿਕ ਲਈ ਸਮਾਜਿਕ ਸੁਰੱਖਿਆ, ਮਾਣ ਅਤੇ ਮੌਕਿਆਂ ਨਾਲ ਜੁੜੀ ਹੋਈ ਹੈ।ਉਨ੍ਹਾਂ ਦੱਸਿਆ ਕਿ ਜਨਤਕ ਪੂੰਜੀ ਖ਼ਰਚ ਵਿੱਚ ਵੱਡੇ ਵਾਧੇ ਤਹਿਤ ਬੁਨਿਆਦੀ ਢਾਂਚੇ ਲਈ ਲਗਭਗ 12.2 ਲੱਖ ਕਰੋੜ ਰੁਪਏ ਦੀ ਵੰਡ ਕੀਤੀ ਗਈ ਹੈ, ਜਿਸ ਨਾਲ ਸੜਕਾਂ, ਰੇਲਵੇ, ਸ਼ਹਿਰੀ ਬੁਨਿਆਦੀ ਢਾਂਚਾ, ਉਦਯੋਗਿਕ ਗਲਿਆਰੇ ਅਤੇ ਲੌਜਿਸਟਿਕਸ ਪ੍ਰਣਾਲੀਆਂ ਮਜ਼ਬੂਤ ਹੋਣਗੀਆਂ।
ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ-ਐਨਸੀਆਰ ਖੇਤਰ ਵਿੱਚ ਹਰਿਆਣਾ ਦੀ ਰਣਨੀਤਕ ਸਥਿਤੀ ਦੇ ਮੱਦੇਨਜ਼ਰ ਰਾਜ ਨੂੰ ਵਿਕਾਸ ਪ੍ਰੋਜੈਕਟਾਂ ਦੇ ਤੇਜ਼ੀ ਨਾਲ ਲਾਗੂ ਹੋਣ ਅਤੇ ਖ਼ਾਸ ਕਰਕੇ ਨੌਜਵਾਨਾਂ ਲਈ ਲੱਖਾਂ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦਾ ਸਿੱਧਾ ਲਾਭ ਮਿਲੇਗਾ।ਸੈਣੀ ਨੇ ਦੱਸਿਆ ਕਿ ਸਿੱਖਿਆ ਅਤੇ ਹੁਨਰ ਵਿਕਾਸ ਲਈ 1.39 ਲੱਖ ਕਰੋੜ ਰੁਪਏ ਅਲਾਟ ਕੀਤੇ ਗਏ ਹਨ ਅਤੇ 1.5 ਲੱਖ ਤੋਂ ਵੱਧ ਨੌਜਵਾਨਾਂ ਨੂੰ ਨਵੇਂ ਯੁੱਗ ਦੇ ਹੁਨਰਾਂ ਵਿੱਚ ਸਿਖਲਾਈ ਦਿੱਤੀ ਜਾਵੇਗੀ। ਹੁਨਰ ਵਿਕਾਸ, ਰੁਜ਼ਗਾਰ ਸਿਰਜਣਾ ਅਤੇ ਭਵਿੱਖ ਦੀਆਂ ਤਕਨਾਲੋਜੀਆਂ ਲਈ 15,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਰੱਖੀ ਗਈ ਹੈ।
ਉਨ੍ਹਾਂ ਕਿਹਾ ਕਿ ਆਰਟੀਫ਼ੀਸ਼ਲ ਇੰਟੈਲੀਜੈਂਸ, ਰੋਬੋਟਿਕਸ, ਬਾਇਓਟੈਕਨਾਲੋਜੀ ਅਤੇ ਸਾਈਬਰ ਸੁਰੱਖਿਆ ਲਈ 10,000 ਕਰੋੜ ਰੁਪਏ ਦਾ ਫੰਡ ਬਣਾਇਆ ਗਿਆ ਹੈ, ਜਿਸ ਨਾਲ ਗੁਰੂਗ੍ਰਾਮ, ਫਰੀਦਾਬਾਦ, ਪੰਚਕੂਲਾ ਅਤੇ ਰੋਹਤਕ ਵਰਗੇ ਕੇਂਦਰਾਂ ਨੂੰ ਸਿੱਧਾ ਲਾਭ ਮਿਲੇਗਾ।
ਸਟਾਰਟਅੱਪ ਅਤੇ ਉੱਦਮਤਾ ਨੂੰ ਹੁਲਾਰਾ ਦੇਣ ਲਈ 7,500 ਕਰੋੜ ਰੁਪਏ ਦੇ ਪ੍ਰਬੰਧ ਨਾਲ ਹਰਿਆਣਾ ਦਾ ਸਟਾਰਟਅੱਪ ਈਕੋਸਿਸਟਮ ਹੋਰ ਮਜ਼ਬੂਤ ਹੋਵੇਗਾ। ਸਿੱਖਿਆ ਨੂੰ ਰੁਜ਼ਗਾਰ ਅਤੇ ਉੱਦਮਤਾ ਨਾਲ ਜੋੜਨ ਲਈ ਇੱਕ ਉੱਚ-ਪੱਧਰੀ ਸਥਾਈ ਕਮੇਟੀ ਵੀ ਬਣਾਈ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਜਟ ਵਿੱਚ ਔਰਤਾਂ ਦੇ ਸਵੈ-ਸਹਾਇਤਾ ਸਮੂਹਾਂ ਨੂੰ ਮਜ਼ਬੂਤ ਕਰਨ ’ਤੇ ਖ਼ਾਸ ਜ਼ੋਰ ਦਿੱਤਾ ਗਿਆ ਹੈ। ਔਰਤਾਂ ਦੇ ਰੁਜ਼ਗਾਰ ਅਤੇ ਉੱਦਮਤਾ ਲਈ ਲਗਭਗ 8,000 ਕਰੋੜ ਰੁਪਏ, ਜਦਕਿ ਸਮਾਜਿਕ ਸੁਰੱਖਿਆ, ਪੈਨਸ਼ਨਾਂ ਅਤੇ ਪੋਸ਼ਣ ਯੋਜਨਾਵਾਂ ਲਈ 40,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਰੱਖੀ ਗਈ ਹੈ।
ਸਿਹਤ ਖੇਤਰ ਲਈ ਬਾਇਓਫਾਰਮਾ ਸ਼ਕਤੀ ਪਹਿਲਕਦਮੀ ਤਹਿਤ 10,000 ਕਰੋੜ ਰੁਪਏ, ਸਿਹਤ ਬੁਨਿਆਦੀ ਢਾਂਚੇ ਲਈ 20,000 ਕਰੋੜ ਰੁਪਏ ਅਤੇ ਮੈਡੀਕਲ ਟੂਰਿਜ਼ਮ ਲਈ 5,000 ਕਰੋੜ ਰੁਪਏ ਅਲਾਟ ਕੀਤੇ ਗਏ ਹਨ, ਜਿਸ ਨਾਲ ਗੁਰੂਗ੍ਰਾਮ, ਪੰਚਕੂਲਾ, ਰੋਹਤਕ ਅਤੇ ਕਰਨਾਲ ਵਿੱਚ ਆਧੁਨਿਕ ਸਿਹਤ ਸਹੂਲਤਾਂ ਦਾ ਵਿਕਾਸ ਹੋਵੇਗਾ। ਸੈਣੀ ਨੇ ਕਿਹਾ ਕਿ ਕੇਂਦਰੀ ਬਜਟ ਨੇ ਹਰਿਆਣਾ ਦੇ ਉਦਯੋਗਿਕ ਖੇਤਰ ਵਿੱਚ ਨਵਾਂ ਵਿਸ਼ਵਾਸ ਪੈਦਾ ਕੀਤਾ ਹੈ। ਸੈਮੀਕੰਡਕਟਰ, ਇਲੈਕਟ੍ਰਾਨਿਕ ਹਿੱਸਿਆਂ ਅਤੇ ਬਾਇਓਫਾਰਮਾ ਲਈ ਪ੍ਰੋਤਸਾਹਨਾਂ ਨਾਲ ਗੁਰੂਗ੍ਰਾਮ, ਫਰੀਦਾਬਾਦ ਅਤੇ ਸੋਨੀਪਤ ਵਿੱਚ ਨਵੇਂ ਨਿਵੇਸ਼ ਆਉਣਗੇ। 10,000 ਕਰੋੜ ਰੁਪਏ ਦੇ MSME ਵਿਕਾਸ ਫੰਡ ਨਾਲ ਲੱਖਾਂ ਛੋਟੇ ਉੱਦਮੀਆਂ ਨੂੰ ਲਾਭ ਮਿਲੇਗਾ।
ਉਨ੍ਹਾਂ ਕਿਹਾ ਕਿ ਹਾਈ-ਸਪੀਡ ਰੇਲ, ਸ਼ਹਿਰੀ ਆਰਥਿਕ ਖੇਤਰਾਂ ਅਤੇ ਟੀਅਰ-2 ਅਤੇ ਟੀਅਰ-3 ਸ਼ਹਿਰਾਂ ਦੇ ਕੇਂਦ੍ਰਿਤ ਵਿਕਾਸ ਰਾਹੀਂ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ, ਜਦਕਿ ਹਰੀ ਊਰਜਾ ’ਤੇ ਜ਼ੋਰ ਨਾਲ ਨਵਿਆਉਣਯੋਗ ਊਰਜਾ ਖੇਤਰ ਨੂੰ ਵੱਡਾ ਹੁਲਾਰਾ ਮਿਲੇਗਾ।
















