ਕਾਂਗਰਸ ਵੱਲੋਂ ਨਵਜੋਤ ਕੌਰ ਸਿੱਧੂ ਪਾਰਟੀ ਤੋਂ ਬਾਹਰ
ਰਾਹੁਲ ਗਾਂਧੀ ’ਤੇ ਤਿੱਖਾ ਹਮਲਾ, ‘ਪੱਪੂ’ ਕਹਿ ਕੇ ਨਿਸ਼ਾਨਾ ਸਾਧਿਆ
ਨਵੀਂ ਦਿੱਲੀ/ਅੰਮ੍ਰਿਤਸਰ-ਕਾਂਗਰਸ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਤੋਂ ਕੱਢ ਦਿੱਤਾ ਹੈ। ਇਹ ਜਾਣਕਾਰੀ ਏ.ਆਈ.ਸੀ.ਸੀ. ਦੇ ਜਨਰਲ ਸਕੱਤਰ ਭੁਪੇਸ਼ ਬਘੇਲ ਨੇ ਸ਼ੁੱਕਰਵਾਰ ਨੂੰ ਦਿੱਤੀ।
ਬਘੇਲ ਨੇ ਕਿਹਾ ਕਿ ਨਵਜੋਤ ਕੌਰ ਸਿੱਧੂ ਨੂੰ ਪਹਿਲਾਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕੀਤਾ ਗਿਆ ਸੀ, ਪਰ ਹੁਣ ਉਨ੍ਹਾਂ ਨੂੰ ਅਧਿਕਾਰਕ ਤੌਰ ’ਤੇ ਕਾਂਗਰਸ ਤੋਂ ਕੱਢ ਦਿੱਤਾ ਗਿਆ ਹੈ। ਇਹ ਫੈਸਲਾ ਉਸ ਦਾਅਵੇ ਤੋਂ ਇੱਕ ਹਫ਼ਤਾ ਬਾਅਦ ਆਇਆ ਹੈ, ਜਿਸ ਵਿੱਚ ਕੌਰ ਨੇ ਸੋਸ਼ਲ ਮੀਡੀਆ ’ਤੇ ਕਾਂਗਰਸ ਤੋਂ ਅਸਤੀਫਾ ਦੇਣ ਦੀ ਗੱਲ ਕਹੀ ਸੀ।
ਪਾਰਟੀ ਦੇ ਇਸ ਕਦਮ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਨਵਜੋਤ ਕੌਰ ਸਿੱਧੂ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ’ਤੇ ਸਿੱਧਾ ਹਮਲਾ ਕਰਦੇ ਹੋਏ ਉਨ੍ਹਾਂ ਨੂੰ ‘ਪੱਪੂ’ ਕਿਹਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਜ਼ਮੀਨੀ ਹਕੀਕਤਾਂ ਤੋਂ ਅਣਜਾਣ ਹਨ ਅਤੇ ਪਾਰਟੀ ਦੇ ਅੰਦਰੂਨੀ ਘੇਰੇ ਵੱਲੋਂ ਉਨ੍ਹਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ।
ਕੌਰ ਨੇ ਦੋਸ਼ ਲਗਾਇਆ ਕਿ ਕਾਂਗਰਸ ਵਿੱਚ ਟਿਕਟਾਂ ਫ਼ੈਸਲੇ ਤੋਂ ਪਹਿਲਾਂ ਹੀ ਵੇਚ ਦਿੱਤੀਆਂ ਜਾਂਦੀਆਂ ਹਨ ਅਤੇ ਪਾਰਟੀ ਨੇਤਾ ਨਿੱਜੀ ਫਾਇਦੇ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਹਿੰਮਤ ਹੈ ਤਾਂ ਨੇਤਾ ਮੌਜੂਦਾ ਸਰਕਾਰ ਵਿਰੁੱਧ ਖੁੱਲ੍ਹ ਕੇ ਬੋਲਣ।
ਕਾਂਗਰਸ ਨੇ 8 ਦਸੰਬਰ 2025 ਨੂੰ ਨਵਜੋਤ ਕੌਰ ਸਿੱਧੂ ਨੂੰ ਉਸ ਸਮੇਂ ਮੁਅੱਤਲ ਕੀਤਾ ਸੀ, ਜਦੋਂ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ “500 ਕਰੋੜ ਰੁਪਏ ਦਾ ਸੂਟਕੇਸ ਦੇਣ ਵਾਲਾ ਵਿਅਕਤੀ ਮੁੱਖ ਮੰਤਰੀ ਦਾ ਚਿਹਰਾ ਬਣ ਜਾਂਦਾ ਹੈ।”
ਇਸ ਦੌਰਾਨ, ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਦੇ ਬਿਆਨਾਂ ’ਤੇ ਹਾਲੇ ਤੱਕ ਕੋਈ ਟਿੱਪਣੀ ਕਰਨ ਤੋਂ ਪਰਹੇਜ਼ ਕੀਤਾ ਹੈ।
ਗੌਰਤਲਬ ਹੈ ਕਿ ਨਵਜੋਤ ਕੌਰ ਸਿੱਧੂ 2012 ਵਿੱਚ ਭਾਜਪਾ ਦੀ ਟਿਕਟ ’ਤੇ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕ ਚੁਣੀ ਗਈ ਸੀ ਅਤੇ ਬਾਅਦ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਈ। ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦੀ ਚੇਅਰਪਰਸਨ ਵੀ ਰਹੀ।
















