ਭਾਰਤ ਦੀ ਪਹਿਲੀ ਹਾਈਡਰੋਜਨ ਟ੍ਰੇਨ ਅੱਜ ਹੋਵੇਗੀ ਰਵਾਨਾ, ਅਤਿ-ਆਧੁਨਿਕ ਸੁਰੱਖਿਆ ਪ੍ਰਣਾਲੀਆਂ ਨਾਲ ਲੈਸ

ਭਾਰਤ ਦੀ ਪਹਿਲੀ ਹਾਈਡਰੋਜਨ ਟ੍ਰੇਨ ਅੱਜ ਹੋਵੇਗੀ ਰਵਾਨਾ, ਅਤਿ-ਆਧੁਨਿਕ ਸੁਰੱਖਿਆ ਪ੍ਰਣਾਲੀਆਂ ਨਾਲ ਲੈਸ

ਚੰਡੀਗੜ੍ਹ-

ਭਾਰਤੀ ਰੇਲਵੇ ਅੱਜ ਦੇਸ਼ ਦੀ ਪਹਿਲੀ ਹਾਈਡਰੋਜਨ ਫਿਊਲ ਸੈੱਲ ਟ੍ਰੇਨ ਨੂੰ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕਰੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਟ੍ਰੇਨ ਦਾ ਉਦਘਾਟਨ ਕਰਨਗੇ। ਇਸ ਨਾਲ ਭਾਰਤ ਹਾਈਡਰੋਜਨ ਤਕਨਾਲੋਜੀ ਵਾਲੀਆਂ ਯਾਤਰੀ ਰੇਲਗੱਡੀਆਂ ਚਲਾਉਣ ਵਾਲੇ ਚੁਣਿੰਦੇ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਜਾਵੇਗਾ। ਰੇਲ ਮੰਤਰਾਲੇ ਅਨੁਸਾਰ, ਇਹ ਟ੍ਰੇਨ ਬਹੁ-ਪੱਧਰੀ ਸੁਰੱਖਿਆ ਪ੍ਰਣਾਲੀਆਂ ਨਾਲ ਲੈਸ ਹੈ। ਇਸ ਵਿੱਚ ਹਾਈਡਰੋਜਨ ਗੈਸ ਲੀਕ ਡਿਟੈਕਟਰ, ਧੂੰਏਂ ਅਤੇ ਅੱਗ ਦੀ ਪਛਾਣ ਕਰਨ ਵਾਲੇ ਸੈਂਸਰ, ਤਾਪਮਾਨ ਨਿਗਰਾਨੀ ਪ੍ਰਣਾਲੀ ਅਤੇ ਆਟੋਮੈਟਿਕ ਸ਼ਟਡਾਊਨ ਸਿਸਟਮ ਲਗਾਇਆ ਗਿਆ ਹੈ। ਜੇਕਰ ਕਿਸੇ ਵੀ ਤਰ੍ਹਾਂ ਦੀ ਅਸਧਾਰਨ ਸਥਿਤੀ ਸਾਹਮਣੇ ਆਉਂਦੀ ਹੈ ਤਾਂ ਇਹ ਸਿਸਟਮ ਬਿਨਾਂ ਕਿਸੇ ਮਨੁੱਖੀ ਦਖ਼ਲ ਦੇ ਹਾਈਡਰੋਜਨ ਦੀ ਸਪਲਾਈ ਆਪਣੇ ਆਪ ਬੰਦ ਕਰ ਦੇਵੇਗਾ।

ਰੇਲਵੇ ਨੇ ਦੱਸਿਆ ਕਿ ਟ੍ਰੇਨ ਵਿੱਚ ਲਗਾਤਾਰ ਵੈਂਟੀਲੇਸ਼ਨ ਸਿਸਟਮ ਵੀ ਦਿੱਤਾ ਗਿਆ ਹੈ, ਜਿਸ ਨਾਲ ਜੇਕਰ ਬਹੁਤ ਥੋੜ੍ਹੀ ਮਾਤਰਾ ਵਿੱਚ ਵੀ ਹਾਈਡਰੋਜਨ ਗੈਸ ਲੀਕ ਹੁੰਦੀ ਹੈ ਤਾਂ ਉਹ ਹਵਾ ਵਿੱਚ ਤੁਰੰਤ ਫੈਲ ਜਾਂਦੀ ਹੈ ਅਤੇ ਕਿਸੇ ਇੱਕ ਥਾਂ ਇਕੱਠੀ ਨਹੀਂ ਹੁੰਦੀ, ਜਿਸ ਨਾਲ ਹਾਦਸੇ ਦੀ ਸੰਭਾਵਨਾ ਕਾਫ਼ੀ ਘੱਟ ਹੋ ਜਾਂਦੀ ਹੈ। ਆਮ ਇਲੈਕਟ੍ਰਿਕ ਟ੍ਰੇਨਾਂ ਵਾਂਗ ਇਹ ਟ੍ਰੇਨ ਓਵਰਹੈੱਡ ਤਾਰਾਂ ਤੋਂ ਬਿਜਲੀ ਨਹੀਂ ਲੈਂਦੀ। ਇਸ ਵਿੱਚ ਲੱਗੀ ਪ੍ਰੋਟੋਨ ਐਕਸਚੇਂਜ ਮੈਮਬਰੇਨ (PEM) ਫਿਊਲ ਸੈੱਲ ਤਕਨਾਲੋਜੀ ਹਾਈਡਰੋਜਨ ਅਤੇ ਵਾਤਾਵਰਣ ਵਿੱਚ ਮੌਜੂਦ ਆਕਸੀਜਨ ਦੀ ਰਸਾਇਣਕ ਕ੍ਰਿਆ ਰਾਹੀਂ ਟ੍ਰੇਨ ਦੇ ਅੰਦਰ ਹੀ ਬਿਜਲੀ ਪੈਦਾ ਕਰਦੀ ਹੈ।

ਇਸ ਪ੍ਰਕਿਰਿਆ ਦੌਰਾਨ ਸਿਰਫ਼ ਪਾਣੀ ਦੀ ਭਾਫ਼ ਅਤੇ ਗਰਮੀ ਹੀ ਨਿਕਲਦੀ ਹੈ, ਜਿਸ ਕਾਰਨ ਇਸ ਨੂੰ ਵਾਤਾਵਰਣ ਪੱਖੋਂ ਸਭ ਤੋਂ ਸਾਫ਼ ਅਤੇ ਹਰਿਤ ਰੇਲ ਤਕਨਾਲੋਜੀ ਮੰਨਿਆ ਜਾ ਰਿਹਾ ਹੈ।ਟ੍ਰੇਨ ਦੇ ਲੋਕੋ ਪਾਇਲਟ ਕੈਬਿਨ ਨੂੰ ਵੀ ਖ਼ਾਸ ਸੁਰੱਖਿਆ ਮਾਪਦੰਡਾਂ ਅਨੁਸਾਰ ਤਿਆਰ ਕੀਤਾ ਗਿਆ ਹੈ। ਐਮਰਜੈਂਸੀ ਦੀ ਸਥਿਤੀ ਵਿੱਚ ਟ੍ਰੇਨ ਨੂੰ ਸੁਰੱਖਿਅਤ ਥਾਂ ਤੱਕ ਲਿਜਾਣ ਲਈ ਵਿਸ਼ੇਸ਼ ਮੋਡ ਦਿੱਤਾ ਗਿਆ ਹੈ। ਨਾਲ ਹੀ ਡਰਾਈਵਰ ਨੂੰ ਹਰ ਸਮੇਂ ਪੂਰੇ ਸਿਸਟਮ ਦੀ ਸਥਿਤੀ ਡਿਜ਼ੀਟਲ ਸਕਰੀਨ 'ਤੇ ਦਿਖਾਈ ਦਿੰਦੀ ਰਹੇਗੀ।

ਜੀਂਦ ਵਿੱਚ ਹਾਈਡਰੋਜਨ ਸਟੋਰੇਜ, ਕੰਪ੍ਰੈਸ਼ਨ ਅਤੇ ਡਿਸਪੈਂਸਿੰਗ ਸਹੂਲਤ ਵੀ ਸਥਾਪਤ ਕੀਤੀ ਗਈ ਹੈ। ਇੱਥੇ ਪਾਣੀ ਦੀ ਇਲੈਕਟ੍ਰੋਲਾਈਸਿਸ ਰਾਹੀਂ ਹਾਈਡਰੋਜਨ ਤਿਆਰ ਕਰਕੇ ਸੁਰੱਖਿਅਤ ਟੈਂਕਾਂ ਵਿੱਚ ਸੰਭਾਲਿਆ ਜਾਂਦਾ ਹੈ। ਇਸ ਕੇਂਦਰ ਵਿੱਚ ਕਰੀਬ 3,000 ਕਿਲੋਗ੍ਰਾਮ ਹਾਈਡਰੋਜਨ ਸਟੋਰ ਕਰਨ ਦੀ ਸਮਰੱਥਾ ਹੈ ਅਤੇ ਇਸ ਨੂੰ ਪੈਟਰੋਲੀਅਮ ਐਂਡ ਐਕਸਪਲੋਸਿਵਜ਼ ਸੇਫ਼ਟੀ ਆਰਗੇਨਾਈਜ਼ੇਸ਼ਨ (PESO) ਤੋਂ ਮਨਜ਼ੂਰੀ ਵੀ ਮਿਲੀ ਹੋਈ ਹੈ। ਇਹ ਟ੍ਰੇਨ ਜੀਂਦ-ਸੋਨੀਪਤ ਦੇ 89 ਕਿਲੋਮੀਟਰ ਲੰਬੇ ਰੂਟ 'ਤੇ ਚੱਲੇਗੀ। ਇਸ ਦੀ ਸੰਚਾਲਨ ਗਤੀ 75 ਕਿਲੋਮੀਟਰ ਪ੍ਰਤੀ ਘੰਟਾ ਅਤੇ ਡਿਜ਼ਾਈਨ ਗਤੀ 110 ਕਿਲੋਮੀਟਰ ਪ੍ਰਤੀ ਘੰਟਾ ਹੈ।

10 ਕੋਚਾਂ ਵਾਲੀ ਇਸ ਟ੍ਰੇਨ ਵਿੱਚ ਕਰੀਬ 2,600 ਯਾਤਰੀ ਸਫ਼ਰ ਕਰ ਸਕਣਗੇ। ਇਸ ਸਮਰੱਥਾ ਨਾਲ ਭਾਰਤ ਦੀ ਹਾਈਡਰੋਜਨ ਟ੍ਰੇਨ ਦੁਨੀਆ ਦੇ ਹੋਰ ਦੇਸ਼ਾਂ ਵਿੱਚ ਚੱਲ ਰਹੀਆਂ ਛੋਟੀਆਂ ਹਾਈਡਰੋਜਨ ਟ੍ਰੇਨਾਂ ਨਾਲੋਂ ਕਾਫ਼ੀ ਵੱਡੀ ਹੈ। ਰੇਲਵੇ ਮੰਤਰਾਲੇ ਨੇ ਸੰਕੇਤ ਦਿੱਤਾ ਹੈ ਕਿ ਜੀਂਦ-ਸੋਨੀਪਤ ਪ੍ਰੋਜੈਕਟ ਤੋਂ ਮਿਲੇ ਤਜਰਬੇ ਦੇ ਆਧਾਰ 'ਤੇ ਭਵਿੱਖ ਵਿੱਚ ਕਾਲਕਾ-ਸ਼ਿਮਲਾ ਹੈਰੀਟੇਜ ਰੇਲਵੇ ਸਮੇਤ ਹੋਰ ਗੈਰ-ਬਿਜਲੀਕਰਨ ਰੂਟਾਂ 'ਤੇ ਵੀ ਹਾਈਡਰੋਜਨ ਤਕਨਾਲੋਜੀ ਦੀ ਵਰਤੋਂ ਕਰਨ ਦੀ ਯੋਜਨਾ ਹੈ।