ਦਿੱਲੀ-ਐਨਸੀਆਰ ’ਚ CNG ਹੋਈ ਮਹਿੰਗੀ, 6 ਮਹੀਨਿਆਂ ’ਚ 5ਵੀਂ ਵਾਰ ਵਧੀਆਂ ਕੀਮਤਾਂ

ਦਿੱਲੀ-ਐਨਸੀਆਰ ’ਚ CNG ਹੋਈ ਮਹਿੰਗੀ, 6 ਮਹੀਨਿਆਂ ’ਚ 5ਵੀਂ ਵਾਰ ਵਧੀਆਂ ਕੀਮਤਾਂ

ਦਿੱਲੀ-ਐਨਸੀਆਰ ਵਿੱਚ CNG ਵਾਹਨ ਚਲਾਉਣ ਵਾਲੇ ਲੋਕਾਂ ਨੂੰ ਇੱਕ ਹੋਰ ਝਟਕਾ ਲੱਗਿਆ ਹੈ।ਇੰਦਰਪ੍ਰਸਥ ਗੈਸ ਲਿਮਟਿਡ (IGL) ਵੱਲੋਂ CNG ਦੀ ਕੀਮਤ ਵਿੱਚ 3.89 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਕੀਤਾ ਗਿਆ ਹੈ।ਨਵੀਆਂ ਕੀਮਤਾਂ ਸ਼ਨੀਵਾਰ ਸਵੇਰੇ 6 ਵਜੇ ਤੋਂ ਲਾਗੂ ਹੋ ਗਈਆਂ ਹਨ।ਵਾਧੇ ਤੋਂ ਬਾਅਦ ਦਿੱਲੀ ਵਿੱਚ CNG ਦੀ ਕੀਮਤ 86.98 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।
ਇਹ ਇਸ ਸਾਲ CNG ਦੀਆਂ ਕੀਮਤਾਂ ਵਿੱਚ ਹੋਇਆ ਪੰਜਵਾਂ ਵਾਧਾ ਹੈ।ਇਸ ਤੋਂ ਪਹਿਲਾਂ ਮਈ ਮਹੀਨੇ ਵਿੱਚ ਸਿਰਫ਼ 10 ਦਿਨਾਂ ਦੇ ਅੰਦਰ ਚਾਰ ਵਾਰ ਕੀਮਤਾਂ ਵਧਾਈਆਂ ਗਈਆਂ ਸਨ।ਮਈ ਵਿੱਚ CNG ਕੁੱਲ 6 ਰੁਪਏ ਪ੍ਰਤੀ ਕਿਲੋਗ੍ਰਾਮ ਮਹਿੰਗੀ ਹੋਈ ਸੀ।ਕੰਪਨੀ ਮੁਤਾਬਕ CNG ਤਿਆਰ ਕਰਨ ਲਈ ਵਰਤੀ ਜਾਣ ਵਾਲੀ ਗੈਸ ਦਾ ਵੱਡਾ ਹਿੱਸਾ ਆਯਾਤ ਕੀਤੀ LNG ਤੋਂ ਮਿਲਦਾ ਹੈ।ਪੱਛਮੀ ਏਸ਼ੀਆ ਵਿੱਚ ਚੱਲ ਰਹੇ ਤਣਾਅ ਕਾਰਨ ਕੌਮਾਂਤਰੀ ਬਾਜ਼ਾਰ ਵਿੱਚ LNG ਦੀਆਂ ਕੀਮਤਾਂ ਵਧੀਆਂ ਹਨ।ਇਸ ਵਧੀ ਹੋਈ ਲਾਗਤ ਦਾ ਕੁਝ ਹਿੱਸਾ ਹੁਣ ਗਾਹਕਾਂ ’ਤੇ ਪਾਇਆ ਗਿਆ ਹੈ।
ਤਾਜ਼ਾ ਵਾਧੇ ਤੋਂ ਬਾਅਦ ਨੋਇਡਾ ਅਤੇ ਗਾਜ਼ੀਆਬਾਦ ਵਿੱਚ CNG 95.59 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।ਮੇਰਠ ਵਿੱਚ ਇਸ ਦੀ ਕੀਮਤ 95.47 ਰੁਪਏ ਅਤੇ ਗੁਰੂਗ੍ਰਾਮ ਵਿੱਚ 92.01 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।
ਵੱਖ-ਵੱਖ ਸੂਬਿਆਂ ਵਿੱਚ VAT ਦੀਆਂ ਦਰਾਂ ਵੱਖ ਹੋਣ ਕਾਰਨ CNG ਦੀ ਕੀਮਤ ਵੀ ਵੱਖਰੀ ਹੈ।CNG ਮਹਿੰਗੀ ਹੋਣ ਦਾ ਸਿੱਧਾ ਅਸਰ ਆਟੋ, ਟੈਕਸੀ ਅਤੇ ਮਾਲ ਢੋਣ ਵਾਲੇ ਵਾਹਨਾਂ ’ਤੇ ਪੈ ਸਕਦਾ ਹੈ।
ਇਸ ਕਾਰਨ ਆਉਣ ਵਾਲੇ ਸਮੇਂ ਵਿੱਚ ਯਾਤਰੀ ਕਿਰਾਏ ਅਤੇ ਮਾਲ ਭਾੜੇ ਵਿੱਚ ਵਾਧੇ ਦੀ ਸੰਭਾਵਨਾ ਹੈ।ਮਹਿੰਗੀ CNG ਕਾਰਨ ਸਬਜ਼ੀਆਂ, ਫਲਾਂ ਅਤੇ ਹੋਰ ਜ਼ਰੂਰੀ ਵਸਤਾਂ ਦੀ ਢੁਆਈ ਵੀ ਮਹਿੰਗੀ ਹੋ ਸਕਦੀ ਹੈ।
ਇਸ ਦਾ ਅਸਰ ਖੇਤੀਬਾੜੀ ਨਾਲ ਜੁੜੀਆਂ ਆਵਾਜਾਈ ਅਤੇ ਹੋਰ ਲਾਗਤਾਂ ’ਤੇ ਵੀ ਪੈਣ ਦੀ ਸੰਭਾਵਨਾ ਹੈ।ਆਟੋ, ਜਨਤਕ ਬੱਸਾਂ ਅਤੇ ਸਕੂਲ ਬੱਸਾਂ ਦੇ ਕਿਰਾਏ ਵਧਣ ਨਾਲ ਆਮ ਲੋਕਾਂ ਦਾ ਰੋਜ਼ਾਨਾ ਆਉਣ-ਜਾਣ ਦਾ ਖਰਚਾ ਵੀ ਵਧ ਸਕਦਾ ਹੈ।ਪੱਛਮੀ ਏਸ਼ੀਆ ਦੇ ਤਣਾਅ ਅਤੇ ਹੋਰਮੁਜ਼ ਜਲਡਮਰੂ ਵਿੱਚ ਰੁਕਾਵਟਾਂ ਨੇ ਵਿਸ਼ਵ ਊਰਜਾ ਬਾਜ਼ਾਰਾਂ ’ਤੇ ਦਬਾਅ ਵਧਾਇਆ ਹੋਇਆ ਹੈ।