ਪੰਜਾਬ ਕਾਂਗਰਸ ’ਚ ਵੱਡੇ ਬਦਲਾਅ ਦੀ ਚਰਚਾ ਤੇਜ਼, 2027 ਚੋਣਾਂ ਲਈ ਹਾਈਕਮਾਂਡ ਅੱਜ ਕਰੇਗੀ ਅਹਿਮ ਮੰਥਨ
ਚੰਡੀਗੜ੍ਹ/ਨਵੀਂ ਦਿੱਲੀ — 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਅਤੇ ਚੋਣੀ ਰਣਨੀਤੀ ਨੂੰ ਲੈ ਕੇ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਇਸੇ ਮੱਦੇਨਜ਼ਰ ਕਾਂਗਰਸ ਹਾਈਕਮਾਂਡ ਵੱਲੋਂ ਅੱਜ ਨਵੀਂ ਦਿੱਲੀ ਵਿੱਚ ਇੱਕ ਅਹਿਮ ਮੀਟਿੰਗ ਬੁਲਾਈ ਗਈ ਹੈ, ਜਿਸ ਵਿੱਚ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸੀਨੀਅਰ ਆਗੂ ਰਾਹੁਲ ਗਾਂਧੀ ਵੀ ਸ਼ਾਮਲ ਹੋ ਸਕਦੇ ਹਨ।
ਮੀਟਿੰਗ ਵਿੱਚ ਪੰਜਾਬ ਕਾਂਗਰਸ ਦੀ ਮੌਜੂਦਾ ਸਥਿਤੀ, ਸੰਗਠਨਾਤਮਕ ਢਾਂਚੇ ਅਤੇ 2027 ਚੋਣਾਂ ਲਈ ਪਾਰਟੀ ਦੇ ਰੋਡਮੈਪ ’ਤੇ ਵਿਚਾਰ ਹੋਵੇਗਾ। ਕਾਂਗਰਸ ਦੇ ਕਈ ਸੀਨੀਅਰ ਆਗੂਆਂ ਨੂੰ ਇਸ ਬੈਠਕ ਲਈ ਸੱਦਾ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚ ਕੇਸੀ ਵੇਣੂਗੋਪਾਲ, ਭੂਪੇਸ਼ ਬਘੇਲ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਪ੍ਰਤਾਪ ਸਿੰਘ ਬਾਜਵਾ ਅਤੇ ਵਿਜੈ ਇੰਦਰ ਸਿੰਗਲਾ ਸ਼ਾਮਲ ਹਨ। ਸਿਆਸੀ ਗਲਿਆਰਿਆਂ ਵਿੱਚ ਇਹ ਚਰਚਾ ਜ਼ੋਰਾਂ ’ਤੇ ਹੈ ਕਿ ਪੰਜਾਬ ਕਾਂਗਰਸ ਵਿੱਚ ਵੱਡੇ ਪੱਧਰ ’ਤੇ ਲੀਡਰਸ਼ਿਪ ਬਦਲਾਅ ਕੀਤਾ ਜਾ ਸਕਦਾ ਹੈ। ਖ਼ਾਸ ਤੌਰ ’ਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਾਰਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਅਹੁਦਿਆਂ ਨੂੰ ਲੈ ਕੇ ਕਾਫ਼ੀ ਮੰਥਨ ਚੱਲ ਰਿਹਾ ਹੈ।
ਸੂਤਰਾਂ ਅਨੁਸਾਰ ਸੂਬਾ ਕਾਂਗਰਸ ਪ੍ਰਧਾਨ ਲਈ ਸੁਖਜਿੰਦਰ ਸਿੰਘ ਰੰਧਾਵਾ, ਵਿਜੈ ਇੰਦਰ ਸਿੰਗਲਾ ਅਤੇ ਚਰਨਜੀਤ ਸਿੰਘ ਚੰਨੀ ਦੇ ਨਾਮਾਂ ’ਤੇ ਵੀ ਵਿਚਾਰ ਹੋ ਰਿਹਾ ਹੈ। ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਵੀ ਸੰਗਠਨ ਵਿੱਚ ਵੱਡੀ ਜ਼ਿੰਮੇਵਾਰੀ ਦੀ ਦੌੜ ਵਿੱਚ ਮੰਨੇ ਜਾ ਰਹੇ ਹਨ। ਪੰਜਾਬ ਦੀ ਸਿਆਸਤ ਵਿੱਚ ਜਾਤੀ ਸਮੀਕਰਨ ਹਮੇਸ਼ਾ ਅਹਿਮ ਰਹੇ ਹਨ। ਹਾਲ ਹੀ ਵਿੱਚ ਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਪ੍ਰਧਾਨ ਬਣਾਉਣ ਤੋਂ ਬਾਅਦ ਕਾਂਗਰਸ ਅੰਦਰ ਵੀ ਜੱਟ ਸਿੱਖ ਚਿਹਰੇ ਨੂੰ ਤਰਜੀਹ ਦੇਣ ਦੀ ਚਰਚਾ ਹੋਰ ਤੇਜ਼ ਹੋ ਗਈ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜਦੋਂ ਆਮ ਆਦਮੀ ਪਾਰਟੀ ਕੋਲ ਭਗਵੰਤ ਮਾਨ, ਅਕਾਲੀ ਦਲ ਕੋਲ ਸੁਖਬੀਰ ਬਾਦਲ ਅਤੇ ਭਾਜਪਾ ਕੋਲ ਵੀ ਜੱਟ ਸਿੱਖ ਲੀਡਰਸ਼ਿਪ ਹੈ ਤਾਂ ਕਾਂਗਰਸ ਵੀ ਇਹ ਸਮੀਕਰਨ ਨਜ਼ਰਅੰਦਾਜ਼ ਨਹੀਂ ਕਰੇਗੀ। ਦੂਜੇ ਪਾਸੇ ਰਾਜਾ ਵਾਰਿੰਗ ਦੇ ਨਜ਼ਦੀਕੀ ਆਗੂ ਇਹ ਦਾਅਵਾ ਕਰ ਰਹੇ ਹਨ ਕਿ ਹਾਈਕਮਾਂਡ ਫਿਲਹਾਲ ਕੋਈ ਵੱਡਾ ਬਦਲਾਅ ਨਹੀਂ ਕਰੇਗੀ। ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਇਸ ਵੇਲੇ ਸੰਗਠਨ ਮਜ਼ਬੂਤ ਕਰਨ ਅਤੇ ਜ਼ਮੀਨੀ ਪੱਧਰ ’ਤੇ ਆਪਣਾ ਆਧਾਰ ਵਧਾਉਣ ’ਤੇ ਧਿਆਨ ਦੇ ਰਹੀ ਹੈ। ਕਾਂਗਰਸ ਪਹਿਲਾਂ ਹੀ “Judega Block, Jittegi Congress” ਮੁਹਿੰਮ ਰਾਹੀਂ ਜ਼ਮੀਨੀ ਪੱਧਰ ’ਤੇ ਆਪਣਾ ਸੰਗਠਨ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਰਾਜਾ ਵਾਰਿੰਗ ਨੇ ਵੀ 2027 ਚੋਣਾਂ ਵਿੱਚ ਨਵੇਂ ਚਿਹਰਿਆਂ ਨੂੰ ਮੌਕਾ ਦੇਣ ਦੇ ਸੰਕੇਤ ਦਿੱਤੇ ਹਨ।
ਪੰਜਾਬ ਦੀ ਸਿਆਸਤ ਵਿੱਚ ਆਮ ਆਦਮੀ ਪਾਰਟੀ, ਭਾਜਪਾ ਅਤੇ ਅਕਾਲੀ ਦਲ ਵਿਚਕਾਰ ਵਧ ਰਹੀ ਟੱਕਰ ਦੇ ਮਾਹੌਲ ਵਿੱਚ ਕਾਂਗਰਸ ਲਈ ਇਹ ਮੀਟਿੰਗ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ। ਹੁਣ ਸਭ ਦੀਆਂ ਨਜ਼ਰਾਂ ਹਾਈਕਮਾਂਡ ਦੇ ਅਗਲੇ ਫੈਸਲੇ ’ਤੇ ਟਿਕੀਆਂ ਹੋਈਆਂ ਹਨ ਕਿ ਪਾਰਟੀ ਲਗਾਤਾਰਤਾ ਨੂੰ ਤਰਜੀਹ ਦੇਵੇਗੀ ਜਾਂ ਫਿਰ ਨਵੀਂ ਲੀਡਰਸ਼ਿਪ ਦੇ ਨਾਲ 2027 ਦੀ ਚੋਣੀ ਜੰਗ ਵਿੱਚ ਉਤਰੇਗੀ।
















