ਗੁਰਬਾਣੀ ਪ੍ਰਸਾਰਨ ਦਾ ਅਧਿਕਾਰ ਸ਼੍ਰੋਮਣੀ ਕਮੇਟੀ ਕੋਲ : ਜਥੇਦਾਰ ਗੜਗੱਜ
ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਲਾਈਵ ਪ੍ਰਸਾਰਨ ਨੂੰ ਲੈ ਕੇ ਚੱਲ ਰਹੇ ਵਿਵਾਦ ’ਤੇ ਸਪੱਸ਼ਟ ਰੁਖ਼ ਰੱਖਿਆ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਪ੍ਰਸਾਰਨ ਸਬੰਧੀ ਕਿਸੇ ਵੀ ਚੈਨਲ ਜਾਂ ਸੰਸਥਾ ਨੂੰ ਆਪਣੀ ਮਨਮਰਜ਼ੀ ਕਰਨ ਦਾ ਅਧਿਕਾਰ ਨਹੀਂ ਹੈ।ਜਥੇਦਾਰ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਨ ਨਾਲ ਸਬੰਧਤ ਪ੍ਰਬੰਧ ਅਤੇ ਫ਼ੈਸਲੇ ਲੈਣ ਦਾ ਅਧਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਕੋਲ ਹੈ। ਉਨ੍ਹਾਂ ਮੁਤਾਬਕ ਜੇਕਰ ਕੋਈ ਚੈਨਲ ਗੁਰਬਾਣੀ ਦਾ ਪ੍ਰਸਾਰਨ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਸ਼੍ਰੋਮਣੀ ਕਮੇਟੀ ਤੋਂ ਮਨਜ਼ੂਰੀ ਲੈਣੀ ਲਾਜ਼ਮੀ ਹੈ।
ਗਿਆਨੀ ਗੜਗੱਜ ਨੇ ਕਿਹਾ ਕਿ ਗੁਰਬਾਣੀ ਸਰਬ-ਸਾਂਝੀ ਹੈ, ਪਰ ਇਸ ਦੇ ਪ੍ਰਸਾਰਨ ਦੇ ਪ੍ਰਬੰਧ, ਮਰਿਆਦਾ ਅਤੇ ਸਤਿਕਾਰ ਦੀ ਜ਼ਿੰਮੇਵਾਰੀ ਸਿੱਖਾਂ ਦੀ ਚੁਣੀ ਹੋਈ ਨੁਮਾਇੰਦਾ ਸੰਸਥਾ ਸ਼੍ਰੋਮਣੀ ਕਮੇਟੀ ਦੀ ਹੈ। ਉਨ੍ਹਾਂ ਬਿਨਾਂ ਮਨਜ਼ੂਰੀ ਜਾਂ ਆਪਣੀ ਮਰਜ਼ੀ ਨਾਲ ਗੁਰਬਾਣੀ ਦਾ ਪ੍ਰਸਾਰਨ ਕਰਨ ਨੂੰ ਗਲਤ ਦੱਸਿਆ।ਸ਼੍ਰੋਮਣੀ ਕਮੇਟੀ ਦੇ ਆਪਣੇ ਅਧਿਕਾਰਤ ਚੈਨਲ ਦੀ ਸ਼ੁਰੂਆਤ ਬਾਰੇ ਜਥੇਦਾਰ ਨੇ ਕਿਹਾ ਕਿ ਇਸ ਸਬੰਧੀ ਮਾਮਲਾ ਕੇਂਦਰ ਸਰਕਾਰ ਕੋਲ ਮਨਜ਼ੂਰੀ ਲਈ ਭੇਜਿਆ ਗਿਆ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਇਸ ਚੈਨਲ ਨੂੰ ਜਲਦ ਮਨਜ਼ੂਰੀ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਪਰੋਲ ਦੇ ਮੁੱਦੇ ’ਤੇ ਵੀ ਆਪਣਾ ਪੱਖ ਰੱਖਿਆ। ਉਨ੍ਹਾਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਬਜ਼ੁਰਗ ਮਾਤਾ ਨਾਲ ਮੁਲਾਕਾਤ ਲਈ ਪਰੋਲ ਦੇਣ ਦੀ ਮੰਗ ਕੀਤੀ।ਉਨ੍ਹਾਂ ਕਿਹਾ ਕਿ ਪੁੱਤਰ ਦਾ ਆਪਣੀ ਮਾਂ ਨੂੰ ਮਿਲਣਾ ਮਨੁੱਖੀ ਅਧਿਕਾਰ ਹੈ। ਜਥੇਦਾਰ ਨੇ ਬੰਦੀ ਸਿੰਘਾਂ ਦੇ ਮਾਮਲਿਆਂ ਵਿੱਚ ਸਰਕਾਰਾਂ ਵੱਲੋਂ ਅਪਣਾਏ ਜਾ ਰਹੇ ਕਥਿਤ ਦੋਹਰੇ ਮਾਪਦੰਡਾਂ ’ਤੇ ਵੀ ਸਵਾਲ ਚੁੱਕੇ ਅਤੇ ਸਮੁੱਚੇ ਪੰਥ ਨੂੰ ਨਿਸ਼ਾਨ ਸਾਹਿਬ ਹੇਠ ਇਕੱਠੇ ਹੋ ਕੇ ਚੜ੍ਹਦੀ ਕਲਾ ਲਈ ਕਾਰਜ ਕਰਨ ਦੀ ਅਪੀਲ ਕੀਤੀ।
















