ਪੰਜਾਬ ਵਿਧਾਨ ਸਭਾ ਨੇ ਆਖ਼ਰੀ ਦਿਨ 3 ਘੰਟਿਆਂ ਵਿੱਚ ਪਾਸ ਕੀਤੇ 9 ਬਿੱਲ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਆਖ਼ਰੀ ਦਿਨ ਸੋਮਵਾਰ ਨੂੰ ਸਦਨ ਨੇ ਕਰੀਬ ਤਿੰਨ ਘੰਟਿਆਂ ਵਿੱਚ ਹੀ 9 ਬਿੱਲ ਪਾਸ ਕਰ ਦਿੱਤੇ। ਬਿੱਲ ਦੁਪਹਿਰ ਕਰੀਬ 2.41 ਵਜੇ ਸਦਨ ਵਿੱਚ ਪੇਸ਼ ਕੀਤੇ ਗਏ ਅਤੇ ਸ਼ਾਮ 5.21 ਵਜੇ ਤੱਕ ਸਾਰੇ ਬਿੱਲ ਪਾਸ ਕਰ ਦਿੱਤੇ ਗਏ।ਸਦਨ ਦੀ ਕਾਰਵਾਈ ਲਗਭਗ ਸਾਢੇ ਸੱਤ ਘੰਟੇ ਚੱਲੀ ਅਤੇ ਇਸ ਦੌਰਾਨ ਦੁਪਹਿਰ ਦੇ ਖਾਣੇ ਲਈ ਵੀ ਬਰੇਕ ਨਹੀਂ ਲਿਆ ਗਿਆ। ਵਿਰੋਧੀ ਧਿਰ ਕਾਂਗਰਸ ਨੇ ਬਿੱਲਾਂ ਨੂੰ ਆਖ਼ਰੀ ਸਮੇਂ ਵਿੱਚ ਪੇਸ਼ ਕਰਨ ਅਤੇ ਪਿਛਲੇ ਪੂਰੇ ਹਫ਼ਤੇ ਵਿਧਾਨਕ ਕੰਮਕਾਜ ਨਾ ਹੋਣ ’ਤੇ ਸਵਾਲ ਚੁੱਕੇ।ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਜ਼ੀਰੋ ਆਵਰ ਦੌਰਾਨ ਕਿਹਾ ਕਿ 9 ਬਿੱਲ ਇੱਕੋ ਦਿਨ ਵਿੱਚ ਪੇਸ਼ ਕਰਨਾ ਵਿਧਾਨ ਸਭਾ ਦੀ ਕਾਰਵਾਈ ’ਤੇ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਮੁਤਾਬਕ 6 ਬਿੱਲ ਐਤਵਾਰ ਨੂੰ ਅਤੇ 3 ਬਿੱਲ ਸੋਮਵਾਰ ਨੂੰ ਵਿਧਾਇਕਾਂ ਨੂੰ ਭੇਜੇ ਗਏ।
ਬਾਜਵਾ ਨੇ ਬੇਅਦਬੀ ਵਿਰੋਧੀ ਕਾਨੂੰਨ ਦਾ ਹਵਾਲਾ ਦਿੰਦਿਆਂ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਪਹਿਲਾਂ ਉਠਾਏ ਗਏ ਸਵਾਲਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਵਿਧਾਇਕਾਂ ਨੂੰ ਬਿੱਲਾਂ ’ਤੇ ਚਰਚਾ ਅਤੇ ਅਧਿਐਨ ਲਈ ਲੋੜੀਂਦਾ ਸਮਾਂ ਮਿਲਣਾ ਚਾਹੀਦਾ ਹੈ।ਕਾਂਗਰਸ ਮੈਂਬਰਾਂ ਨੇ ਬਿੱਲਾਂ ਦੀ ਜਲਦਬਾਜ਼ੀ ਵਿੱਚ ਪਾਸ ਕੀਤੇ ਜਾਣ ਦੇ ਵਿਰੋਧ ਵਿੱਚ ਸਦਨ ਅੰਦਰ ਇਤਰਾਜ਼ ਦਰਜ ਕਰਵਾਏ। ਵਿਰੋਧੀ ਧਿਰ ਨੇ ਕਿਹਾ ਕਿ ਵਿਧਾਨਕ ਪ੍ਰਕਿਰਿਆ ਨੂੰ ਪੂਰਾ ਸਮਾਂ ਦੇ ਕੇ ਪਾਰਦਰਸ਼ੀ ਢੰਗ ਨਾਲ ਅੱਗੇ ਵਧਾਇਆ ਜਾਣਾ ਚਾਹੀਦਾ ਹੈ।
















