ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦਾ ਅੱਜ ਆਖ਼ਰੀ ਦਿਨ, ਅਹਿਮ ਬਿੱਲ ਹੋਣਗੇ ਪੇਸ਼

ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦਾ ਅੱਜ ਆਖ਼ਰੀ ਦਿਨ, ਅਹਿਮ ਬਿੱਲ ਹੋਣਗੇ ਪੇਸ਼

ਚੰਡੀਗੜ੍ਹ-ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦਾ ਅੱਜ ਆਖ਼ਰੀ ਦਿਨ ਹੈ। ਆਖ਼ਰੀ ਦਿਨ ਸਦਨ ਵਿੱਚ ਕਈ ਅਹਿਮ ਬਿੱਲ ਪੇਸ਼ ਕੀਤੇ ਜਾਣੇ ਹਨ।ਇਨ੍ਹਾਂ ਵਿੱਚ ਪੰਜਾਬ ਸਾਂਝਾ ਬੁਨਿਆਦੀ ਢਾਂਚਾ (ਸੋਧ) ਬਿੱਲ, ਗੈਰ-ਸਹਾਇਤਾ ਪ੍ਰਾਪਤ ਸਿੱਖਿਆ ਸੰਸਥਾਵਾਂ ਫੀਸ ਸੋਧ ਬਿੱਲ ਅਤੇ ਪੰਜਾਬ ਰਾਜ ਆਊਟਸੋਰਸਡ ਪਰਸੋਨਲ ਬਿੱਲ ਸ਼ਾਮਲ ਹਨ।ਸਕੂਲਾਂ ਦੀਆਂ ਮਨਮਾਨੀਆਂ ਫੀਸਾਂ ’ਤੇ ਰੋਕ ਲਗਾਉਣ ਲਈ ਗੈਰ-ਸਹਾਇਤਾ ਪ੍ਰਾਪਤ ਸਿੱਖਿਆ ਸੰਸਥਾਵਾਂ ਫੀਸ ਸੋਧ ਬਿੱਲ ਲਿਆਂਦਾ ਜਾ ਰਿਹਾ ਹੈ।ਆਊਟਸੋਰਸਡ ਕਰਮਚਾਰੀਆਂ ਨਾਲ ਸਬੰਧਤ ਬਿੱਲ ਤਹਿਤ ਲਗਭਗ 65 ਹਜ਼ਾਰ ਆਊਟਸੋਰਸਡ ਮੁਲਾਜ਼ਮਾਂ ਨੂੰ ਮੌਜੂਦਾ ਪ੍ਰਣਾਲੀ ਤੋਂ ਬਾਹਰ ਕੱਢ ਕੇ ਪੰਜਾਬ ਸਰਕਾਰ ਅਧੀਨ ਸਿੱਧੇ ਠੇਕਿਆਂ ’ਤੇ ਰੱਖਣ ਦੀ ਵਿਵਸਥਾ ਹੋਣ ਦੀ ਗੱਲ ਕਹੀ ਗਈ ਹੈ।

ਇਸ ਦੌਰਾਨ ਵਿਰੋਧੀ ਧਿਰ ਵੱਲੋਂ ਸੈਸ਼ਨ ਦਾ ਸਮਾਂ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ। ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸੈਸ਼ਨ ਦੀ ਮਿਆਦ ਵਧਾਉਣ ਦੀ ਅਪੀਲ ਕੀਤੀ ਹੈ।ਖਹਿਰਾ ਨੇ ਕਿਹਾ ਕਿ ਛੇ ਬਿੱਲ ਸੈਸ਼ਨ ਦੇ ਆਖ਼ਰੀ ਪੜਾਅ ’ਤੇ ਪੇਸ਼ ਕੀਤੇ ਗਏ ਹਨ, ਜਿਨ੍ਹਾਂ ’ਤੇ ਵਿਸਥਾਰ ਨਾਲ ਚਰਚਾ ਅਤੇ ਜਾਂਚ-ਪੜਤਾਲ ਲਈ ਹੋਰ ਸਮਾਂ ਚਾਹੀਦਾ ਹੈ।ਉਨ੍ਹਾਂ ਤਿੰਨ ਡਿਜੀਟਲ ਯੂਨੀਵਰਸਿਟੀਆਂ, ਜੀਐੱਸਟੀ, ਆਊਟਸੋਰਸਡ ਤੇ ਠੇਕੇ ’ਤੇ ਰੱਖੇ ਮੁਲਾਜ਼ਮਾਂ ਅਤੇ ਸਾਂਝੇ ਬੁਨਿਆਦੀ ਢਾਂਚੇ ਨਾਲ ਸਬੰਧਤ ਬਿੱਲਾਂ ਦਾ ਵੀ ਜ਼ਿਕਰ ਕੀਤਾ।ਇਸ ਸੈਸ਼ਨ ਦੌਰਾਨ ਕਾਂਗਰਸ ਨੇ ਕਈ ਮੁੱਦਿਆਂ ’ਤੇ ਪੰਜਾਬ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਕਾਂਗਰਸੀ ਵਿਧਾਇਕ ਕਾਲੀਆਂ ਪੱਟੀਆਂ ਬੰਨ੍ਹ ਕੇ ਵੀ ਵਿਧਾਨ ਸਭਾ ਪਹੁੰਚੇ।

ਦੂਜੇ ਪਾਸੇ, ਸੱਤਾਧਾਰੀ ਧਿਰ ਵੱਲੋਂ ਕੇਂਦਰ ਸਰਕਾਰ ਨੂੰ ਵੱਖ-ਵੱਖ ਮੁੱਦਿਆਂ ’ਤੇ ਨਿਸ਼ਾਨਾ ਬਣਾਇਆ ਗਿਆ।ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਪੰਜਾਬ ਵਿੱਚ ਗੈਰ-ਕਾਨੂੰਨੀ ਮਾਈਨਿੰਗ ਦਾ ਮੁੱਦਾ ਚੁੱਕਦਿਆਂ ਸਰਕਾਰ ਤੋਂ ਜਵਾਬ ਮੰਗਿਆ, ਜਦਕਿ ਕਾਂਗਰਸ ਵੱਲੋਂ ਇਸ ਮਾਮਲੇ ਲਈ ਕਮੇਟੀ ਬਣਾਉਣ ਦਾ ਸੁਝਾਅ ਦਿੱਤਾ ਗਿਆ।ਆਖ਼ਰੀ ਦਿਨ ਸਦਨ ਵਿੱਚ ਬਿੱਲਾਂ ’ਤੇ ਚਰਚਾ ਦੇ ਨਾਲ-ਨਾਲ ਸਿਆਸੀ ਹੰਗਾਮਾ ਹੋਣ ਦੇ ਵੀ ਆਸਾਰ ਹਨ।