ਕੈਲਗਰੀ ਪੁਲਿਸ ਵੱਲੋਂ 11 ਮਹੀਨਿਆਂ ਦੀ ਜਾਂਚ ਮਗਰੋਂ 8 ਵਿਅਕਤੀ ਗ੍ਰਿਫ਼ਤਾਰ, ਹਥਿਆਰ ਤੇ ਨਸ਼ੀਲੇ ਪਦਾਰਥ ਬਰਾਮਦ
ਕੈਲਗਰੀ-ਕੈਲਗਰੀ ਪੁਲਿਸ ਨੇ 11 ਮਹੀਨਿਆਂ ਤੱਕ ਚੱਲੀ ਸੰਗਠਿਤ ਅਪਰਾਧ ਵਿਰੋਧੀ ਜਾਂਚ ਮਗਰੋਂ ਅੱਠ ਵਿਅਕਤੀਆਂ ਖ਼ਿਲਾਫ਼ ਮਾਮਲੇ ਦਰਜ ਕੀਤੇ ਹਨ। ਪੁਲਿਸ ਮੁਤਾਬਕ ਜਾਂਚ ਦੌਰਾਨ 18 ਹਥਿਆਰ ਅਤੇ ਕਰੀਬ 58,500 ਡਾਲਰ ਮੁੱਲ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ।ਕੈਲਗਰੀ ਪੁਲਿਸ ਸਰਵਿਸ ਦੀ Organized Crime Enforcement Unit ਦੇ ਸਟਾਫ਼ ਸਰਜੈਂਟ ਮੈਟ ਗੋ ਨੇ ਦੱਸਿਆ ਕਿ ਇਹ ਜਾਂਚ ਕਥਿਤ ਨਸ਼ਾ ਤਸਕਰੀ ਅਤੇ ਸੰਗਠਿਤ ਅਪਰਾਧੀ ਨੈੱਟਵਰਕ ਨਾਲ ਜੁੜੀ ਹੋਈ ਹੈ।
ਪੁਲਿਸ ਨੂੰ ਸਤੰਬਰ 2025 ਵਿੱਚ ਇਸ ਨੈੱਟਵਰਕ ਨਾਲ ਜੁੜੇ ਇੱਕ ਵਿਅਕਤੀ ਬਾਰੇ ਜਾਣਕਾਰੀ ਮਿਲੀ ਸੀ। ਜਾਂਚ ਦੌਰਾਨ ਪੁਲਿਸ ਨੂੰ ਕਥਿਤ ਪ੍ਰਿਸਕ੍ਰਿਪਸ਼ਨ ਧੋਖਾਧੜੀ, ਵਾਹਨਾਂ ਦੇ ਪਛਾਣ ਨੰਬਰ ਬਦਲਣ, ਨਸ਼ਾ ਤਸਕਰੀ ਅਤੇ ਹਥਿਆਰਾਂ ਨਾਲ ਸਬੰਧਤ ਅਪਰਾਧਾਂ ਦੇ ਸਬੂਤ ਮਿਲੇ।ਦਸੰਬਰ 2025 ਵਿੱਚ ਡੈਲਾਕੋਰ ਅਤੇ ਚੈਸਟਰਮੇਅਰ ਵਿਖੇ ਘਰਾਂ ’ਤੇ ਛਾਪੇ ਮਾਰ ਕੇ ਲਗਭਗ 7,700 ਡਾਲਰ ਨਕਦ, ਜਾਅਲੀ ਪ੍ਰਿਸਕ੍ਰਿਪਸ਼ਨ ਦਸਤਾਵੇਜ਼ ਅਤੇ ਰੇਡੀਓ-ਫ੍ਰੀਕੁਐਂਸੀ ਜੈਮਰ ਬਰਾਮਦ ਕੀਤਾ ਗਿਆ।
ਮਾਰਚ 2026 ਵਿੱਚ ਕੈਲਗਰੀ ਅਤੇ ਨੇੜਲੇ ਇਲਾਕਿਆਂ ਵਿੱਚ ਕੀਤੀਆਂ ਕਾਰਵਾਈਆਂ ਦੌਰਾਨ 25,040 ਡਾਲਰ ਤੋਂ ਵੱਧ ਨਕਦੀ, ਵੱਖ-ਵੱਖ ਹਥਿਆਰ, ਨਸ਼ੀਲੇ ਪਦਾਰਥ ਅਤੇ ਚੋਰੀ ਕੀਤੇ ਵਾਹਨ ਬਰਾਮਦ ਹੋਏ।ਪੁਲਿਸ ਨੇ ਦੱਸਿਆ ਕਿ 45 ਸਾਲਾ ਕ੍ਰਿਸਟੋਫਰ ਹੇਵਰਡ ਹਾਲੇ ਵੀ ਹਥਿਆਰਾਂ, ਨਿਯੰਤਰਿਤ ਪਦਾਰਥਾਂ ਦੀ ਗੈਰਕਾਨੂੰਨੀ ਕਬਜ਼ੇਦਾਰੀ ਅਤੇ ਭੇਸ ਬਦਲ ਕੇ ਪਛਾਣ ਛੁਪਾਉਣ ਨਾਲ ਸਬੰਧਤ ਵਾਰੰਟਾਂ ’ਤੇ ਲੋੜੀਂਦਾ ਹੈ।ਬਾਕੀ ਸੱਤ ਮੁਲਜ਼ਮ ਅਗਸਤ ਅਤੇ ਸਤੰਬਰ ਵਿੱਚ ਅਦਾਲਤ ਵਿੱਚ ਪੇਸ਼ ਹੋਣਗੇ। ਪੁਲਿਸ ਮੁਤਾਬਕ ਜਾਂਚ ਅਜੇ ਜਾਰੀ ਹੈ ਅਤੇ ਇਸ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਸ਼ਮੂਲੀਅਤ ਦੀ ਵੀ ਸੰਭਾਵਨਾ ਹੈ।
ਪੁਲਿਸ ਨੇ ਕਿਹਾ ਕਿ ਸੰਗਠਿਤ ਅਪਰਾਧ ਵਿੱਚ ਹੁਣ ਵੱਖ-ਵੱਖ ਪਿਛੋਕੜ ਵਾਲੇ ਲੋਕਾਂ ਦੇ ਛੋਟੇ-ਛੋਟੇ ਗਰੁੱਪ ਮਿਲ ਕੇ ਕੰਮ ਕਰ ਰਹੇ ਹਨ ਅਤੇ ਪੈਸਾ ਕਮਾਉਣਾ ਅਜਿਹੀਆਂ ਗਤੀਵਿਧੀਆਂ ਦਾ ਮੁੱਖ ਕਾਰਨ ਬਣਿਆ ਹੋਇਆ ਹੈ ਪੁਲਿਸ ਨੇ ਲੋਕਾਂ ਨੂੰ ਨਸ਼ਾ ਤਸਕਰੀ ਜਾਂ ਸੰਗਠਿਤ ਅਪਰਾਧ ਬਾਰੇ ਜਾਣਕਾਰੀ 403-266-1234 ’ਤੇ ਦੇਣ ਜਾਂ ਕ੍ਰਾਈਮ ਸਟਾਪਰਜ਼ ਰਾਹੀਂ ਗੁਪਤ ਸੂਚਨਾ ਦੇਣ ਦੀ ਅਪੀਲ ਕੀਤੀ ਹੈ।
















