ਕੈਲਗਰੀ ਸਿਟੀ ਕੌਂਸਲ ਚੈਂਬਰ ਦੀ ਮੁਰੰਮਤ ਦਾ ਕੰਮ ਅੰਤਿਮ ਪੜਾਅ ’ਚ
ਕੈਲਗਰੀ-ਕੈਲਗਰੀ ਮਿਊਂਸਪਲ ਬਿਲਡਿੰਗ ਵਿੱਚ ਸਿਟੀ ਕੌਂਸਲ ਚੈਂਬਰ ਦੀ ਮੁਰੰਮਤ ਅਤੇ ਆਧੁਨਿਕੀਕਰਨ ਦਾ ਕੰਮ ਜਾਰੀ ਹੈ। ਇਹ ਕੰਮ 2024 ਵਿੱਚ ਸ਼ੁਰੂ ਕੀਤੀ ਗਈ ਦੋ ਪੜਾਵਾਂ ਵਾਲੀ ਨਵੀਨੀਕਰਨ ਯੋਜਨਾ ਦਾ ਹਿੱਸਾ ਹੈ।ਸਿਟੀ ਆਫ਼ ਕੈਲਗਰੀ ਮੁਤਾਬਕ ਕੌਂਸਲ ਦੀਆਂ ਗਰਮੀਆਂ ਦੀ ਛੁੱਟੀਆਂ ਦੌਰਾਨ ਉਹ ਕੰਮ ਕੀਤੇ ਜਾ ਰਹੇ ਹਨ, ਜੋ ਕੌਂਸਲ ਦੀਆਂ ਬੈਠਕਾਂ ਦੌਰਾਨ ਕਰਨਾ ਸੰਭਵ ਨਹੀਂ ਹੁੰਦਾ। ਇਸ ਨਾਲ ਕੌਂਸਲ ਦੇ ਕੰਮਕਾਜ ਅਤੇ ਲੋਕਾਂ ਦੀ ਪਹੁੰਚ ਵਿੱਚ ਘੱਟ ਤੋਂ ਘੱਟ ਵਿਘਨ ਪੈਂਦਾ ਹੈ।ਇਸ ਪ੍ਰੋਜੈਕਟ ਲਈ 27.5 ਲੱਖ ਡਾਲਰ ਦਾ ਬਜਟ ਰੱਖਿਆ ਗਿਆ ਹੈ, ਹਾਲਾਂਕਿ ਅਜੇ ਇਸ ਦੀ ਅੰਤਿਮ ਲਾਗਤ ਤੈਅ ਨਹੀਂ ਹੋਈ।ਇਸ ਵਾਰ ਦੇ ਕੰਮ ਵਿੱਚ ਮੌਜੂਦਾ ਟੇਪਸਟਰੀ ਦੀ ਥਾਂ ਕੈਲਗਰੀ ਸਿਟੀ ਦਾ ਨਵਾਂ ਚਿੰਨ੍ਹ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਲਾਈਟਿੰਗ ਅਤੇ ਆਡੀਓ-ਵੀਡੀਓ ਸਿਸਟਮ ਨੂੰ ਅਪਗ੍ਰੇਡ ਕਰਨ ਦਾ ਕੰਮ ਵੀ ਪੂਰਾ ਕੀਤਾ ਜਾ ਰਿਹਾ ਹੈ।
ਕੌਂਸਲ ਚੈਂਬਰ ਦੇ ਬਾਹਰਲੇ ਕੁਝ ਪੁਰਾਣੇ ਕੱਚ ਦੇ ਪੈਨਲ ਵੀ ਬਦਲੇ ਜਾ ਰਹੇ ਹਨ। ਕੰਮ ਦੌਰਾਨ ਇਮਾਰਤ ਦੇ ਆਲੇ-ਦੁਆਲੇ ਸਕੈਫੋਲਡਿੰਗ ਨਜ਼ਰ ਆ ਸਕਦੀ ਹੈ।ਸ਼ਹਿਰ ਅਨੁਸਾਰ ਇਹ ਮੁਰੰਮਤ ਸਿਰਫ਼ ਪੁਰਾਣੇ ਫਰਨੀਚਰ ਅਤੇ ਸਜਾਵਟ ਨੂੰ ਬਦਲਣ ਤੱਕ ਸੀਮਤ ਨਹੀਂ ਹੈ, ਸਗੋਂ ਚੈਂਬਰ ਨੂੰ ਵਧੇਰੇ ਪਹੁੰਚਯੋਗ, ਸਮਾਵੇਸ਼ੀ ਅਤੇ ਆਧੁਨਿਕ ਬਣਾਉਣਾ ਵੀ ਇਸ ਦਾ ਉਦੇਸ਼ ਹੈ।ਇਹ ਕੌਂਸਲ ਚੈਂਬਰ ਲਗਭਗ 40 ਸਾਲਾਂ ਬਾਅਦ ਪਹਿਲੀ ਵੱਡੀ ਮੁਰੰਮਤ ਵਿੱਚੋਂ ਲੰਘ ਰਿਹਾ ਹੈ।ਕੈਲਗਰੀ ਸਿਟੀ ਕੌਂਸਲ ਦੀ ਕਾਰਵਾਈ 1 ਸਤੰਬਰ ਨੂੰ Community Development Committee ਦੀ ਮੀਟਿੰਗ ਨਾਲ ਮੁੜ ਸ਼ੁਰੂ ਹੋਵੇਗੀ।
















