ਕੈਲਗਰੀ ਦੇ ਰੌਕੀ ਰਿਜ ਵਿੱਚ ਦੋ ਨਵੇਂ ਖੇਡ ਮੈਦਾਨ ਖੁੱਲ੍ਹੇ

The City of Calgary has opened the $26-million Rocky Ridge Athletic Park in northwest Calgary. The new facility includes two multi-use artificial turf fields, washrooms, parking, spectator seating and lighting.

ਕੈਲਗਰੀ ਦੇ ਰੌਕੀ ਰਿਜ ਵਿੱਚ ਦੋ ਨਵੇਂ ਖੇਡ ਮੈਦਾਨ ਖੁੱਲ੍ਹੇ

ਕੈਲਗਰੀ-ਕੈਲਗਰੀ ਦੇ ਉੱਤਰ-ਪੱਛਮੀ ਖੇਤਰ ਰੌਕੀ ਰਿਜ ਵਿੱਚ 2.6 ਕਰੋੜ ਡਾਲਰ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਰੌਕੀ ਰਿਜ ਐਥਲੈਟਿਕ ਪਾਰਕ ਖੇਡ ਗਤੀਵਿਧੀਆਂ ਲਈ ਖੋਲ੍ਹ ਦਿੱਤਾ ਗਿਆ ਹੈ। ਸ਼ਹਿਰ ਵੱਲੋਂ ਬੁੱਧਵਾਰ ਨੂੰ ਨਵੇਂ ਖੇਡ ਮੈਦਾਨਾਂ ਦੀ ਸ਼ੁਰੂਆਤ ਕੀਤੀ ਗਈ, ਜਿੱਥੇ ਹੁਣ ਬੁਕਿੰਗ ਕਰਵਾਈ ਜਾ ਸਕਦੀ ਹੈ।ਨਵੇਂ ਪਾਰਕ ਵਿੱਚ ਦੋ ਬਹੁ-ਉਦੇਸ਼ੀ ਨਕਲੀ ਘਾਹ ਵਾਲੇ ਮੈਦਾਨ, ਪਖਾਨੇ, ਪਾਰਕਿੰਗ, ਦਰਸ਼ਕਾਂ ਲਈ ਬੈਠਣ ਦੀ ਥਾਂ ਅਤੇ ਰੌਸ਼ਨੀ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਮੈਦਾਨਾਂ ’ਤੇ ਰੌਸ਼ਨੀ ਹੋਣ ਕਾਰਨ ਖੇਡਾਂ ਲਈ ਉਪਲਬਧ ਸਮਾਂ ਵੀ ਵਧੇਗਾ। ਇਹ ਸਹੂਲਤ ਰੌਕੀ ਰਿਜ ਸਥਿਤ ਸ਼ੇਨ ਹੋਮਜ਼ ਵਾਈਐੱਮਸੀਏ ਦੇ ਨੇੜੇ ਬਣਾਈ ਗਈ ਹੈ।

ਕੈਲਗਰੀ ਦੇ ਮੇਅਰ ਜੇਰੋਮੀ ਫਾਰਕਸ ਨੇ ਕਿਹਾ ਕਿ ਮਨੋਰੰਜਨ ਅਤੇ ਖੇਡਾਂ ਲਈ ਥਾਵਾਂ ਸਿਹਤਮੰਦ ਭਾਈਚਾਰੇ ਬਣਾਉਣ ਅਤੇ ਲੋਕਾਂ ਨੂੰ ਖੇਡਾਂ ਰਾਹੀਂ ਇੱਕ-ਦੂਜੇ ਨਾਲ ਜੁੜਨ ਦੇ ਮੌਕੇ ਪ੍ਰਦਾਨ ਕਰਨ ਵਿੱਚ ਮਦਦ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਰੌਕੀ ਰਿਜ ਐਥਲੈਟਿਕ ਪਾਰਕ ਕੈਲਗਰੀ ਦੇ ਵਧ ਰਹੇ ਉੱਤਰ-ਪੱਛਮੀ ਖੇਤਰ ਅਤੇ ਸ਼ਹਿਰ ਦੀ ਭਵਿੱਖੀ ਜਨਤਕ ਮਨੋਰੰਜਨ ਪ੍ਰਣਾਲੀ ਵਿੱਚ ਨਿਵੇਸ਼ ਹੈ।

ਇਨ੍ਹਾਂ ਦੋ ਨਵੇਂ ਮੈਦਾਨਾਂ ਦੇ ਸ਼ਾਮਲ ਹੋਣ ਨਾਲ ਕੈਲਗਰੀ ਵਿੱਚ 15 ਐਥਲੈਟਿਕ ਪਾਰਕਾਂ ਅੰਦਰ ਨਕਲੀ ਘਾਹ ਵਾਲੇ ਮੈਦਾਨਾਂ ਦੀ ਕੁੱਲ ਗਿਣਤੀ 31 ਹੋ ਗਈ ਹੈ। ਨਵੀਂ ਸਮਰੱਥਾ ਨਾਲ ਸਥਾਨਕ ਖੇਡਾਂ ਦੀ ਵਧ ਰਹੀ ਮੰਗ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ। ਇਸ ਦੇ ਨਾਲ ਹੀ ਸ਼ਹਿਰ ਨੂੰ ਕੁਦਰਤੀ ਘਾਹ ਵਾਲੇ ਮੈਦਾਨਾਂ ਦੀ ਸੰਭਾਲ ਅਤੇ ਉਨ੍ਹਾਂ ਨੂੰ ਮੁੜ ਤਿਆਰ ਹੋਣ ਲਈ ਸਮਾਂ ਦੇਣ ਵਿੱਚ ਵੀ ਸਹੂਲਤ ਮਿਲੇਗੀ।

ਕੈਲਗਰੀ ਮਾਈਨਰ ਸੌਕਰ ਐਸੋਸੀਏਸ਼ਨ ਦੇ ਪ੍ਰਧਾਨ ਬਰਨੀ ਮੋਰਟਨ ਨੇ ਕਿਹਾ ਕਿ ਨੌਜਵਾਨ ਖਿਡਾਰੀਆਂ ਨੂੰ ਆਪਣੇ ਹੁਨਰ ਵਿਕਸਿਤ ਕਰਨ ਅਤੇ ਟੀਮ ਖੇਡਾਂ ਦੇ ਲਾਭ ਹਾਸਲ ਕਰਨ ਲਈ ਵਧੀਆ ਮੈਦਾਨਾਂ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਨਵੇਂ ਮੈਦਾਨ ਬੱਚਿਆਂ ਨੂੰ ਅਭਿਆਸ ਅਤੇ ਮੁਕਾਬਲਿਆਂ ਲਈ ਹੋਰ ਮੌਕੇ ਦੇਣਗੇ ਅਤੇ ਕੈਲਗਰੀ ਵਿੱਚ ਫੁੱਟਬਾਲ ਲਈ ਵਧ ਰਹੀ ਮੰਗ ਨੂੰ ਪੂਰਾ ਕਰਨ ਵਿੱਚ ਮਦਦ ਕਰਨਗੇ।

ਰੌਕੀ ਰਿਜ ਐਥਲੈਟਿਕ ਪਾਰਕ ਨੂੰ ਪਹਿਲੀ ਵਾਰ ਕੈਲਗਰੀ ਦੀ 2021 ਦੀ ਪੂੰਜੀ ਨਿਵੇਸ਼ ਰਣਨੀਤੀ ਦੇ ਹਿੱਸੇ ਵਜੋਂ ਮਨਜ਼ੂਰੀ ਦਿੱਤੀ ਗਈ ਸੀ, ਜਦਕਿ ਇਸ ਦਾ ਨਿਰਮਾਣ 2024 ਵਿੱਚ ਸ਼ੁਰੂ ਹੋਇਆ ਸੀ।ਇਹ ਪਾਰਕ ਰੌਕੀ ਰਿਜ ਖੇਤਰ ਲਈ ਵੱਡੀ ਯੋਜਨਾ ਦਾ ਪਹਿਲਾ ਪੜਾਅ ਹੈ। ਇਲਾਕੇ ਵਿੱਚ ਇੱਕ ਫੀਲਡਹਾਊਸ ਬਣਾਉਣ ਦੀ ਯੋਜਨਾ ’ਤੇ ਵੀ ਕੰਮ ਚੱਲ ਰਿਹਾ ਹੈ। ਹਾਲਾਂਕਿ ਇਸ ਪ੍ਰਾਜੈਕਟ ਲਈ ਫੰਡਿੰਗ ਮਿਲਣਾ ਅਜੇ ਬਾਕੀ ਹੈ ਅਤੇ ਇਸ ਨੂੰ 2027 ਤੋਂ 2030 ਦੇ ਬਜਟ ਲਈ ਕੈਲਗਰੀ ਸਿਟੀ ਕੌਂਸਲ ਅੱਗੇ ਰੱਖੀਆਂ ਜਾਣ ਵਾਲੀਆਂ ‘ਗੇਮਪਲੈਨ’ ਤਰਜੀਹਾਂ ਵਿੱਚ ਸ਼ਾਮਲ ਕੀਤਾ ਜਾਵੇਗਾ।