ਕੈਲਗਰੀ ਵਿੱਚ ਜੀਵਨ ਦੀ ਗੁਣਵੱਤਾ ਚੰਗੀ, ਪਰ ਪਹਿਲਾਂ ਨਾਲੋਂ ਘਟੀ

A new Calgary Foundation report shows that 58 per cent of Calgarians rate their quality of life as good or excellent in 2026, down from 75 per cent in 2020.

ਕੈਲਗਰੀ ਵਿੱਚ ਜੀਵਨ ਦੀ ਗੁਣਵੱਤਾ ਚੰਗੀ, ਪਰ ਪਹਿਲਾਂ ਨਾਲੋਂ ਘਟੀ

ਕੈਲਗਰੀ-ਕੈਲਗਰੀ ਵਿੱਚ ਰਹਿਣ ਵਾਲੇ ਲੋਕਾਂ ਵੱਲੋਂ ਆਪਣੀ ਜੀਵਨ ਦੀ ਗੁਣਵੱਤਾ ਨੂੰ ਚੰਗਾ ਮੰਨਣ ਵਾਲਿਆਂ ਦੀ ਗਿਣਤੀ ਪਿਛਲੇ ਕੁਝ ਸਾਲਾਂ ਦੌਰਾਨ ਘਟੀ ਹੈ। ਕੈਲਗਰੀ ਫਾਊਂਡੇਸ਼ਨ ਦੀ 2026 ਦੀ ‘ਕੁਆਲਿਟੀ ਆਫ ਲਾਈਫ’ ਰਿਪੋਰਟ ਮੁਤਾਬਕ 58 ਫ਼ੀਸਦੀ ਲੋਕਾਂ ਨੇ ਆਪਣੀ ਜੀਵਨ ਦੀ ਗੁਣਵੱਤਾ ਨੂੰ ਚੰਗਾ ਜਾਂ ਬਹੁਤ ਵਧੀਆ ਦੱਸਿਆ ਹੈ, ਜਦਕਿ 2020 ਵਿੱਚ ਇਹ ਅੰਕੜਾ 75 ਫ਼ੀਸਦੀ ਸੀ।

ਰਿਪੋਰਟ ਮੁਤਾਬਕ 2020 ਵਿੱਚ ਸਿਰਫ਼ 5 ਫ਼ੀਸਦੀ ਲੋਕਾਂ ਨੇ ਆਪਣੀ ਜੀਵਨ ਦੀ ਗੁਣਵੱਤਾ ਨੂੰ ਔਸਤ ਤੋਂ ਘੱਟ ਜਾਂ ਮਾੜੀ ਦੱਸਿਆ ਸੀ, ਜੋ ਹੁਣ ਵਧ ਕੇ 14 ਫ਼ੀਸਦੀ ਹੋ ਗਈ ਹੈ।ਇਹ ਸਾਲਾਨਾ ਸਰਵੇਖਣ ਵੱਖ-ਵੱਖ ਵਰਗਾਂ ਨਾਲ ਸਬੰਧਤ ਬੇਤਰਤੀਬ ਢੰਗ ਨਾਲ ਚੁਣੇ ਗਏ 1,000 ਕੈਲਗਰੀ ਵਾਸੀਆਂ ’ਤੇ ਕੀਤਾ ਗਿਆ। ਸਰਵੇਖਣ ਵਿੱਚ 20 ਵਿੱਚੋਂ 19 ਮੌਕਿਆਂ ਲਈ ਗਲਤੀ ਦੀ ਸੰਭਾਵਨਾ ਲਗਭਗ 3 ਫ਼ੀਸਦੀ ਰਹੀ।

ਕੈਲਗਰੀ ਫਾਊਂਡੇਸ਼ਨ ਦੀ ਸੰਚਾਰ ਮਾਮਲਿਆਂ ਦੀ ਉਪ ਪ੍ਰਧਾਨ ਟੇਲਰ ਬੈਰੀ ਨੇ ਕੈਲਗਰੀ ਵਾਸੀਆਂ ਵੱਲੋਂ ਜੀਵਨ ਦੀ ਗੁਣਵੱਤਾ ਬਾਰੇ ਦਿੱਤੀ ਰਾਏ ਨੂੰ ‘ਅਸਮਾਨ’ ਦੱਸਿਆ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਕੁਝ ਲੋਕਾਂ ਲਈ ਜੀਵਨ ਦੀ ਗੁਣਵੱਤਾ ਦੂਜਿਆਂ ਦੇ ਮੁਕਾਬਲੇ ਕਾਫ਼ੀ ਵੱਖਰੀ ਹੈ। ਅਪਾਹਜਤਾ ਨਾਲ ਜੀ ਰਹੇ ਜਾਂ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਦਾ ਤਜਰਬਾ ਹੋਰ ਲੋਕਾਂ ਨਾਲੋਂ ਵੱਖਰਾ ਹੈ।

ਰਿਪੋਰਟ ਵਿੱਚ 86 ਫ਼ੀਸਦੀ ਲੋਕਾਂ ਨੇ ਇਸ ਗੱਲ ਨਾਲ ਸਹਿਮਤੀ ਜਤਾਈ ਕਿ ਕੈਲਗਰੀ ਅਜੇ ਵੀ ਰਹਿਣ ਲਈ ਵਧੀਆ ਸ਼ਹਿਰ ਹੈ। ਹਾਲਾਂਕਿ ਵਧ ਰਹੀਆਂ ਕੀਮਤਾਂ, ਖਾਣ-ਪੀਣ ਦੀਆਂ ਚੀਜ਼ਾਂ ਦੀ ਵਧਦੀ ਲਾਗਤ, ਖੁਰਾਕੀ ਅਸੁਰੱਖਿਆ ਅਤੇ ਸੁਰੱਖਿਆ ਨਾਲ ਜੁੜੀਆਂ ਚਿੰਤਾਵਾਂ ਲੋਕਾਂ ਦੀ ਜੀਵਨ ਗੁਣਵੱਤਾ ’ਤੇ ਦਬਾਅ ਪਾ ਰਹੀਆਂ ਹਨ।

ਰਿਪੋਰਟ ਵਿੱਚ ਕੁਝ ਸਕਾਰਾਤਮਕ ਪੱਖ ਵੀ ਸਾਹਮਣੇ ਆਏ ਹਨ। ਘਰ ਨਾਲ ਸਬੰਧਤ ਤਣਾਅ ਦਾ ਸਾਹਮਣਾ ਕਰਨ ਵਾਲੇ ਲੋਕਾਂ ਦੀ ਗਿਣਤੀ 2024 ਦੇ 28 ਫ਼ੀਸਦੀ ਤੋਂ ਘਟ ਕੇ 2026 ਵਿੱਚ 19 ਫ਼ੀਸਦੀ ਰਹਿ ਗਈ ਹੈ। ਇਸੇ ਤਰ੍ਹਾਂ ਲਗਭਗ ਦੋ-ਤਿਹਾਈ ਕਿਰਾਏਦਾਰਾਂ ਨੇ ਕਿਹਾ ਕਿ ਉਹ ਆਪਣੇ ਲਈ ਢੁਕਵਾਂ ਕਿਰਾਏ ਦਾ ਘਰ ਲੱਭ ਸਕਦੇ ਹਨ, ਜਦਕਿ 2024 ਵਿੱਚ ਇਹ ਗਿਣਤੀ ਲਗਭਗ ਅੱਧੀ ਸੀ।

ਕੈਲਗਰੀ ਛੱਡਣ ਬਾਰੇ ਸੋਚਣ ਵਾਲਿਆਂ ਦੀ ਗਿਣਤੀ ਵੀ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਹੈ। ਸਿਰਫ਼ 17 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਹ ਅਗਲੇ ਪੰਜ ਸਾਲਾਂ ਵਿੱਚ ਸ਼ਹਿਰ ਛੱਡਣ ਬਾਰੇ ਵਿਚਾਰ ਕਰ ਸਕਦੇ ਹਨ। 2021 ਵਿੱਚ ਇਹ ਅੰਕੜਾ 30 ਫ਼ੀਸਦੀ ਸੀ।18 ਤੋਂ 34 ਸਾਲ ਦੀ ਉਮਰ ਦੇ ਲਗਭਗ 90 ਫ਼ੀਸਦੀ ਲੋਕਾਂ ਨੇ ਕੈਲਗਰੀ ਨੂੰ ਰਹਿਣ ਲਈ ਵਧੀਆ ਥਾਂ ਦੱਸਿਆ। 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਇਹ ਅੰਕੜਾ 94 ਫ਼ੀਸਦੀ ਰਿਹਾ, ਜਦਕਿ 35 ਤੋਂ 64 ਸਾਲ ਦੀ ਉਮਰ ਦੇ ਲੋਕਾਂ ਵਿੱਚ ਇਹ 81 ਫ਼ੀਸਦੀ ਸੀ।

ਰਿਪੋਰਟ ਮੁਤਾਬਕ ਦੁਨੀਆ ਭਰ ਵਿੱਚ ਚੱਲ ਰਹੀ ਅਸਥਿਰਤਾ, ਵੱਖਵਾਦ ਨਾਲ ਜੁੜੇ ਸਵਾਲ, ਅਮਰੀਕਾ ਨਾਲ ਵਪਾਰਕ ਤਣਾਅ, ਨਕਲੀ ਬੁੱਧੀ ਨੂੰ ਲੈ ਕੇ ਚਿੰਤਾਵਾਂ ਅਤੇ ਇਰਾਨ ਨਾਲ ਜੰਗ ਵਰਗੇ ਮਾਮਲੇ ਵੀ ਲੋਕਾਂ ਦੀ ਜੀਵਨ ਗੁਣਵੱਤਾ ਅਤੇ ਖਰਚਿਆਂ ’ਤੇ ਅਸਰ ਪਾ ਰਹੇ ਹਨ।ਇਸ ਦੌਰਾਨ ਭਾਈਚਾਰੇ ਲਈ ਦਾਨ ਅਤੇ ਸਵੈ-ਸੇਵਾ ਵਿੱਚ ਵੀ ਕਮੀ ਆਈ ਹੈ। ਰਿਪੋਰਟ ਮੁਤਾਬਕ 34 ਫ਼ੀਸਦੀ ਕੈਲਗਰੀ ਵਾਸੀਆਂ ਨੇ ਪਿਛਲੇ ਇੱਕ ਸਾਲ ਦੌਰਾਨ ਕਿਸੇ ਸਥਾਨਕ ਚੈਰਿਟੀ ਨੂੰ ਦਾਨ ਨਹੀਂ ਦਿੱਤਾ। ਇਹ ਅੰਕੜਾ 2020 ਦੇ ਮੁਕਾਬਲੇ ਲਗਭਗ ਤਿੰਨ ਗੁਣਾ ਹੈ। ਇਸ ਤੋਂ ਇਲਾਵਾ ਅੱਧੇ ਕੈਲਗਰੀ ਵਾਸੀਆਂ ਨੇ ਪਿਛਲੇ ਸਾਲ ਕਿਸੇ ਵੀ ਤਰ੍ਹਾਂ ਦੀ ਸਵੈ-ਸੇਵਾ ਨਹੀਂ ਕੀਤੀ।

ਟੇਲਰ ਬੈਰੀ ਮੁਤਾਬਕ ਜ਼ਿਆਦਾਤਰ ਲੋਕਾਂ ਵਿੱਚ ਆਪਣੇ ਭਾਈਚਾਰੇ ਨਾਲ ਜੁੜੇ ਹੋਣ ਦੀ ਭਾਵਨਾ ਮੌਜੂਦ ਹੈ, ਪਰ ਕਈ ਕੈਲਗਰੀ ਵਾਸੀ ਅਜੇ ਵੀ ਇਕੱਲੇਪਣ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਆਰਥਿਕ ਸਮਰੱਥਾ ਘਟਣ ਕਾਰਨ ਉਨ੍ਹਾਂ ਕੋਲ ਭਾਈਚਾਰੇ ਲਈ ਸਮਾਂ ਅਤੇ ਸਰੋਤ ਦੇਣ ਦੀ ਸਮਰੱਥਾ ਵੀ ਘੱਟ ਹੋ ਰਹੀ ਹੈ।ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਈ ਚੈਰਿਟੀ ਸੰਸਥਾਵਾਂ ਨੂੰ ਇਸ ਸਮੇਂ ਵਿੱਤੀ ਕਟੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਉਨ੍ਹਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਲੋੜ ਵਧ ਰਹੀ ਹੈ।