ਵੈਨਕੂਵਰ ਪੁਲਿਸ ਵੱਲੋਂ ‘ਬਲੇਸਿੰਗ ਸਕੈਮ’ ਬਾਰੇ ਚੇਤਾਵਨੀ, ਬਜ਼ੁਰਗਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ
ਵੈਨਕੂਵਰ-ਵੈਨਕੂਵਰ ਪੁਲਿਸ ਵਿਭਾਗ (ਵੀਪੀਡੀ) ਨੇ ਲੋਕਾਂ ਨੂੰ ਇੱਕ ਨਵੇਂ ਕਿਸਮ ਦੇ ਧੋਖਾਧੜੀ ਮਾਮਲੇ, ਜਿਸ ਨੂੰ ‘ਬਲੇਸਿੰਗ ਸਕੈਮ’ ਕਿਹਾ ਜਾ ਰਿਹਾ ਹੈ, ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਪੁਲਿਸ ਮੁਤਾਬਕ ਮਈ ਦੇ ਅਖੀਰ ਤੋਂ ਹੁਣ ਤੱਕ ਅਜਿਹੀਆਂ ਘੱਟੋ-ਘੱਟ ਪੰਜ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ ਵਿੱਚ ਖ਼ਾਸ ਤੌਰ 'ਤੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।ਵੀਪੀਡੀ ਦੇ ਕਾਂਸਟੇਬਲ ਡੈਰਨ ਵੋਂਗ ਨੇ ਦੱਸਿਆ ਕਿ ਧੋਖੇਬਾਜ਼ ਬਜ਼ੁਰਗ ਲੋਕਾਂ ਨੂੰ ਡਰ ਅਤੇ ਅੰਧਵਿਸ਼ਵਾਸ ਦੇ ਆਧਾਰ 'ਤੇ ਯਕੀਨ ਦਿਵਾਉਂਦੇ ਹਨ ਕਿ ਉਨ੍ਹਾਂ ਜਾਂ ਉਨ੍ਹਾਂ ਦੇ ਪਰਿਵਾਰ ਉੱਤੇ ਕੋਈ ਬੁਰਾ ਸਾਇਆ ਜਾਂ ਬਦਕਿਸਮਤੀ ਆਉਣ ਵਾਲੀ ਹੈ। ਇਸ ਤੋਂ ਬਚਣ ਲਈ ਉਹ ਪੀੜਤਾਂ ਨੂੰ ਆਪਣੇ ਕੀਮਤੀ ਸਮਾਨ ਅਤੇ ਨਕਦੀ ਲਿਆਉਣ ਲਈ ਕਹਿੰਦੇ ਹਨ ਤਾਂ ਜੋ ਉਸ 'ਤੇ ਕਥਿਤ ਤੌਰ 'ਤੇ “ਆਸ਼ੀਰਵਾਦ” ਜਾਂ ਧਾਰਮਿਕ ਰਸਮ ਕੀਤੀ ਜਾ ਸਕੇ।
ਪੁਲਿਸ ਅਨੁਸਾਰ 6 ਜੂਨ ਨੂੰ ਮਰੀਨ ਗੇਟਵੇ ਸ਼ਾਪਿੰਗ ਮਾਲ ਨੇੜੇ ਵਾਪਰੀ ਇੱਕ ਘਟਨਾ ਵਿੱਚ ਦੋ ਮਹਿਲਾ ਸ਼ੱਕੀਆਂ ਨੇ ਇੱਕ ਔਰਤ ਨਾਲ ਗੱਲਬਾਤ ਸ਼ੁਰੂ ਕੀਤੀ ਅਤੇ ਉਸ ਨੂੰ ਦੱਸਿਆ ਕਿ ਉਸਦੇ ਪਰਿਵਾਰ 'ਤੇ ਜਲਦੀ ਕੋਈ ਮੁਸੀਬਤ ਆਉਣ ਵਾਲੀ ਹੈ। ਇਸ ਤੋਂ ਬਾਅਦ ਉਸ ਨੂੰ ਇੱਕ ਤੀਜੀ ਸ਼ੱਕੀ ਕੋਲ ਲਿਜਾਇਆ ਗਿਆ, ਜਿਸ ਨੇ ਕਥਿਤ ਰਸਮ ਲਈ ਉਸ ਨੂੰ ਘਰੋਂ ਆਪਣੀ ਨਕਦੀ ਅਤੇ ਕੀਮਤੀ ਸਮਾਨ ਲਿਆਉਣ ਲਈ ਕਿਹਾ।ਜਦੋਂ ਔਰਤ ਵਾਪਸ ਆਈ ਤਾਂ ਸ਼ੱਕੀਆਂ ਨੇ ਉਸ ਤੋਂ 15 ਹਜ਼ਾਰ ਡਾਲਰ ਨਕਦ ਅਤੇ ਇੱਕ ਸੋਨੇ ਦੀ ਅੰਗੂਠੀ ਹੜੱਪ ਲਈ। ਪੀੜਤਾ ਨੂੰ ਇਸ ਧੋਖਾਧੜੀ ਦਾ ਪਤਾ ਘਰ ਪਹੁੰਚਣ ਤੋਂ ਬਾਅਦ ਲੱਗਾ।ਕਾਂਸਟੇਬਲ ਵੋਂਗ ਨੇ ਕਿਹਾ ਕਿ ਇਹ ਅਪਰਾਧੀ ਬਜ਼ੁਰਗਾਂ ਦੀ ਭਾਵਨਾਤਮਕ ਕਮਜ਼ੋਰੀ ਦਾ ਫਾਇਦਾ ਚੁੱਕਦੇ ਹਨ ਅਤੇ ਡਰ, ਮਨੋਵਿਗਿਆਨਕ ਦਬਾਅ ਅਤੇ ਸੱਭਿਆਚਾਰਕ ਵਿਸ਼ਵਾਸਾਂ ਦੀ ਵਰਤੋਂ ਕਰਕੇ ਉਨ੍ਹਾਂ ਦੀ ਜ਼ਿੰਦਗੀ ਭਰ ਦੀ ਕਮਾਈ ਲੁੱਟ ਲੈਂਦੇ ਹਨ।ਪੁਲਿਸ ਦਾ ਕਹਿਣਾ ਹੈ ਕਿ ਭਾਵੇਂ ਇਹ ਘਟਨਾਵਾਂ ਪਹਿਲੀ ਨਜ਼ਰ ਵਿੱਚ ਬੇਤਰਤੀਬ ਲੱਗਦੀਆਂ ਹਨ, ਪਰ ਸੀਸੀਟੀਵੀ ਫੁਟੇਜ ਤੋਂ ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਪੀੜਤਾਂ ਨੂੰ ਪਹਿਲਾਂ ਤੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਵੀਪੀਡੀ ਨੇ ਸ਼ੱਕੀਆਂ ਦੀਆਂ ਵੀਡੀਓ ਅਤੇ ਤਸਵੀਰਾਂ ਜਾਰੀ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਇਨ੍ਹਾਂ ਵਿਅਕਤੀਆਂ ਨੂੰ ਪਛਾਣਦਾ ਹੈ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕਰੇ। ਨਾਲ ਹੀ ਪਰਿਵਾਰਾਂ ਨੂੰ ਆਪਣੇ ਬਜ਼ੁਰਗ ਮੈਂਬਰਾਂ ਨੂੰ ਇਸ ਤਰ੍ਹਾਂ ਦੇ ਧੋਖਿਆਂ ਬਾਰੇ ਜਾਗਰੂਕ ਕਰਨ ਦੀ ਵੀ ਅਪੀਲ ਕੀਤੀ ਗਈ ਹੈ।ਪੁਲਿਸ ਨੇ ਸਲਾਹ ਦਿੱਤੀ ਹੈ ਕਿ ਕੋਈ ਵੀ ਵਿਅਕਤੀ ਕਿਸੇ ਅਣਜਾਣ ਦੇ ਕਹਿਣ 'ਤੇ ਆਪਣੀ ਨਕਦੀ, ਗਹਿਣੇ ਜਾਂ ਹੋਰ ਕੀਮਤੀ ਸਮਾਨ ਨਾ ਦਿਖਾਵੇ ਅਤੇ ਸ਼ੱਕੀ ਗਤੀਵਿਧੀ ਦੀ ਤੁਰੰਤ ਸੂਚਨਾ ਪੁਲਿਸ ਨੂੰ ਦੇਵੇ।
















