ਓਂਟਾਰੀਓ ’ਚ ਡਰੋਨ ਰਾਹੀਂ ਐਮਰਜੈਂਸੀ ਮੈਡੀਕਲ ਸਾਮਾਨ ਪਹੁੰਚਾਉਣ ਦੀ ਪਾਇਲਟ ਯੋਜਨਾ ਸ਼ੁਰੂ
Peel Regional Paramedic Services in Ontario has launched a medical drone pilot program to deliver life-saving equipment, including AEDs, epinephrine auto-injectors and essential medications, to emergency locations while paramedics are on the way. The program aims to provide faster access to critical medical equipment, particularly in rural and remote areas.
ਓਂਟਾਰੀਓ-ਓਂਟਾਰੀਓ ਦੀ ਪੀਲ ਰੀਜਨਲ ਪੈਰਾਮੈਡਿਕ ਸਰਵਿਸਿਜ਼ ਨੇ ਐਮਰਜੈਂਸੀ ਦੌਰਾਨ ਜ਼ਿੰਦਗੀ ਬਚਾਉਣ ਵਾਲਾ ਮੈਡੀਕਲ ਸਾਮਾਨ ਮਰੀਜ਼ਾਂ ਤੱਕ ਜਲਦੀ ਪਹੁੰਚਾਉਣ ਲਈ ਡਰੋਨ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਹੈ।ਇਸ ਯੋਜਨਾ ਤਹਿਤ ਲੋੜ ਪੈਣ ’ਤੇ ਡਰੋਨ ਰਾਹੀਂ ਆਟੋਮੇਟਿਡ ਐਕਸਟਰਨਲ ਡੀਫਿਬ੍ਰਿਲੇਟਰ (ਏਈਡੀ), ਐਪੀਨੇਫ੍ਰਿਨ ਆਟੋ-ਇੰਜੈਕਟਰ ਅਤੇ ਜ਼ਰੂਰੀ ਦਵਾਈਆਂ ਮੌਕੇ ’ਤੇ ਭੇਜੀਆਂ ਜਾਣਗੀਆਂ। ਇਹ ਸਹੂਲਤ ਖਾਸ ਤੌਰ ’ਤੇ ਪੇਂਡੂ ਅਤੇ ਦੂਰ-ਦੁਰਾਡੇ ਇਲਾਕਿਆਂ ਵਿੱਚ ਐਮਰਜੈਂਸੀ ਦੌਰਾਨ ਮੈਡੀਕਲ ਸਾਮਾਨ ਤੱਕ ਜਲਦੀ ਪਹੁੰਚ ਯਕੀਨੀ ਬਣਾਉਣ ਲਈ ਤਿਆਰ ਕੀਤੀ ਗਈ ਹੈ।
ਅਧਿਕਾਰੀਆਂ ਮੁਤਾਬਕ ਡਰੋਨ ਪੈਰਾਮੈਡਿਕਸ ਦੀ ਥਾਂ ਨਹੀਂ ਲੈਣਗੇ, ਸਗੋਂ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਦੇ ਮਹੱਤਵਪੂਰਨ ਮਿੰਟਾਂ ਵਿੱਚ ਮਰੀਜ਼ਾਂ ਦੀ ਮਦਦ ਕਰਨ ਲਈ ਵਰਤੇ ਜਾਣਗੇ। 911 ’ਤੇ ਦਿਲ ਦਾ ਦੌਰਾ, ਓਪਿਓਇਡ ਓਵਰਡੋਜ਼ ਜਾਂ ਗੰਭੀਰ ਐਲਰਜੀ ਵਰਗੀ ਐਮਰਜੈਂਸੀ ਦੀ ਸੂਚਨਾ ਮਿਲਣ ’ਤੇ ਹਾਲਾਤਾਂ ਦੇ ਆਧਾਰ ’ਤੇ ਡਰੋਨ ਭੇਜਿਆ ਜਾ ਸਕਦਾ ਹੈ।ਡਰੋਨ ਰਾਹੀਂ ਸਾਮਾਨ ਪਹੁੰਚਣ ਤੋਂ ਬਾਅਦ ਐਮਰਜੈਂਸੀ ਡਿਸਪੈਚਰ ਅਤੇ ਸਿਖਲਾਈ ਪ੍ਰਾਪਤ ਪੈਰਾਮੈਡਿਕ ਮੌਕੇ ’ਤੇ ਮੌਜੂਦ ਵਿਅਕਤੀਆਂ ਨੂੰ ਫੋਨ ਰਾਹੀਂ ਇਸ ਦੀ ਵਰਤੋਂ ਕਰਨ ਬਾਰੇ ਹਦਾਇਤਾਂ ਦੇਣਗੇ। ਇਹ ਪ੍ਰੋਗਰਾਮ ਬ੍ਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਇਲਾਕਿਆਂ ਵਿੱਚ ਸੇਵਾ ਦੇਣ ਵਾਲੀ ਪੀਲ ਰੀਜਨਲ ਪੈਰਾਮੈਡਿਕ ਸਰਵਿਸਿਜ਼ ਵੱਲੋਂ ਸ਼ੁਰੂ ਕੀਤਾ ਗਿਆ ਹੈ।
















