ਕੈਨੇਡਾ-ਅਮਰੀਕਾ ਵਪਾਰ ਸਮਝੌਤੇ ’ਤੇ ਸਹਿਮਤੀ ਦੇ ਨੇੜੇ ਦੋਵੇਂ ਦੇਸ਼
ਕੈਨੇਡਾ-ਕੈਨੇਡਾ ਅਤੇ ਅਮਰੀਕਾ ਵਿਚਾਲੇ ਵਪਾਰ ਸਮਝੌਤੇ ਨੂੰ ਲੈ ਕੇ ਗੱਲਬਾਤ ਅੰਤਿਮ ਪੜਾਅ ’ਚ ਪਹੁੰਚ ਗਈ ਹੈ। ਕੈਨੇਡਾ ਦੇ ਵਪਾਰ ਮੰਤਰੀ ਡੋਮਿਨਿਕ ਲਬਲਾਂਕ ਅਤੇ ਅਮਰੀਕੀ ਵਪਾਰ ਪ੍ਰਤੀਨਿਧੀ ਜੇਮੀਸਨ ਗ੍ਰੀਅਰ ਨੇ ਵਾਸ਼ਿੰਗਟਨ ’ਚ ਲੰਬੀ ਬੈਠਕ ਕੀਤੀ।ਲਬਲਾਂਕ ਨੇ ਕਿਹਾ ਕਿ ਦੋਵੇਂ ਦੇਸ਼ ਸਮਝੌਤੇ ਦੇ ਬਹੁਤ ਨੇੜੇ ਹਨ। ਰਿਪੋਰਟਾਂ ਮੁਤਾਬਕ ਸੰਭਾਵਿਤ ਸਮਝੌਤੇ ਤਹਿਤ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ’ਤੇ ਅਮਰੀਕੀ ਟੈਰਿਫ 50 ਫੀਸਦੀ ਤੋਂ ਘਟਾ ਕੇ 25 ਫੀਸਦੀ ਕੀਤਾ ਜਾ ਸਕਦਾ ਹੈ, ਹਾਲਾਂਕਿ ਸਟੀਲ ਲਈ ਕੋਟਾ ਪ੍ਰਣਾਲੀ ਵੀ ਲਾਗੂ ਹੋ ਸਕਦੀ ਹੈ।
ਸਮਝੌਤੇ ’ਚ ਅਮਰੀਕੀ ਡੇਅਰੀ ਉਤਪਾਦਾਂ ਦੀ ਕੈਨੇਡੀਅਨ ਮਾਰਕੀਟ ’ਚ ਪਹੁੰਚ ਵਧਾਉਣ ਨਾਲ ਜੁੜੇ ਬਦਲਾਅ ਵੀ ਸੰਭਾਵਿਤ ਹਨ।ਇਸ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੂਬਿਆਂ ਨੂੰ ਅਮਰੀਕੀ ਸ਼ਰਾਬ ਮੁੜ ਸਟੋਰਾਂ ਦੀਆਂ ਸ਼ੈਲਫਾਂ ’ਤੇ ਰੱਖਣ ਦੀ ਅਪੀਲ ਕੀਤੀ ਹੈ। ਕੁਝ ਸੂਬਿਆਂ ਨੇ ਇਸ ਲਈ ਸਹਿਮਤੀ ਦਿੱਤੀ ਹੈ, ਜਦਕਿ ਮੈਨੀਟੋਬਾ ਦੇ ਪ੍ਰੀਮੀਅਰ ਵੈਬ ਕਿਨਿਊ ਨੇ ਲੋਕਾਂ ਨੂੰ ਕੈਨੇਡੀਅਨ ਉਤਪਾਦ ਖਰੀਦਣ ਦੀ ਅਪੀਲ ਕੀਤੀ ਹੈ।ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਕੈਨੇਡੀਅਨ ਅਤੇ ਅਮਰੀਕੀ ਅਧਿਕਾਰੀਆਂ ਵਿਚਾਲੇ ਗੱਲਬਾਤ ਦੇਰ ਰਾਤ ਤੱਕ ਜਾਰੀ ਰਹੀ।
















