ਅਲਬਰਟਾ ਸਰਕਾਰ ਵੱਲੋਂ ਪਰਿਵਾਰਾਂ ਲਈ 3.2 ਮਿਲੀਅਨ ਡਾਲਰ ਦਾ ਨਿਵੇਸ਼
ਐਡਮੰਟਨ: ਅਲਬਰਟਾ ਸਰਕਾਰ ਵੱਲੋਂ ਪਰਿਵਾਰਾਂ ਨੂੰ ਮੁਸ਼ਕਲ ਹਾਲਾਤਾਂ ਨਾਲ ਨਜਿੱਠਣ ਲਈ ਸੰਕਟ ਪੈਦਾ ਹੋਣ ਤੋਂ ਪਹਿਲਾਂ ਹੀ ਸਹਾਇਤਾ ਮੁਹੱਈਆ ਕਰਵਾਉਣ ਵਾਸਤੇ 3.2 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਇਸ ਤਹਿਤ ਫੈਮਿਲੀ ਰਿਸੋਰਸ ਨੈੱਟਵਰਕ (Family Resource Networks) ਪ੍ਰੋਗਰਾਮਾਂ ਲਈ ਗ੍ਰਾਂਟ ਅਰਜ਼ੀਆਂ ਮੰਗੀਆਂ ਗਈਆਂ ਹਨ। ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 29 ਸਤੰਬਰ ਹੈ।
ਇਸ ਨਵੇਂ ਨਿਵੇਸ਼ ਨਾਲ ਪੂਰੇ ਅਲਬਰਟਾ ਵਿੱਚ ਫੈਮਿਲੀ ਰਿਸੋਰਸ ਨੈੱਟਵਰਕ ਲਈ ਸਰਕਾਰ ਦਾ ਕੁੱਲ ਸਾਲਾਨਾ ਨਿਵੇਸ਼ ਵੱਧ ਕੇ 66.7 ਮਿਲੀਅਨ ਡਾਲਰ ਹੋ ਜਾਵੇਗਾ।ਫੈਮਿਲੀ ਰਿਸੋਰਸ ਨੈੱਟਵਰਕ ਸ਼ਹਿਰੀ, ਪੇਂਡੂ ਅਤੇ Indigenous ਭਾਈਚਾਰਿਆਂ ਵਿੱਚ ਪਰਿਵਾਰਾਂ ਨੂੰ ਮੁਫ਼ਤ ਸੇਵਾਵਾਂ ਪ੍ਰਦਾਨ ਕਰਦੇ ਹਨ। ਇਨ੍ਹਾਂ ਵਿੱਚ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਲਈ ਸਿੱਖਿਆ ਤੇ ਸਿਖਲਾਈ, ਘਰ-ਅਧਾਰਿਤ ਸਹਾਇਤਾ, ਛੋਟੇ ਬੱਚਿਆਂ ਅਤੇ ਨੌਜਵਾਨਾਂ ਦੇ ਵਿਕਾਸ ਨਾਲ ਸਬੰਧਤ ਗਤੀਵਿਧੀਆਂ ਅਤੇ ਥੋੜ੍ਹੇ ਸਮੇਂ ਲਈ ਭਾਈਚਾਰਕ ਮਾਨਸਿਕ ਸਿਹਤ ਸਹਾਇਤਾ ਸ਼ਾਮਲ ਹੈ।
ਸਰਕਾਰ ਮੁਤਾਬਕ ਇਨ੍ਹਾਂ ਸੇਵਾਵਾਂ ਦਾ ਮਕਸਦ ਪਰਿਵਾਰਾਂ ਨੂੰ ਮੁੜ ਇੱਕ-ਦੂਜੇ ਨਾਲ ਜੋੜਨਾ, ਉਨ੍ਹਾਂ ਦਾ ਆਤਮ-ਵਿਸ਼ਵਾਸ ਵਧਾਉਣਾ, ਪਰਿਵਾਰਕ ਰਿਸ਼ਤੇ ਮਜ਼ਬੂਤ ਕਰਨਾ ਅਤੇ ਲੋੜੀਂਦੀਆਂ ਸੇਵਾਵਾਂ ਉਨ੍ਹਾਂ ਦੇ ਘਰ ਦੇ ਨੇੜੇ ਉਪਲਬਧ ਕਰਵਾਉਣਾ ਹੈ।ਬੱਚਿਆਂ ਅਤੇ ਪਰਿਵਾਰਾਂ ਬਾਰੇ ਮੰਤਰੀ ਸਰਲ ਟਰਟਨ ਨੇ ਕਿਹਾ ਕਿ ਅਲਬਰਟਾ ਦੇ ਪਰਿਵਾਰਾਂ ਨੂੰ ਅਜਿਹੀਆਂ ਸਹਾਇਤਾ ਸੇਵਾਵਾਂ ਮਿਲਣੀਆਂ ਚਾਹੀਦੀਆਂ ਹਨ, ਜੋ ਮੁਸ਼ਕਲਾਂ ਦੇ ਗੰਭੀਰ ਸੰਕਟ ਬਣਨ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਸੰਭਾਲਣ ਵਿੱਚ ਮਦਦ ਕਰਨ। ਉਨ੍ਹਾਂ ਕਿਹਾ ਕਿ ਨਵੇਂ ਨਿਵੇਸ਼ ਨਾਲ ਬੱਚਿਆਂ, ਨੌਜਵਾਨਾਂ ਅਤੇ ਪਰਿਵਾਰਾਂ ਨੂੰ ਮਜ਼ਬੂਤ ਰਿਸ਼ਤੇ ਬਣਾਉਣ ਅਤੇ ਆਪਣੇ ਭਾਈਚਾਰਿਆਂ ਵਿੱਚ ਬਿਹਤਰ ਢੰਗ ਨਾਲ ਅੱਗੇ ਵਧਣ ਲਈ ਸਹਾਇਤਾ ਮਿਲੇਗੀ।
ਗ੍ਰਾਂਟ ਲਈ ਖਾਸ ਤੌਰ ’ਤੇ ਨੌਜਵਾਨਾਂ ਅਤੇ ਦੇਖਭਾਲ ਕਰਨ ਵਾਲਿਆਂ ਲਈ ਗਹਿਰੀ ਸਹਾਇਤਾ, ਬੱਚਿਆਂ ਦੇ ਵਿਕਾਸ ਨਾਲ ਸਬੰਧਤ ਸੇਵਾਵਾਂ ਅਤੇ ਘਰ ਵਿੱਚ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸੇਵਾਵਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਨ੍ਹਾਂ ਖੇਤਰਾਂ ਦੀ ਲੋੜ ਫੈਮਿਲੀ ਰਿਸੋਰਸ ਨੈੱਟਵਰਕ ਵੱਲੋਂ ਸੂਬੇ ਭਰ ਵਿੱਚ ਕੀਤੀ ਗਈ ਪਛਾਣ ਦੇ ਆਧਾਰ ’ਤੇ ਸਾਹਮਣੇ ਆਈ ਹੈ।
ਅਲਬਰਟਾ ਸਰਕਾਰ ਨੇ ਕਿਹਾ ਕਿ ਇਹ ਨਿਵੇਸ਼ ਫੈਮਿਲੀ ਰਿਸੋਰਸ ਨੈੱਟਵਰਕ ਲਈ ਨਵੀਂ ਪਹੁੰਚ ਦਾ ਹਿੱਸਾ ਹੈ। ਇਸ ਵਿੱਚ ਪ੍ਰੋਗਰਾਮਾਂ ਦੀ ਸਮੀਖਿਆ ਅਤੇ ਸੇਵਾ ਪ੍ਰਦਾਤਾਵਾਂ ਤੋਂ ਮਿਲੇ ਸੁਝਾਵਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਸਰਕਾਰ ਦਾ ਉਦੇਸ਼ ਸੂਬੇ ਭਰ ਵਿੱਚ ਸੇਵਾਵਾਂ ਦੀ ਬਿਹਤਰ ਤਾਲਮੇਲ ਨਾਲ ਡਿਲਿਵਰੀ ਕਰਨਾ ਅਤੇ ਸਭ ਤੋਂ ਵੱਧ ਲੋੜਵੰਦ ਬੱਚਿਆਂ, ਨੌਜਵਾਨਾਂ ਤੇ ਪਰਿਵਾਰਾਂ ਤੱਕ ਫੰਡ ਪਹੁੰਚਾਉਣਾ ਹੈ।2020 ਵਿੱਚ ਸ਼ੁਰੂ ਹੋਏ ਫੈਮਿਲੀ ਰਿਸੋਰਸ ਨੈੱਟਵਰਕ ਦਾ ਮੁੱਖ ਮਕਸਦ ਬੱਚਿਆਂ ਅਤੇ ਪਰਿਵਾਰਾਂ ਨੂੰ ਰੋਕਥਾਮ ਅਤੇ ਸ਼ੁਰੂਆਤੀ ਦਖ਼ਲਅੰਦਾਜ਼ੀ ਵਾਲੀਆਂ ਸੇਵਾਵਾਂ ਦੇ ਕੇ ਬਾਅਦ ਵਿੱਚ ਬਾਲ ਦਖ਼ਲਅੰਦਾਜ਼ੀ ਸੇਵਾਵਾਂ ਦੀ ਲੋੜ ਨੂੰ ਘਟਾਉਣਾ ਹੈ।
















